ਬੱਚਿਆਂ ਨਾਲ ਹੁੰਦੀ ਕੁੱਟਮਾਰ ਵਿਰੁੱਧ ਬਿੱਲ ਲਿਆ ਸਕਦੀ ਹੈ ਇਸ ਦੇਸ਼ ਦੀ ਸਰਕਾਰ

11/04/2018 2:28:03 PM

ਐਡਿਨਬਰਾ (ਬਿਊਰੋ)— ਸਕਾਟਲੈਂਡ ਦੀ ਸੰਸਦ ਬੱਚਿਆਂ ਨਾਲ ਹੋਣ ਵਾਲੀ ਕੁੱਟਮਾਰ 'ਤੇ ਪਾਬੰਦੀ ਲਗਾਉਣ ਲਈ ਜਲਦੀ ਹੀ ਬਿੱਲ ਲਿਆ ਸਕਦੀ ਹੈ। ਇਹ ਕਾਨੂੰਨ ਬਣਾਉਣ ਲਈ ਸੰਸਦ ਮੈਂਬਰਾਂ ਦੀ ਇਕ ਕਮੇਟੀ ਨੇ ਜਨਤਾ ਦੀ ਰਾਏਸ਼ੁਮਾਰੀ ਵੀ ਕੀਤੀ। ਅਸਲ ਵਿਚ ਸਕਾਟਲੈਂਡ ਦਾ ਕਾਨੂੰਨ ਜ਼ਰੂਰੀ ਕਾਰਨਾਂ ਕਾਰਨ ਬੱਚਿਆਂ ਦੀ ਕੁੱਟਮਾਰ ਕਰਨ ਵਾਲਿਆਂ ਨੂੰ ਸੁਰੱਖਿਆ ਮੁਹੱਈਆ ਕਰਵਾਉਂਦਾ ਹੈ। ਪਰ ਹੁਣ ਮਨੁੱਖੀ ਅਧਿਕਾਰ ਸੰਗਠਨ ਬੱਚਿਆਂ ਦੇ ਅਧਿਕਾਰ ਲਈ ਅੱਗੇ ਆਇਆ ਹੈ। 

ਇਕ ਅੰਗਰੇਜ਼ੀ ਅਖਬਾਰ ਨੇ ਸਕਾਟਲੈਂਡ ਵਿਚ ਬਿੱਲ ਲਿਆਉਣ ਸਬੰਧੀ ਇਕ ਸਰਵੇ ਕੀਤਾ। ਇਸ ਵਿਚ 1024 ਵੋਟਰਾਂ ਦੀ ਰਾਏ ਲਈ ਗਈ। ਇਸ ਸਰਵੇ ਦੇ ਨਤੀਜੇ ਹੈਰਾਨ ਕਰ ਦੇਣ ਵਾਲੇ ਸਨ। ਬੱਚਿਆਂ ਦੀ ਕੁੱਟਮਾਰ ਦੀ ਪਾਬੰਦੀ ਦਾ ਸਮਰਥਨ ਕਰਨ ਦੀ ਜਗ੍ਹਾ ਜ਼ਿਆਦਾਤਰ ਲੋਕਾਂ ਨੇ ਇਸ ਨੂੰ ਜ਼ਰੂਰੀ ਦੱਸਿਆ। ਸਿਰਫ 30 ਫੀਸਦੀ ਲੋਕਾਂ ਨੇ ਹੀ ਬੱਚਿਆਂ ਦੀ ਕੁੱਟਮਾਰ 'ਤੇ ਪਾਬੰਦੀ ਦਾ ਸਮਰਥਨ ਕੀਤਾ। ਉੱਥੇ 53 ਫੀਸਦੀ ਲੋਕਾਂ ਦਾ ਮੰਨਣਾ ਸੀ ਕਿ ਮਾਤਾ-ਪਿਤਾ ਨੂੰ ਬੱਚਿਆਂ ਦੀ ਕੁੱਟਮਾਰ ਦਾ ਅਧਿਕਾਰ ਹੋਣਾ ਚਾਹੀਦਾ ਹੈ। 17 ਫੀਸਦੀ ਲੋਕਾਂ ਨੇ ਇਸ ਮਾਮਲੇ ਵਿਚ ਸਾਫ ਰਾਏ ਨਹੀਂ ਦਿੱਤੀ। ਕਰੀਬ ਇਕ ਸਾਲ ਪਹਿਲਾਂ ਹੋਏ ਅਜਿਹੇ ਹੀ ਇਕ ਸਰਵੇ ਵਿਚ ਕਰੀਬ 75 ਫੀਸਦੀ ਲੋਕਾਂ ਨੇ ਬੱਚਿਆਂ ਦੀ ਕੁੱਟਮਾਰ 'ਤੇ ਪਾਬੰਦੀ ਦਾ ਸਮਰਥਨ ਕੀਤਾ ਸੀ।

ਪੁਲਸ ਤੇ ਚਰਚ ਨੇ ਕੀਤਾ ਪਾਬੰਦੀ ਦਾ ਸਮਰਥਨ
ਸਕਾਟਿਸ਼ ਸੰਸਦ ਮੈਂਬਰ ਜੌਨ ਫਿਨੀ ਨੇ ਬੱਚਿਆਂ ਨਾਲ ਹੁੰਦੀ ਕੁੱਟਮਾਰ ਵਿਰੁੱਧ ਪਾਬੰਦੀ ਲਗਾਉਣ ਲਈ ਬਿੱਲ ਪੇਸ਼ ਕੀਤਾ ਹੈ। ਫਿਲਰਾਲ ਸਕਾਟਿਸ਼ ਪੁਲਸ ਫੈਡਰੇਸ਼ਨ, ਚਰਚ ਅਤੇ ਸੋਸਾਇਟੀ ਕੌਂਸਲ ਆਫ ਸਕਾਟਲੈਂਡ ਨੇ ਬਿੱਲ ਦਾ ਸਮਰਥਨ ਕੀਤਾ ਹੈ। ਜੇ ਸੰਸਦ ਵਿਚ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਮਾਤਾ-ਪਿਤਾ ਆਪਣੇ ਬੱਚਿਆਂ ਦੀ ਕੁੱਟਮਾਰ ਨਹੀਂ ਕਰ ਸਕਣਗੇ। ਕਮੇਟੀ ਦੀ ਇਕ ਮੈਂਬਰ ਮੈਗਵਾਇਰ ਮੁਤਾਬਕ ਇਸ ਬਿੱਲ 'ਤੇ ਬਹਿਸ ਹੋਣੀ ਸ਼ੁਰੂ ਹੋ ਗਈ ਹੈ। ਕੁਝ ਲੋਕ ਸੋਚਦੇ ਹਨ ਕਿ ਸਰੀਰਕ ਸਜ਼ਾ ਦੇਣ ਨਾਲ ਬੱਚਿਆਂ ਦੇ ਅਧਿਕਾਰ ਖਤਮ ਹੁੰਦੇ ਹਨ। ਜਦਕਿ ਕੁਝ ਲੋਕਾਂ ਦਾ ਮੰਨਣਾ ਹੈ ਕਿ ਬੱਚਿਆਂ ਦੀ ਕੁੱਟਮਾਰ ਦਾ ਅਧਿਕਾਰ ਮਾਤਾ-ਪਿਤਾ ਕੋਲ ਹੋਣਾ ਚਾਹੀਦਾ ਹੈ।

ਬੱਚਿਆਂ ਦੀ ਕੁੱਟਮਾਰ ਦਾ ਅਧਿਕਾਰ ਖੋਹਣਾ ਗਲਤ
ਇਸ ਬਿੱਲ ਦੇ ਵਿਰੋਧ ਵਿਚ ਆਵਾਜ਼ ਬੁਲੰਦ ਹੋਣ ਲੱਗੀ ਹੈ। ਸਕਾਟਲੈਂਡ ਦਾ ਇਕ ਸੰਗਠਨ 'ਬੀ ਰਿਜਨੇਬਲ' ਬਿੱਲ ਵਿਰੁੱਧ ਮੁਹਿੰਮ ਚਲਾ ਰਿਹਾ ਹੈ। ਇਸ ਸੰਗਠਨ ਦਾ ਕਹਿਣਾ ਹੈ ਕਿ ਜੇ ਬੱਚਿਆਂ ਦੀ ਕੁੱਟਮਾਰ ਵਿਰੁੱਧ ਕਾਨੂੰਨ ਬਣਾਇਆ ਜਾਂਦਾ ਹੈ ਤਾਂ ਮਾਤਾ-ਪਿਤਾ ਅਪਰਾਧੀ ਦੇ ਤੌਰ 'ਤੇ ਦੇਖੇ ਜਾਣਗੇ। ਸੰਗਠਨ ਦੇ ਬੁਲਾਰੇ ਮੁਤਾਬਕ ਦੁਨੀਆ ਭਰ ਵਿਚ ਕਰੀਬ 140 ਦੇਸ਼ ਅਜਿਹੇ ਹਨ ਜੋ ਮਾਤਾ-ਪਿਤਾ ਦੀ ਆਜ਼ਾਦੀ ਅਤੇ ਜ਼ਿੰਮੇਵਾਰੀ ਦਾ ਸਨਮਾਨ ਕਰਦੇ ਹਨ ਤਾਂ ਜੋ ਉਹ ਆਪਣ ਬੱਚਿਆਂ ਨੂੰ ਅਨੁਸ਼ਾਸਿਤ ਰੱਖ ਸਕਣ।

Vandana

This news is Content Editor Vandana