ਆਸਟ੍ਰੇਲੀਆ ਦੇ ਵੱਡੀ ਉਮਰ ਦੇ ਵਿਗਿਆਨੀ ਇੱਛਾ ਮੌਤ ਲਈ ਸਵਿਟਜ਼ਰਲੈਂਡ ਹੋਏ ਰਵਾਨਾ

05/03/2018 1:12:47 PM

ਪਰਥ— ਆਸਟ੍ਰੇਲੀਆ ਦੇ ਵੱਡੀ ਉਮਰ ਦੇ ਵਿਗਿਆਨੀ ਨੇ ਆਪਣੀ ਜੀਵਨ ਲੀਲਾ ਖਤਮ ਕਰਨ ਦਾ ਫੈਸਲਾ ਕਰ ਲਿਆ ਹੈ ਅਤੇ ਆਪਣੀ ਇਸ ਜਿੱਦ ਨੂੰ ਪੂਰਾ ਕਰਨ ਲਈ ਉਹ ਸਵਿਟਜ਼ਰਲੈਂਡ ਰਵਾਨਾ ਹੋ ਗਏ ਹਨ। ਇਸ ਵਿਗਿਆਨੀ ਦਾ ਨਾਂ ਹੈ, ਡੇਵਿਡ ਗੂਡਾਲ, ਜੋ ਕਿ 104 ਸਾਲਾ ਦੇ ਹਨ। ਗੂਡਾਲ ਦਾ ਕਹਿਣਾ ਹੈ ਕਿ ਉਹ ਹੁਣ ਜਿਊਣਾ ਨਹੀਂ ਚਾਹੁੰਦੇ ਅਤੇ ਆਪਣੀ ਇੱਛਾ ਨਾਲ ਮਰਨਾ ਚਾਹੁੰਦੇ ਹਨ। ਗੂਡਾਲ ਦੀ ਇੱਛਾ ਹੈ ਕਿ ਉਹ ਸਵਿਟਜ਼ਰਲੈਂਡ 'ਚ ਜਾ ਕੇ ਆਖਰੀ ਸਾਹ ਲੈਣ, ਇਸ ਲਈ ਉਨ੍ਹਾਂ ਨੇ ਇੱਛਾ ਮੌਤ ਦਾ ਰਾਹ ਚੁਣਿਆ। 
ਗੂਡਾਲ ਬੁੱਧਵਾਰ ਨੂੰ ਪਰਥ ਹਵਾਈ ਅੱਡੇ 'ਤੇ ਪਹੁੰਚੇ ਅਤੇ ਜਹਾਜ਼ ਵਿਚ ਸਵਾਰ ਹੋਏ। ਉਨ੍ਹਾਂ ਨੂੰ ਅੰਤਿਮ ਵਿਦਾਈ ਦੇਣ ਉਨ੍ਹਾਂ ਦੇ ਦੋਸਤ ਅਤੇ ਪਰਿਵਾਰ ਦੇ ਮੈਂਬਰ ਆਏ ਸਨ। ਵ੍ਹੀਲਚੇਅਰ 'ਤੇ ਬੈਠੇ ਗੂਡਾਲ ਨੇ ਆਪਣੇ ਪੋਤੇ ਨਾਲ ਗੱਲ ਕਰਦਿਆਂ ਕਿਹਾ ਕਿ 'ਗੁੱਡ ਬਾਏ ਮਾਈ ਸਨ'। ਮੈਨੂੰ ਬੁਢਾਪਾ ਆ ਚੁੱਕਾ ਹੈ ਅਤੇ ਇਸ ਲਈ ਮੈਂ ਹੁਣ ਜਿਊਣਾ ਨਹੀਂ ਚਾਹੁੰਦਾ।

ਗੂਡਾਲ ਨੂੰ 10 ਮਈ ਨੂੰ ਇੱਛਾ ਮੌਤ ਦਿੱਤੀ ਜਾਵੇਗੀ। ਆਸਟ੍ਰੇਲੀਆ ਤੋਂ ਰਵਾਨਾ ਹੋਣ ਤੋਂ ਪਹਿਲਾਂ ਉਨ੍ਹਾਂ ਨੇ ਇਕ ਨਿਊਜ਼ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਸਵਿਟਜ਼ਰਲੈਂਡ ਨਹੀਂ ਜਾਣਾ ਚਾਹੁੰਦਾ, ਹਾਲਾਂਕਿ ਉਹ ਚੰਗਾ ਦੇਸ਼ ਹੈ ਪਰ ਇੱਛਾ ਮੌਤ ਲਈ ਮੈਨੂੰ ਉੱਥੇ ਜਾਣਾ ਹੋਵੇਗਾ ਕਿਉਂਕਿ ਆਸਟ੍ਰੇਲੀਆਈ ਕਾਨੂੰਨ ਇੱਛਾ ਮੌਤ ਦੀ ਇਜਾਜ਼ਤ ਨਹੀਂ ਦਿੰਦਾ ਹੈ। ਮੈਂ ਬਹੁਤ ਨਾਰਾਜ਼ ਹਾਂ, ਜਿਸ ਕਾਰਨ ਉਨ੍ਹਾਂ ਨੇ ਇਸ ਮਾਮਲੇ ਨੂੰ ਆਪਣੇ ਹੱਥਾਂ ਵਿਚ ਲੈ ਲਿਆ ਹੈ।