ਵਿਗਿਆਨੀਆਂ ਨੇ ਰੋਬੋਟ ਨੂੰ ਬਣਾ ਦਿੱਤਾ ਨੇਤਾ, ਸਾਲ 2020 ''ਚ ਲੜੇਗਾ ਚੋਣਾਂ

11/26/2017 4:11:26 PM

ਮੈਲਬੌਰਨ (ਭਾਸ਼ਾ)— ਵਿਗਿਆਨੀਆਂ ਨੇ ਦੁਨੀਆ ਦਾ ਪਹਿਲਾ ਨਕਲੀ ਬੁੱਧੀ ਵਾਲਾ ਸਿਆਸਤਦਾਨ ਵਿਕਸਿਤ ਕੀਤਾ ਹੈ, ਜੋ ਘਰ, ਸਿੱਖਿਆ, ਇਮੀਗਰੇਸ਼ਨ ਸੰਬੰਧੀ  ਨੀਤੀਆਂ ਜਿਹੇ ਸਥਾਨਕ ਮੁੱਦਿਆਂ 'ਤੇ ਪੁੱਛੇ ਗਏ ਸਵਾਲਾਂ ਦੇ ਜਵਾਬ ਦੇ  ਸਕਦਾ ਹੈ। ਇੰਨਾ ਹੀ ਨਹੀਂ ਉਸ ਨੂੰ ਸਾਲ 2020 ਵਿਚ ਨਿਊਜ਼ੀਲੈਂਡ ਵਿਚ ਹੋਣ ਵਾਲੀਆਂ ਆਮ ਚੋਣਾਂ ਵਿਚ ਉਮੀਦਵਾਰ ਬਣਾਉਣ ਦੀਆਂ ਤਿਆਰੀਆਂ ਵੀ ਜ਼ੋਰਾਂ 'ਤੇ ਹਨ। ਇਸ ਆਭਾਸੀ ਸਿਆਸਤਦਾਨ ਦਾ ਨਾਂ 'ਸੈਮ' (ਐੱਸ. ਏ. ਐੱਮ.) ਰੱਖਿਆ ਗਿਆ ਹੈ। 
ਇਸ ਰੋਬੋਟ ਦੇ ਰਚਨਾਕਾਰ ਨਿਊਜ਼ੀਲੈਂਡ ਦੇ 49 ਸਾਲਾ ਉਦਯੋਗਪਤੀ ਨਿਕ ਗੇਰਿਟਸਨ ਹਨ। ਉਨ੍ਹਾਂ ਨੇ ਕਿਹਾ,''ਅਜਿਹਾ ਲੱਗਦਾ ਹੈ ਕਿ ਫਿਲਹਾਲ ਰਾਜਨੀਤੀ ਵਿਚ ਬਹੁਤ ਸਾਰੇ ਪੱਖਪਾਤ ਹਨ। ਪ੍ਰਤੀਤ ਹੁੰਦਾ ਹੈ ਕਿ ਦੁਨੀਆ ਦੇ ਦੇਸ਼ ਜਲਵਾਯੂ ਪਰਿਵਰਤਨ ਅਤੇ ਸਮਾਨਤਾ ਜਿਹੇ ਜਟਿਲ ਮੁੱਦਿਆਂ ਦਾ ਹੱਲ ਨਹੀਂ ਕੱਢ ਪਾ ਰਹੇ ਹਨ।'' ਨਕਲੀ ਬੁੱਧੀ ਵਾਲਾ ਸਿਆਸਤਦਾਨ ਫੇਸਬੁੱਕ ਮੈਸੇਂਜਰ ਜ਼ਰੀਏ ਲੋਕਾਂ ਨੂੰ ਪ੍ਰਤੀਕਿਰਿਆ ਦੇਣਾ ਸਿੱਖ ਰਿਹਾ ਹੈ। ਗੇਰਿਟਸਨ ਮੰਨਦੇ ਹਨ ਕਿ ਐੱਲਗੋਰਦਿਮ ਵਿਚ ਮਨੁੱਖੀ ਪੱਖਪਾਤ ਅਸਰ ਪਾ ਸਕਦੇ ਹਨ। ਪਰ ਉਨ੍ਹਾਂ ਦੇ ਵਿਚਾਰ ਨਾਲ ਪੱਖਪਾਤ ਤਕਨਾਲਜੀ ਸੰਬੰਧੀ ਹੱਲਾਂ ਵਿਚ ਚੁਣੌਤੀ ਨਹੀਂ ਹੈ।  
ਇਕ ਸਮਾਚਾਰ ਏਜੰਸੀ ਮੁਤਾਬਕ ਪ੍ਰਣਾਲੀ ਭਾਵੇਂ ਪੂਰੀ ਤਰ੍ਹਾਂ ''ਸਹੀ'' ਨਾ ਹੋਵੇ ਪਰ ਇਹ ਕਈ ਦੇਸ਼ਾਂ ਵਿਚ ਵੱਧਦੇ ਸਿਆਸੀ ਅਤੇ ਸੱਭਿਆਚਾਰਕ ਅੰਤਰ ਨੂੰ ਭਰਨ ਵਿਚ ਸਹਾਇਕ ਹੋ ਸਕਦੀ ਹੈ। ਗੇਰਿਟਸਨ ਦਾ ਮੰਨਣਾ ਹੈ ਕਿ ਨਿਊਜ਼ੀਲੈਂਡ ਵਿਚ ਜਦੋਂ ਸਾਲ 2020 ਦੇ ਅਖੀਰ ਵਿਚ ਆਮ ਚੋਣਾਂ ਹੋਣਗੀਆਂ, ਉਦੋਂ ਤੱਕ ਸੈਮ ਇਕ ਉਮੀਦਵਾਰ ਦੇ ਤੌਰ 'ਤੇ ਮੈਦਾਨ ਵਿਚ ਉਤਰਣ ਲਈ ਤਿਆਰ ਹੋ ਜਾਵੇਗਾ।