ਸਕਾਟਲੈਂਡ ''ਚ ਸਿਹਤ ਕਾਮਿਆਂ ਦਾ ਵੱਡੇ ਪੱਧਰ ''ਤੇ ਟੀਕਾਕਰਨ ਸ਼ੁਰੂ

01/17/2021 12:42:46 PM

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਵਿੱਚ ਸਿਹਤ ਵਿਭਾਗ ਨਾਲ ਸਬੰਧਿਤ ਕਰਮਚਾਰੀਆਂ ਨੂੰ ਕੋਰੋਨਾ ਵਾਇਰਸ ਟੀਕਾ ਲਗਾਉਣ ਦੀ ਪ੍ਰਕਿਰਿਆ ਵੱਡੇ ਪੱਧਰ 'ਤੇ ਸ਼ੁਰੂ ਕੀਤੀ ਗਈ ਹੈ, ਜਿਸ ਲਈ ਗਲਾਸਗੋ ਵਿੱਚ ਲੂਈਸਾ ਜੌਰਡਨ ਐਮਰਜੈਂਸੀ ਕੋਰੋਨਾਂ ਵਾਇਰਸ ਹਸਪਤਾਲ 'ਚ 5000 ਤੋਂ ਵੱਧ ਸਿਹਤ ਅਤੇ ਸਮਾਜਿਕ ਦੇਖਭਾਲ ਕਰਨ ਵਾਲੇ ਕਾਮਿਆਂ ਨੇ ਇੱਕ ਵਿਸ਼ਾਲ ਟੀਕਾਕਰਣ ਮੁਹਿੰਮ ਵਿੱਚ ਭਾਗ ਲਿਆ ਹੈ। ਇਸ ਟੀਕਾਕਰਨ ਕੇਂਦਰ ਵਿੱਚ ਸਿਹਤ ਕਾਮਿਆਂ ਨੂੰ ਸ਼ਨੀਵਾਰ ਦੇ ਦਿਨ 7:30 ਵਜੇ ਤੱਕ ਫਾਈਜ਼ਰ ਟੀਕੇ ਦੀਆਂ ਹਰ ਘੰਟੇ 500 ਤੋਂ ਵੱਧ ਖੁਰਾਕਾਂ ਦਿੱਤੀਆਂ ਜਾਣੀਆਂ ਸਨ। 

ਇਹ ਟੀਕਾਕਰਨ ਮੁਹਿੰਮ ਸਕਾਟਲੈਂਡ ਵਿੱਚ ਪਿਛਲੇ 24 ਘੰਟਿਆਂ ਦੌਰਾਨ 1,753 ਨਵੇਂ ਕੋਰੋਨਾ ਵਾਇਰਸ ਕੇਸ ਅਤੇ 78 ਮੌਤਾਂ ਦਰਜ ਹੋਣ 'ਤੇ ਸ਼ੁਰੂ ਕੀਤੀ ਗਈ ਹੈ। ਇਸ ਦੇ ਨਾਲ ਹੀ ਸ਼ੁੱਕਰਵਾਰ ਸ਼ਾਮ ਤੱਕ, 1,863 ਮਰੀਜ਼ ਹਸਪਤਾਲਾਂ ਵਿੱਚ ਦਾਖਲ ਸਨ। ਇਸ ਸ਼ੁਰੂ ਕੀਤੀ ਗਈ ਵੱਡੀ ਟੀਕਾਕਰਨ ਮੁਹਿੰਮ ਵਿੱਚ ਸਿਹਤ ਅਤੇ ਦੇਖਭਾਲ ਕਰਨ ਵਾਲੇ ਕਰਮਚਾਰੀ ਪਹਿਲੇ ਦੋ ਸਮੂਹਾਂ ਵਿੱਚ ਸ਼ਾਮਲ ਹਨ, ਜਿਹਨਾਂ ਵਿੱਚ ਕੇਅਰ ਹੋਮ ਵਸਨੀਕ ਅਤੇ ਕਮਿਊਨਿਟੀ ਦੇ 80 ਤੋਂ ਵੱਧ ਉਮਰ ਦੇ ਲੋਕ ਵੀ ਸ਼ਾਮਲ ਹਨ ਜੋ ਕਿ ਟੀਕਾ ਪ੍ਰਾਪਤ ਕਰਨ ਦੀ ਤਰਜੀਹ ਵਿੱਚ ਪਹਿਲ 'ਤੇ ਹਨ। 

ਪੜ੍ਹੋ ਇਹ ਅਹਿਮ ਖਬਰ- ਤਾਮਿਲਨਾਡੂ ਦੀ ਪਵਿੱਤਰ ਕੋਲਮ ਰੰਗੋਲੀ ਨਾਲ ਹੋਵੇਗੀ ਬਾਈਡੇਨ-ਹੈਰਿਸ ਦੇ ਸਹੁੰ ਚੁੱਕ ਸਮਾਗਮ ਦੀ ਸ਼ੁਰੂਆਤ

ਸਿਹਤ ਸਕੱਤਰ ਜੀਨ ਫ੍ਰੀਮੈਨ ਨੇ ਜਾਣਕਾਰੀ ਦਿੱਤੀ ਕਿ 70 ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਫਰਵਰੀ ਦੇ ਅੱਧ ਤੱਕ ਟੀਕਾ ਲਗਾਇਆ ਜਾਵੇਗਾ ਅਤੇ 65 ਸਾਲ ਤੋਂ ਵੱਧ ਉਮਰ ਦੇ ਅਤੇ ਸਿਹਤ ਪੱਖੋਂ ਬਹੁਤ ਕਮਜ਼ੋਰ ਲੋਕਾਂ ਨੂੰ ਮਾਰਚ ਦੇ ਸ਼ੁਰੂ ਵਿੱਚ ਟੀਕੇ ਦੀ ਖੁਰਾਕ ਦਿੱਤੀ ਜਾਵੇਗੀ। ਗਲਾਸਗੋ ਸਥਿਤ ਲੂਈਸਾ ਜੌਰਡਨ ਵਿੱਚ ਸਿਹਤ ਕਰਮਚਾਰੀਆਂ ਦਾ ਟੀਕਾਕਰਨ ਐਨ.ਐਚ.ਐਸ ਗਲਾਸਗੋ ਅਤੇ ਕਲਾਈਡ ਦੁਆਰਾ ਸਕਾਟਲੈਂਡ ਦੀ ਇਸ ਇਵੈਂਟ ਕੈਂਪਸ ਦੀ ਇਮਾਰਤ 'ਚ ਕੀਤਾ ਜਾ ਰਿਹਾ ਸੀ, ਜਿਸ ਨੂੰ ਮਹਾਮਾਰੀ ਦੇ ਦੌਰਾਨ ਐਮਰਜੈਂਸੀ ਹਸਪਤਾਲ ਵਜੋਂ ਵਰਤਣ ਲਈ ਤਬਦੀਲ ਕੀਤਾ ਗਿਆ ਹੈ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।

Vandana

This news is Content Editor Vandana