ਸਕੂਲ ਗੋਲੀਬਾਰੀ ਕਾਂਡ : ਦੋਸ਼ੀ ਕਈ ਦਿਨਾਂ ਤੋਂ ਕਰ ਰਿਹਾ ਸੀ ਹਮਲੇ ਦੀ ਤਿਆਰੀ

02/16/2018 8:46:30 PM

ਵਾਸ਼ਿੰਗਟਨ— ਅਮਰੀਕਾ ਦੇ ਮੇਰਜਰੀ ਸਟੋਨਮੈਨ ਡਗਲਸ ਹਾਈ ਸਕੂਲ 'ਚ ਹੋਈ ਗੋਲੀਬਾਰੀ ਨੇ ਇਕ ਵਾਰ ਸਾਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ। ਸਕੂਲ ਦੇ ਸਾਬਕਾ ਵਿਦਿਆਰਥੀ ਨੇ ਸਕੂਲ 'ਚ ਅਚਾਨਕ ਦਾਖਲ ਹੋ ਕੇ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ, ਜਿਸ ਦੌਰਾਨ 17 ਲੋਕਾਂ ਦੀ ਮੌਤ ਹੋ ਗਈ ਤੇ ਕਈ ਹੋਰ ਲੋਕ ਗੰਭੀਰ ਜ਼ਖਮੀ ਹੋ ਗਏ। ਜਾਂਚ ਦੌਰਾਨ ਪੁਲਸ ਦੇ ਸਾਹਮਣੇ ਇਕ ਵੀਡੀਓ ਵੀ ਆਇਆ, ਜਿਸ 'ਚ ਉਹ ਟਾਰਗੇਟ ਪ੍ਰੈਕਟਿਸ ਕਰਦਾ ਦਿਖਾਈ ਦੇ ਰਿਹਾ ਹੈ।


ਕਈ ਸੀਨੀਅਰ ਸੁਰੱਖਿਆ ਅਧਿਕਾਰੀ ਮਾਮਲੇ ਦੀ ਜਾਂਚ 'ਚ ਲੱਗੇ ਹੋਏ ਹਨ। ਅਜਿਹੇ 'ਚ ਕਈ ਤਰ੍ਹਾਂ ਦੇ ਸਬੂਤ ਪੁਲਸ ਦੇ ਸਾਹਮਣੇ ਆ ਰਹੇ ਹਨ। ਪੁਲਸ ਨੂੰ ਇਕ ਵੀਡੀਓ ਵੀ ਮਿਲੀ ਹੈ, ਜਿਸ 'ਚ 19 ਸਾਲਾਂ ਹਮਲਾਵਰ ਨਿਕੋਲਸ ਕਰੂਜ਼ ਸ਼ੂਟਿੰਗ ਦੀ ਪ੍ਰੈਕਟਿਸ ਕਰਦਾ ਦਿਖਾਈ ਦੇ ਰਿਹਾ ਹੈ। ਇਹ ਵੀਡੀਓ ਉਸ ਦੇ ਇਕ ਗੁਆਂਢੀ ਨੇ ਸਕੂਲ ਹਮਲੇ ਤੋਂ ਕੁਝ ਦਿਨ ਪਹਿਲਾਂ ਬਣਾਈ ਸੀ।

ਇਸ ਤੋਂ ਇਲਾਵਾ ਪੁਲਸ ਨੇ ਨਿਕੋਲਸ ਦੇ ਇੰਸਟਾਗ੍ਰਾਮ ਪੇਜ ਦੀ ਵੀ ਜਾਂਚ ਕੀਤੀ, ਜਿਸ 'ਚ ਨਿਕੋਲਸ ਕਈ ਤਰ੍ਹਾਂ ਦੇ ਹਥਿਆਰਾਂ ਨਾਲ ਦਿਖਾਈ ਦੇ ਰਿਹਾ ਹੈ।

ਨਿਕੋਲਸ ਦੇ ਇਕ ਸਾਬਕਾ ਦੋਸਤ ਨੇ ਇਹ ਵੀ ਖੁਲਾਸਾ ਕੀਤਾ ਕਿ ਉਸ ਨੇ ਹਥਿਆਰਾਂ ਦੀ ਵਰਤੋਂ ਸਬੰਧੀ ਟ੍ਰੇਨਿੰਗ ਤੇ ਅਮਰੀਕੀ ਆਰਮੀ ਦੇ ਜੂਨੀਅਰ ਅਧਿਕਾਰੀਆਂ ਦੇ ਨਾਲ ਮਾਰਕਮੈਨਸ਼ਿਪ ਦਾ ਕੋਰਸ ਵੀ ਕੀਤਾ ਹੈ। 


ਜ਼ਿਕਰਯੋਗ ਹੈ ਕਿ ਨਿਕੋਲਸ ਨੂੰ ਬ੍ਰੋਵਾਰਡ ਕੰਟਰੀ ਸਕੂਲ 'ਚੋਂ ਗਲਤ ਆਦਤਾਂ ਅਤੇ ਗਲਤ ਵਰਤਾਓ ਕਾਰਨ ਕੱਢ ਦਿੱਤਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਵਿਦਿਆਰਥੀ ਨੇ ਗੁੱਸੇ 'ਚ ਆ ਕੇ ਇਹ ਫਾਇਰਿੰਗ ਕੀਤੀ। ਦੋਸ਼ੀ ਨੂੰ ਸਕੂਲ ਦੀ ਹਰ ਚੀਜ਼ ਬਾਰੇ ਚੰਗੀ ਤਰ੍ਹਾਂ ਪਤਾ ਸੀ।ਘਟਨਾ ਤੋਂ ਬਾਅਦ ਫਲੋਰਿਡਾ ਦੇ ਗਵਰਨਰ ਰਿਕ ਸਕਾਟ ਨੇ ਦੱਸਿਆ ਕਿ ਉਨ੍ਹਾਂ ਨੇ ਗੋਲੀਬਾਰੀ ਨੂੰ ਲੈ ਕੇ ਰਾਸ਼ਟਰਪਤੀ ਟਰੰਪ ਨਾਲ ਗੱਲਬਾਤ ਵੀ ਕੀਤੀ ਹੈ। ਰਾਸ਼ਟਰਪਤੀ ਟਰੰਪ ਨੇ ਇਸ ਘਟਨਾ ਬਾਰੇ ਟਵਿੱਟਰ 'ਤੇ ਪੀੜਤ ਪਰਿਵਾਰਾਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ।