ਵਿਗਿਆਨੀਆਂ ਦੀ ਭਵਿੱਖਬਾਣੀ : ਟੁੱਟੇਗਾ ਅਫਰੀਕਾ, ਹਿੱਲੇਗਾ ਹਿਮਾਲਿਆ

07/17/2018 4:56:52 PM

ਅਫਰੀਕਾ (ਬਿਊਰੋ)— ਧਰਤੀ ਦੇ ਅੰਦਰ ਜੋ ਹਲਚਲ ਮਚੀ ਹੈ, ਉਸ ਨੂੰ ਲੈ ਕੇ ਵਿਗਿਆਨੀਆਂ ਨੇ ਇਕ ਭਵਿੱਖਬਾਣੀ ਕੀਤੀ ਹੈ। ਇਸ ਭਵਿੱਖਬਾਣੀ ਮੁਤਾਬਕ ਅਫਰੀਕੀ ਮਹਾਂਦੀਪ ਦੋ ਹਿੱਸਿਆਂ ਵਿਚ ਟੁੱਟ ਜਾਵੇਗਾ ਅਤੇ ਹਿਮਾਲਿਆ ਦੀ ਤਸਵੀਰ ਵੀ ਬਦਲ ਜਾਵੇਗੀ।  ਵਿਗਿਆਨੀਆਂ ਮੁਤਾਬਕ ਜਿਹੜੀਆਂ ਟੈਕਟਾਨਿਕ ਪਲੇਟਾਂ 'ਤੇ ਸਾਡੇ ਮਹਾਂਦੀਪ ਸਥਿਤ ਹਨ, ਉਹ ਹੌਲੀ-ਹੌਲੀ ਖਿਸਕ ਰਹੇ ਹਨ। ਇਹ ਹਲਚਲ ਇਕ ਦਿਨ ਧਰਤੀ ਦੀ ਤਸਵੀਰ ਬਦਲ ਸਕਦੀ ਹੈ। ਇਸ ਸਾਲ ਦੀ ਸ਼ੁਰੂਆਤ ਵਿਚ ਹੀ ਪੂਰਬੀ ਅਫਰੀਕਨ ਰਿਫਟ ਘਾਟੀ ਦੇ ਕੀਨੀਆ ਵਾਲੇ ਹਿੱਸੇ ਦੀ ਜ਼ਮੀਨ 'ਤੇ ਇਕ ਦਰਾੜ ਆ ਗਈ ਹੈ। ਹਾਲਾਂਕਿ ਇਸ ਦਰਾੜ ਦਾ ਟੈਕਟਾਨਿਕ ਪਲੇਟਾਂ ਦੀ ਗਤੀਵਿਧੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਪਰ ਸ਼ੋਧ ਵਿਚ ਇਹ ਪਤਾ ਲੱਗਦਾ ਹੈ ਕਿ ਅਗਲੇ 1 ਕਰੋੜ ਸਾਲਾਂ ਵਿਚ ਅਫਰੀਕਾ ਜ਼ਬਰਦਸਤ ਰੂਪ ਵਿਚ ਬਦਲ ਜਾਵੇਗਾ, ਜਿਸ ਨਾਲ ਨਵੇਂ ਮਹਾਂਦੀਪ ਅਤੇ ਪਰਬਤ ਲੜੀਆਂ ਦਾ ਜਨਮ ਹੋਵੇਗਾ।
ਵਿਗਿਆਨੀਆਂ ਨੇ ਕੀਤੀ ਇਹ ਭਵਿੱਖਬਾਣੀ
1.  ਪੂਰਬੀ ਅਫਰੀਕਾ ਦੇ ਹੋਣਗੇ ਦੋ ਹਿੱਸੇ 
ਇਕ ਕਰੋੜ ਸਾਲ ਬਾਅਦ ਪੂਰਬੀ ਅਫਰੀਕਾ ਬਾਕੀ ਮਹਾਂਦੀਪ ਨਾਲੋਂ ਵੱਖ ਹੋ ਜਾਵੇਗਾ। ਪੂਰਬੀ ਰਿਫਟ ਘਾਟੀ ਦੇ ਨਾਲ ਅਫਰੀਕੀ ਮਹਾਂਦੀਪ ਦੋ ਹਿੱਸਿਆਂ ਵਿਚ ਵੰਡਿਆ ਜਾਵੇਗਾ, ਜਿਨ੍ਹਾਂ ਵਿਚੋਂ ਇਕ ਹਿੱਸਾ ਸੋਮਾਲੀ ਪਲੇਟ ਅਤੇ ਦੂਜਾ ਨਿਊਬਿਯਨ ਪਲੇਟ ਹੋਵੇਗਾ।
2. ਪੱਛਮੀ ਏਸ਼ੀਆ ਵਿਚ ਨਵੇਂ ਪਰਬਤ
