'ਨਿਕਾਹਨਾਮੇ' 'ਚ ਡਰਾਈਵਿੰਗ ਦੀ ਸ਼ਰਤ ਵੀ ਰੱਖ ਰਹੀਆਂ ਨੇ ਸਾਊਦੀ ਦੀਆਂ ਔਰਤਾਂ

06/24/2019 2:13:27 PM

ਰਿਆਦ— ਸਾਊਦੀ ਅਰਬ ਨੇ ਕਾਨੂੰਨੀ ਤੌਰ 'ਤੇ ਭਾਵੇਂ ਹੀ ਔਰਤਾਂ ਨੂੰ ਗੱਡੀ ਚਲਾਉਣ ਦੀ ਇਜਾਜ਼ਤ ਦੇ ਦਿੱਤੀ ਹੈ ਪਰ ਇਸ ਅਧਿਕਾਰ ਦੀ ਵਰਤੋਂ ਕਰਦੇ ਹੋਏ ਕਦੇ ਕੋਈ ਰੋੜਾ ਨਾ ਅਟਕਾਵੇ ਇਸੇ ਲਈ ਇਹ ਨਿਸ਼ਚਿਤ ਕਰਨ ਲਈ ਔਰਤਾਂ ਕਾਰ ਰੱਖਣ ਅਤੇ ਚਲਾਉਣ ਦੇ ਅਧਿਕਾਰ ਨੂੰ ਆਪਣੇ ਨਿਕਾਹ ਦੀਆਂ ਸ਼ਰਤਾਂ 'ਚ ਸ਼ਾਮਲ ਕਰਵਾ ਰਹੀਆਂ ਹਨ। ਦਮਮ ਦੇ ਰਹਿਣ ਵਾਲੇ ਸੇਲਸਮੈਨ ਮਾਜਦ ਨੇ ਹਾਲ ਹੀ 'ਚ ਆਪਣੇ ਨਿਕਾਹ ਦੀਆਂ ਸ਼ਰਤਾਂ ਬਾਰੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਕਿਵੇਂ ਉਨ੍ਹਾਂ ਦੀ ਮੰਗੇਤਰ ਨੇ ਸ਼ਰਤ ਰੱਖੀ ਹੈ ਕਿ ਉਹ ਕਦੇ ਉਸ ਨੂੰ ਗੱਡੀ ਚਲਾਉਣ ਤੋਂ ਨਹੀਂ ਰੋਕਣਗੇ।

ਅਸਲ 'ਚ ਸਾਊਦੀ ਅਰਬ 'ਚ ਨਿਕਾਹ ਦੀਆਂ ਸ਼ਰਤਾਂ ਦੀ ਵਰਤੋਂ ਔਰਤਾਂ ਤੇ ਮਰਦ ਆਪਣੇ ਕੁੱਝ ਖਾਸ ਅਧਿਕਾਰਾਂ ਨੂੰ ਸੁਰੱਖਿਅਤ ਕਰਨ ਲਈ ਕਰਦੇ ਹਨ। ਸਾਊਦੀ ਅਰਬ 'ਚ ਔਰਤਾਂ ਨੂੰ ਸਾਧਾਰਣ ਤੌਰ 'ਤੇ ਆਪਣੇ ਪਤੀ, ਪਿਤਾ ਜਾਂ ਕਿਸੇ ਹੋਰ ਦੀਆਂ ਸਾਰੀਆਂ ਸ਼ਰਤਾਂ ਮੰਨਣ ਲਈ ਮਜ਼ਬੂਰ ਹੋਣਾ ਪੈਂਦਾ ਹੈ ਤੇ ਉਹ ਕਾਨੂੰਨ ਦੀ ਮਦਦ ਵੀ ਨਹੀਂ ਲੈ ਸਕਦੀਆਂ। ਪਰ ਪੁਰਸ਼ ਜੇਕਰ ਨਿਕਾਹਨਾਮੇ 'ਚ ਲਿਖੀ ਕਿਸੇ ਸ਼ਰਤ ਦਾ ਉਲੰਘਣ ਕਰਦਾ ਹੈ ਤਾਂ ਔਰਤਾਂ ਇਸ ਆਧਾਰ 'ਤੇ ਉਸ ਨਾਲ ਤਲਾਕ ਲੈ ਸਕਦੀਆਂ ਹਨ। ਹੁਣ ਤਕ ਔਰਤਾਂ ਨਿਕਾਹਨਾਮੇ ਦੀ ਵਰਤੋਂ ਆਪਣੇ ਲਈ ਘਰ, ਨੌਕਰਾਣੀ ਰੱਖਣ, ਅੱਗੇ ਪੜ੍ਹਾਈ ਜਾਰੀ ਰੱਖਣ ਜਾਂ ਵਿਆਹ ਮਗਰੋਂ ਵੀ ਨੌਕਰੀ ਕਰਦੇ ਰਹਿਣ ਵਰਗੀਆਂ ਸ਼ਰਤਾਂ ਰੱਖਣ ਲਈ ਕਰਦੀਆਂ ਸਨ ਪਰ ਹੁਣ ਡਰਾਈਵਿੰਗ ਦਾ ਅਧਿਕਾਰ ਵੀ ਇਸ 'ਚ ਜੁੜ ਰਿਹਾ ਹੈ।