ਸਕਾਟਲੈਂਡ : ਕੋਰੋਨਾ ਤਾਲਾਬੰਦੀ ਕਾਰਨ ਇੰਟਰਨੈੱਟ ਅਪਰਾਧਾਂ ’ਚ ਹੋਇਆ ਵਾਧਾ

09/29/2021 3:26:49 PM

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)-ਸਕਾਟਲੈਂਡ ’ਚ ਕੋਰੋਨਾ ਮਹਾਮਾਰੀ ਦੌਰਾਨ ਹੋਈ ਤਾਲਾਬੰਦੀ ਕਾਰਨ ਜਿਥੇ ਹੋਰ ਅਪਰਾਧਾਂ ’ਚ ਗਿਰਾਵਟ ਦਰਜ ਕੀਤੀ ਗਈ ਹੈ, ਉੱਥੇ ਹੀ ਸਾਈਬਰ ਅਪਰਾਧ, ਜਿਸ’ਚ ਆਨਲਾਈਨ ਧੋਖਾਧੜੀ ਆਦਿ ਸ਼ਾਮਲ ਹੈ, ਪਿਛਲੇ ਸਾਲ ਲਗਭਗ ਦੁੱਗਣੇ ਹੋ ਗਏ ਹਨ। ਸਕਾਟਲੈਂਡ ’ਚ ਪੁਲਸ ਨੂੰ ਰਿਪੋਰਟ ਕੀਤੀਆਂ ਗਈਆਂ ਘਟਨਾਵਾਂ ਦੇ ਸਾਲਾਨਾ ਅੰਕੜਿਆਂ ’ਚ ਇਹ ਵੇਰਵੇ ਸਾਹਮਣੇ ਆਏ ਹਨ। ਅੰਕੜਿਆਂ ਅਨੁਸਾਰ 2020-21 ’ਚ ਕੁਲ 246,511 ਅਪਰਾਧ ਦਰਜ ਕੀਤੇ ਗਏ। ਅਪ੍ਰੈਲ 2020 ਤੋਂ ਮਾਰਚ 2021 ਤੱਕ ਚੱਲਣ ਵਾਲੇ 2020-21 ਦੇ ਅੰਕੜਿਆਂ ’ਚ ਕੋਰੋਨਾ ਵਾਇਰਸ ਨਾਲ ਸਬੰਧਤ ਕਾਨੂੰਨਾਂ ਅਧੀਨ ਦਰਜ 20,976 ਅਪਰਾਧ ਸ਼ਾਮਲ ਹਨ ਪਰ ਹੋਰ ਸਾਰੇ ਅਪਰਾਧ ਸਮੂਹਿਕ ਤੌਰ ’ਤੇ ਅੱਠ ਫੀਸਦੀ ਘੱਟ ਹੋਏ ਹਨ। ਹਾਲਾਂਕਿ, 2020-21 ’ਚ ਸਕਾਟਲੈਂਡ ਪੁਲਸ ਵੱਲੋਂ ਅੰਦਾਜ਼ਨ 14,130 ਸਾਈਬਰ ਅਪਰਾਧ ਦਰਜ ਕੀਤੇ ਗਏ, ਜੋ 2019-20 ’ਚ ਦਰਜ ਹੋਏ 7,240 ਦੇ ਮੁਕਾਬਲੇ 95 ਪ੍ਰਤੀਸ਼ਤ ਵੱਧ ਹਨ।