ਪੂਰਬੀ ਅਫਰੀਕੀ ਹਿੱਸੇ ਦੇ ਵੱਖ ਹੋਣ ਦੇ ਨਤੀਜੇ ਵਜੋਂ ਅਫਰੀਕਾ ਦੇ ਵੰਡੇ ਜਾਣ ਨਾਲ ਅਰੇਬੀਅਨ ਪਲੇਟ ਯੂਰੇਸ਼ੀਅਨ ਪਲੇਟ ਵਿਚ ਜਾਵੇਗਾ, ਜਿਸ ਨਾਲ ਸਧਾਰਨ ਜ਼ਮੀਨ ਪਰਬਤ ਦਾ ਰੂਪ ਲੈ ਲਵੇਗੀ।
3. ਹਿੰਦ ਮਹਾਸਾਗਰ 'ਚ ਨਵੇਂ ਟਾਪੂ
ਸੋਮਾਲੀ ਅਤੇ ਭਾਰਤੀ-ਆਸਟ੍ਰੇਲੀਆਈ ਪਲੇਟਾਂ ਦੇ ਟਕਰਾਉਣ ਨਾਲ ਹਿੰਦ ਮਹਾਸਾਗਰ ਵਿਚ ਨਵੇਂ ਟਾਪੂ ਬਣਨਗੇ।
4. ਖਿਸਕ ਜਾਵੇਗਾ ਹਿਮਾਲਿਆ
ਭਾਰਤ-ਆਸਟ੍ਰੇਲੀਆ ਪਲੇਟ ਜਦੋਂ ਉੱਤਰ ਵਿਚ ਯੂਰੇਸ਼ੀਅਨ ਪਲੇਟ ਵੱਲ ਜਾਵੇਗੀ ਤਾਂ ਹਰ ਸਾਲ ਹਿਮਾਲਿਆ ਪਰਬਤ ਸ਼੍ਰੇਣੀ 1 ਸੈਂਟੀਮੀਟਰ ਵਧੇਗੀ ਅਤੇ ਇਹ ਦੱਖਣ ਵੱਲ ਫੈਲੇਗੀ। ਸਾਲ 2012 ਵਿਚ ਹੋਈ ਇਕ ਸਟੱਡੀ ਵਿਚ ਪਤਾ ਚੱਲਿਆ ਸੀ ਕਿ ਭਾਰਤੀ ਪਲੇਟ ਦੀ ਉੱਤਰੀ ਦਿਸ਼ਾ ਵਿਚ ਗਤੀਵਿਧੀ ਹੌਲੀ ਹੋ ਰਹੀ ਹੈ ਅਤੇ ਇਹ ਅਗਲੇ 2 ਕਰੋੜ ਸਾਲਾਂ ਵਿਚ ਰੁੱਕ ਜਾਵੇਗੀ।
5. ਇੰਝ ਟੁੱਟ ਕੇ ਵੱਖ ਹੋਵੇਗੀ ਪੂਰਬੀ ਅਫਰੀਕੀ ਘਾਟੀ
ਪੂਰਬੀ ਅਫਰੀਕਨ ਘਾਟੀ ਦੋ ਟੈਕਟਾਨਿਕ ਪਲੇਟਾਂ ਵਿਚਕਾਰ ਹੈ। ਆਮ ਤੌਰ 'ਤੇ ਦਰਾੜਾਂ ਮਹਾਦੀਪਾਂ ਦੇ ਟੁੱਟਣ ਦਾ ਸੰਕੇਤ ਦਿੰਦੀਆਂ ਹਨ। ਜਿਵੇਂ-ਜਿਵੇਂ ਦਰਾੜਾਂ ਵੱਧਦੀਆਂ ਹਨ, ਜ਼ਮੀਨ ਦਾ ਉੱਪਰੀ ਹਿੱਸਾ ਪਤਲਾ ਹੁੰਦਾ ਜਾਂਦਾ ਹੈ। ਇਕ ਵਾਰ ਦਰਾੜ ਮਹਾਦੀਪ ਨੂੰ ਦੋ ਹਿੱਸਿਆਂ ਵਿਚ ਵੰਡ ਦੇਵੇਗੀ ਤਾਂ ਇਸ ਦੀ ਖਾਲੀ ਜਗ੍ਹਾ ਵਿਚ ਮਹਾਸਾਗਰ ਦਾ ਪਾਣੀ ਭਰ ਜਾਵੇਗਾ ਅਤੇ ਹਿੰਦ ਮਹਾਸਾਗਰ ਵਿਚ ਇਕ ਨਵੇਂ ਟਾਪੂ ਦਾ ਨਿਰਮਾਣ ਹੋਵੇਗਾ।
ਇੱਥੇ ਦੱਸਣਯੋਗ ਹੈ ਕਿ ਪੂਰਬੀ ਅਫਰੀਕੀ ਰਿਫਟ ਘਾਟੀ ਜ਼ਿੰਮਬਾਵੇ ਤੋਂ ਲੈ ਕੇ ਅਦਨ ਦੀ ਖਾੜੀ ਤੱਕ 3 ਹਜ਼ਾਰ ਕਿਲੋਮੀਟਰ ਦੇ ਦਾਇਰੇ ਵਿਚ ਫੈਲੀ ਹੈ, ਜਿੱਥੋਂ ਦੀ ਅਫਰੀਕੀ ਮਹਾਦੀਪ ਦੋ ਟੈਕਟਾਨਿਕ ਪਲੇਟਾਂ ਵਿਚ ਵੰਡਣ ਦੀ ਪ੍ਰਕਿਰਿਆ ਵਿਚ ਹੈ।


Related News