ਸਾਊਦੀ ਦੇ ਸ਼ਾਹ ਨੇ ਤੀਰਥਯਾਤਰੀਆਂ ਲਈ ਕਤਰ ਦੀਆਂ ਸਰਹੱਦਾਂ ਦੁਬਾਰਾ ਖੋਲ੍ਹਣ ਦਾ ਦਿੱਤਾ ਹੁਕਮ

08/17/2017 11:22:49 AM

ਰਿਆਦ— ਸਾਊਦੀ ਅਰਬ ਦੇ ਸ਼ਾਹ ਸਲਮਾਨ ਨੇ ਕਤਰ ਨਾਲ ਲੱਗਦੀਆਂ ਆਪਣੀਆਂ ਸਰਹੱਦਾਂ ਫਿਰ ਤੋਂ ਖੋਲ੍ਹਣ ਦਾ ਹੁਕਮ ਦਿੱਤਾ ਹੈ ਤਾਂ ਕਿ ਤੀਰਥਯਾਤਰੀ ਮੱਕਾ ਦੀ ਆਪਣੀ ਸਾਲਾਨਾ ਹਜ ਯਾਤਰਾ ਕਰ ਸਕਣ। ਅਧਿਕਾਰਤ ਸਰਕਾਰੀ ਮੀਡੀਆ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ । ਸਾਊਦੀ ਅਰਬ, ਮਿਸਰ, ਬਹਿਰੀਨ ਅਤੇ ਸੰਯੁਕਤ ਅਰਬ ਅਮੀਰਾਤ ਨੇ 5 ਜੂਨ ਨੂੰ ਕਤਰ ਨਾਲ ਡਿਪਲੋਮੈਟਿਕ ਅਤੇ ਕਾਰੋਬਾਰੀ ਸਬੰਧ ਖਤਮ ਕਰ ਲਏ ਸਨ । ਉਦੋਂ ਤੋਂ ਸ਼ੁਰੂ ਹੋਏ ਡਿਪਲੋਮੈਟਿਕ ਸੰਕਟ ਦੌਰਾਨ ਇਹ ਫੈਸਲਾ ਬਹੁਤ ਅਹਿਮ ਹੈ । 'ਸਾਊਦੀ ਨਿਊਜ ਏਜੰਸੀ' ਦੇ ਬਿਆਨ ਅਨੁਸਾਰ ਸਾਊਦੀ ਅਰਬ ਦੇ ਸ਼ਹਿਜਾਦੇ ਮੁਹੰਮਦ ਬਿਨ ਸਲਮਾਨ ਅਤੇ ਦੋਹਾ ਦੇ ਦੂਤ ਵਿਚਕਾਰ ਮੁਲਾਕਾਤ ਤੋਂ ਬਾਅਦ ਸਰਹੱਦ ਸਬੰਧੀ ਇਹ ਫੈਸਲਾ ਲਿਆ ਗਿਆ । ਸ਼ਾਹ ਨੇ ਹੁਕਮ ਦਿੱਤਾ ਹੈ ਕਿ ਕਤਰ ਦੇ ਤੀਰਥਯਾਤਰੀਆਂ ਨੂੰ ''ਤੀਰਥਯਾਤਰਾ ਕਰਨ ਲਈ ਸਰਹੱਦ ਪਾਰ ਕਰ ਕੇ ਸਾਊਦੀ ਅਰਬ ਵਿਚ ਪਰਵੇਸ਼ ਦੀ ਆਗਿਆ ਹੋਵੇਗੀ ।''  ਉਨ੍ਹਾਂ ਨੇ ਇਹ ਵੀ ਹੁਕਮ ਦਿੱਤਾ ਸੀ ਕਿ ਸਾਊਦੀ ਏਅਰਲਾਈਨ ਕੰਪਨੀ ਦੇ ਨਿੱਜੀ ਜਹਾਜ਼ਾਂ ਨੂੰ ਦੋਹਾ ਹਵਾਈਅੱਡੇ 'ਤੇ ਭੇਜਿਆ ਜਾਵੇ ਤਾਂ ਕਿ ''ਸਾਰੇ ਕਤਰੀ ਤੀਰਥਯਾਤਰੀਆਂ ਨੂੰ ਉਸ ਦੇ ਖਰਚੇ ਉੱਤੇ ਲਿਆਇਆ ਜਾ ਸਕੇ'' । ਕਤਰ ਦੇ ਅਧਿਕਾਰੀਆਂ ਨੇ ਸਾਊਦੀ ਅਰਬ ਉੱਤੇ ਪਿਛਲੇ ਮਹੀਨੇ ਦੋਸ਼ ਲਗਾਇਆ ਸੀ ਕਿ ਉਸ ਨੇ ਤੀਰਥਯਾਤਰੀਆਂ ਦੀ ਸੁਰੱਖਿਆ ਦੀ ਗਾਰੰਟੀ ਦੇਣ ਤੋਂ ਇਨਕਾਰ ਕਰ ਕੇ ਮੱਕਾ ਦੀ ਯਾਤਰਾ ਨੂੰ ਖਤਰੇ ਵਿਚ ਪਾ ਦਿੱਤਾ ਹੈ । ਸਾਊਦੀ ਅਰਬ ਅਤੇ ਉਸ ਦੇ ਅਰਬ ਸਾਥੀਆਂ ਨੇ ਦੋਹਾ ਉੱਤੇ ''ਅੱਤਵਾਦੀਆਂ'' ਦਾ ਸਮਰਥਨ ਕਰਨ ਅਤੇ ਈਰਾਨ ਦੇ ਬਹੁਤ ਕਰੀਬ ਹੋਣ ਦਾ ਦੋਸ਼ ਲਗਾਉਂਦੇ ਹੋਏ ਕਤਰ ਨਾਲ ਹਵਾ, ਸਮੁੰਦਰੀ ਅਤੇ ਜ਼ਮੀਨੀ ਸਬੰਧ ਖਤਮ ਕਰ ਦਿੱਤੇ ਸਨ ਅਤੇ ਉਸ ਉੱਤੇ ਆਰਥਿਕ ਪਾਬੰਦੀ ਲਗਾਈ ਸੀ । ਕਤਰ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਅਤੇ ਖਾੜ੍ਹੀ ਦੇਸ਼ਾਂ ਉੱਤੇ ਉਸ ਦੀ ਅਰਥਵਿਵਸਥਾ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਦਾ ਦੋਸ਼ ਲਗਾਇਆ ਹੈ । ਕੌਮਾਂਤਰੀ ਮੁਦਰਾ ਫੰਡ ਅਨੁਸਾਰ 26 ਲੱਖ ਦੀ ਜਨਸੰਖਿਆ ਵਾਲੇ ਕਤਰ ਵਿਚ 80 ਫੀਸਦੀ ਵਿਦੇਸ਼ੀ ਰਹਿੰਦੇ ਹਨ । ਇਹ ਪ੍ਰਤੀ ਵਿਅਕਤੀ ਕਮਾਈ ਦੇ ਆਧਾਰ ਉੱਤੇ ਸੰਸਾਰ ਵਿਚ ਸਭ ਤੋਂ ਅਮੀਰ ਦੇਸ਼ ਹੈ ।