ਰਿਪੋਰਟ ਅਨੁਸਾਰ ਅੰਦਾਜ਼ਨ 730 ਸਾਈਬਰ ਕਰਾਈਮ ਧਮਕੀਆਂ ਅਤੇ ਜ਼ਬਰਦਸਤੀ ਸਬੰਧੀ ਸਨ, ਜੋ ਇਕ ਸਾਲ ’ਚ 152 ਫੀਸਦੀ ਵਧੇ ਹਨ। ਇਸ ਦੇ ਨਾਲ ਹੀ ਅੰਦਾਜ਼ਨ 360 ਸਾਈਬਰ ਅਪਰਾਧ ਘਰੇਲੂ ਦੁਰਵਿਵਹਾਰ (ਸਕਾਟਲੈਂਡ) ਐਕਟ ਦੇ ਅਧੀਨ ਸਨ। ਸਾਈਬਰ ਕਰਾਈਮ ’ਚ ਵਾਧੇ ਦੇ ਬਾਵਜੂਦ ਹੋਰ ਆਪਰਾਧਾਂ ’ਚ ਗਿਰਾਵਟ ਆਈ ਹੈ, ਜਿਸ ਦੇ ਤਹਿਤ ਹੱਤਿਆਵਾਂ 17 ਪ੍ਰਤੀਸ਼ਤ ਘਟ ਕੇ 100, ਹੱਤਿਆਵਾਂ ਅਤੇ ਗੰਭੀਰ ਹਮਲਿਆਂ ਦੀ ਕੋਸ਼ਿਸ਼ 14 ਪ੍ਰਤੀਸ਼ਤ ਘਟ ਕੇ 3,511, ਲੁੱਟ-ਖਸੁੱਟ ਚਾਰ ਪ੍ਰਤੀਸ਼ਤ ਘਟ ਕੇ 1,673 ਅਤੇ ਘਰੇਲੂ ਬਦਸਲੂਕੀ ਦੇ ਵਿਸ਼ੇਸ਼ ਅਪਰਾਧ ਦੋ ਪ੍ਰਤੀਸ਼ਤ ਘਟ ਕੇ 1,641 ਰਹਿ ਗਏ ਹਨ। ਇਨ੍ਹਾਂ ਦੇ ਨਾਲ ਹੀ ਬਲਾਤਕਾਰ ਅਤੇ ਬਲਾਤਕਾਰ ਦੀ ਕੋਸ਼ਿਸ਼ ਦੋ ਫੀਸਦੀ ਘੱਟ ਕੇ 2,298, ਜਿਨਸੀ ਹਮਲੇ 16 ਫੀਸਦੀ ਘਟ ਕੇ 4,154 ਅਤੇ ਵੇਸ਼ਵਾਗਿਰੀ ਨਾਲ ਜੁੜੇ ਅਪਰਾਧ 45 ਫੀਸਦੀ ਘਟ ਕੇ 56 ਦਰਜ ਹੋਏ ਹਨ। ਇਸ ਸਬੰਧੀ ਰਿਪੋਰਟ ’ਚ ਹਾਊਸ ਬ੍ਰੇਕਿੰਗ 25 ਫੀਸਦੀ ਘਟ ਕੇ 9,706, ਕਾਰ ਚੋਰੀ 14 ਫੀਸਦੀ ਘਟ ਕੇ 4,311 ਅਤੇ ਦੁਕਾਨਾਂ ਤੋਂ ਸਾਮਾਨ ਚੋਰੀ 33 ਫੀਸਦੀ ਘਟ ਕੇ 20,557 ਦਰਜ ਹੋਈ ਹੈ, ਜਦਕਿ ਅੱਗ ਲਾਉਣ ਅਤੇ ਭੰਨ-ਤੋੜ 10 ਫੀਸਦੀ ਦੀ ਗਿਰਾਵਟ ਨਾਲ 42,964 ਤੇ ਡਰੱਗਜ਼ ਅਪਰਾਧ 35,410 ਦੇ ਪੱਧਰ ’ਤੇ ਰਹੇ ਹਨ। ਇਨ੍ਹਾਂ ਤੋਂ ਇਲਾਵਾ ਕਈ ਹੋਰ ਅਪਰਾਧਿਕ ਖੇਤਰ ਵੀ ਹਨ, ਜਿਨ੍ਹਾਂ ’ਚ ਤਾਲਾਬੰਦੀ ਦੌਰਾਨ ਗਿਰਾਵਟ ਆਈ ਹੈ।


Manoj

Content Editor

Related News