ਸਕਾਟਲੈਂਡ : ਅੱਗ ਬੁਝਾਉਣ ਗਏ ਅਮਲੇ ਨੂੰ ਪਿੰਡ ’ਚ ਮਿਲਿਆ ਭੰਗ ਦਾ ਫਾਰਮ

05/13/2021 1:22:30 PM

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)-ਸਕਾਟਲੈਂਡ ਦੇ ਪੇਂਡੂ ਇਲਾਕੇ ’ਚ ਅੱਗ ਲੱਗਣ ਦੀ ਸੂਚਨਾ ਮਿਲਣ ਉਪਰੰਤ ਕਾਰਵਾਈ ਦੌਰਾਨ ਅਧਿਕਾਰੀਆਂ ਨੂੰ ਭੰਗ ਦਾ ਫਾਰਮ ਮਿਲਿਆ ਹੈ। ਸਕਾਟਿਸ਼ ਚਰਚ ਦੀ ਇੱਕ ਪੁਰਾਣੀ ਜਾਇਦਾਦ ’ਚ ਅੱਗ ਬੁਝਾਊ ਕਾਮਿਆਂ ਅਤੇ ਪੁਲਸ ਮੁਲਾਜ਼ਮਾਂ ਨੂੰ ਇੱਕ ਵਿਸ਼ਾਲ ਭੰਗ ਦਾ ਫਾਰਮ ਮਿਲਿਆ ਹੈ। ਇਸ ਸਬੰਧੀ ਪੁਲਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਬਰਡੀਨਸ਼ਾਇਰ ਦੇ ਇੱਕ ਛੋਟੇ ਜਿਹੇ ਪਿੰਡ ਲਮਸਡਨ ਦੇ ਸਕੁਆਇਰ ’ਚ ਚਰਚ ਦੀ ਜਾਇਦਾਦ ਵਿਖੇ ਸੋਮਵਾਰ ਨੂੰ ਪੁਲਸ ਨੂੰ ਅੱਗ ਲੱਗਣ ਦੀ ਸੂਚਨਾ ਦਿੱਤੀ ਗਈ, ਜਿਸ ਉਪਰੰਤ ਅੱਗ ਬੁਝਾਊ ਅਮਲੇ ਅਤੇ ਪੁਲਸ ਮੁਲਾਜ਼ਮਾਂ ਨੇ ਮੌਕੇ ’ਤੇ ਕਾਰਵਾਈ ਕਰ ਕੇ ਅੱਗ ਬੁਝਾ ਦਿੱਤੀ ਪਰ ਉਥੇ ਕਥਿਤ ਤੌਰ ’ਤੇ ਭੰਗ ਦੀ ਖੇਤੀ ਕੀਤੀ ਜਾ ਰਹੀ ਸੀ, ਜਿਸ ਦੀ ਫੋਰੈਂਸਿਕ ਅਧਿਕਾਰੀਆਂ ਵੱਲੋਂ ਜਾਂਚ ਕੀਤੀ ਗਈ।

ਤਿੰਨ ਵੱਡੇ ਸਕਿੱਪ ਪੁਲਸ ਵੱਲੋਂ ਭਰੇ ਗਏ। ਜਾਂਚ ਦੌਰਾਨ ਕੁਝ ਡੱਬਿਆਂ ’ਚ ਪੌਦਿਆਂ ਦੇ ਵੱਡੇ ਕੂੜੇ ਦੇ ਢੇਰਾਂ ਅਤੇ ਹਰੇ ਤਣਿਆਂ ਨੂੰ ਪਾਇਆ, ਜਦਕਿ ਕੁਝ ਗੰਦਗੀ ਨਾਲ ਭਰੇ ਵੱਡੇ ਬਰਤਨ ਵੀ ਬਾਹਰ ਕੱਢੇ ਗਏ। ਹਾਲਾਂਕਿ ਇਸ ਘਰ ’ਚ ਅੱਗ ਲੱਗਣ ਨਾਲ ਕੋਈ ਜ਼ਖਮੀ ਨਹੀਂ ਹੋਇਆ। ਇਸ ਬਰਾਮਦਗੀ ਤੋਂ ਬਾਅਦ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

Manoj

This news is Content Editor Manoj