...ਜਦੋਂ ਸਕੂਲ ਦੀ ਕਿਤਾਬ ''ਚ ''ਸਟਾਰ ਵਾਰਜ਼'' ਦੇ ਕਰੈਕਟਰ ਨਾਲ ਛਾਪ ਦਿੱਤੀ ਸਾਬਕਾ ਸ਼ਾਸਕ ਦੀ ਤਸਵੀਰ

09/24/2017 7:22:31 AM

ਰਿਆਦ— ਸੋਸ਼ਲ ਮੀਡੀਆ 'ਤੇ ਮਜ਼ਾਕ ਬਣਨ ਮਗਰੋਂ ਸਾਊਦੀ ਅਰਬ ਨੂੰ ਆਪਣੀ ਇਕ ਵੱਡੀ ਗਲਤੀ ਦਾ ਅਹਿਸਾਸ ਹੋਇਆ ਹੈ। ਦਰਅਸਲ ਦੇਸ਼ ਦੇ ਸਕੂਲਾਂ ਵਿਚ ਪੜ੍ਹਾਈ ਜਾਣ ਵਾਲੀ ਇਕ ਕਿਤਾਬ ਵਿਚ ਗਲਤੀ ਨਾਲ ਇਕ ਫਰਜ਼ੀ ਤਸਵੀਰ ਪ੍ਰਕਾਸ਼ਿਤ ਕਰ ਦਿੱਤੀ ਗਈ, ਜਿਸ ਵਿਚ ਦੇਸ਼ ਦੇ ਸਾਬਕਾ ਸ਼ਾਸਕ 'ਸਟਾਰ ਵਾਰਜ਼' ਦੇ ਇਕ ਕਰੈਕਟਰ ਦੇ ਨਾਲ ਬੈਠੇ ਦਿਖਾਈ ਦੇ ਰਹੇ ਹਨ।  ਕਾਹਲੀ-ਕਾਹਲੀ 'ਚ ਸ਼ੁੱਕਰਵਾਰ ਨੂੰ ਸਾਊਦੀ ਅਰਬ ਦੀ ਸਰਕਾਰ ਨੇ ਇਸ ਕਿਤਾਬ ਨੂੰ ਵਾਪਸ ਮੰਗਵਾਉਣ ਦਾ ਹੁਕਮ ਜਾਰੀ ਕਰ ਦਿੱਤਾ ਹੈ।
ਦਰਅਸਲ ਇਹ ਬਲੈਕ ਐਂਡ ਵ੍ਹਾਈਟ ਤਸਵੀਰ 1945 ਦੀ ਹੈ, ਜਿਸ ਵਿਚ ਦੇਸ਼ ਦੇ ਤੀਸਰੇ ਸ਼ਾਸਕ ਕਿੰਗ ਫੈਸਲ ਯੂ.ਐੱਨ. ਚਾਰਟਰ 'ਤੇ ਦਸਤਖਤ ਕਰਦੇ ਦਿਸਦੇ ਹਨ। ਦਰਅਸਲ ਤਸਵੀਰ 'ਚ ਛੇੜਛਾੜ ਕਰਦੇ ਹੋਏ ਇਸ ਵਿਚ 'ਸਟਾਰ ਵਾਰਜ਼' ਦੇ ਇਕ ਮਸ਼ਹੂਰ ਕਰੈਕਟਰ (ਯੋਧਾ) ਨੂੰ ਵੀ ਬਿਠਾ ਦਿੱਤਾ ਗਿਆ। ਕਿਤਾਬ ਪ੍ਰਕਾਸ਼ਿਤ ਹੋਣ ਮਗਰੋਂ ਸੋਸ਼ਲ  ਮੀਡੀਆ 'ਤੇ ਲੋਕ ਇਸ ਨੂੰ ਸ਼ੇਅਰ ਕਰਨ ਲੱਗੇ ਅਤੇ ਸਾਊਦੀ ਸਰਕਾਰ ਦਾ ਮਜ਼ਾਕ ਉਡਾਉਣ ਲੱਗੇ। 
ਵਰਨਣਯੋਗ ਹੈ ਕਿ ਛੇੜਛਾੜ ਕੀਤੀ ਗਈ ਤਸਵੀਰ ਨੂੰ 26 ਸਾਲ ਦੇ ਸਾਊਦੀ ਕਲਾਕਾਰ ਅਬਦੁੱਲਾ ਅਲ ਸ਼ਹਿਰੀ ਨੇ ਬਣਾਇਆ ਸੀ ਜੋ ਇਤਿਹਾਸਿਕ ਤਸਵੀਰਾਂ 'ਚ ਪੌਪ ਕਲਚਰ ਆਈਕਾਂਸ ਦੀ ਮਿਕਸਿੰਗ ਕਰਨ ਲਈ ਮਸ਼ਹੂਰ ਹੈ। ਸਾਊਦੀ ਅਰਬ ਦੇ ਸਿੱਖਿਆ ਮੰਤਰੀ ਨੇ ਟਵਿਟਰ 'ਤੇ ਕਿਹਾ, ''ਸਿੱਖਿਆ ਮੰਤਰਾਲਾ ਨੂੰ ਭੁਲੇਖੇ 'ਚ ਹੋਈ ਇਸ ਗਲਤੀ ਲਈ ਬੜਾ ਅਫਸੋਸ ਹੈ। ਉਨ੍ਹਾਂ ਦੱਸਿਆ ਕਿ ਮੰਤਰਾਲਾ ਨੇ ਕਿਤਾਬਾਂ ਨੂੰ ਵਾਪਸ ਮੰਗਵਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਦੇ ਨਾਲ ਹੀ ਸਹੀ ਵਰਸ਼ਨ ਨੂੰ ਪ੍ਰਕਾਸ਼ਿਤ ਵੀ ਕੀਤਾ ਜਾ ਰਿਹਾ ਹੈ।