ਅਨੋਖਾ ਕਾਰਨਾਮਾ! ਸ਼ਖਸ ਨੇ ਲੱਖਾਂ ਮਧੂਮੱਖੀਆਂ ਨਾਲ ਖੁਦ ਨੂੰ ਕੀਤਾ ਕਵਰ (ਤਸਵੀਰਾਂ)

09/12/2018 5:51:28 PM

ਰਿਆਦ (ਬਿਊਰੋ)— ਮਸ਼ਹੂਰ ਹੋਣ ਲਈ ਲੋਕ ਕਈ ਵਾਰ ਕੁਝ ਅਜਿਹਾ ਕਰ ਗੁਜਰਦੇ ਹਨ, ਜਿਸ ਬਾਰੇ ਜਾਣ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ। ਕੁਝ ਅਜਿਹਾ ਹੀ ਅਨੋਖਾ ਕਾਰਨਾਮਾ ਸਾਊਦੀ ਅਰਬ ਵਿਚ ਰਹਿੰਦੇ ਇਕ ਵਿਅਕਤੀ ਨੇ ਕੀਤਾ। ਮੰਗਲਵਾਰ ਨੂੰ ਇਸ ਵਿਅਕਤੀ ਨੇ ਲੱਖਾਂ ਦੀ ਗਿਣਤੀ ਵਿਚ ਮਧੂਮੱਖੀਆਂ ਨੂੰ ਆਪਣੇ ਸਰੀਰ 'ਤੇ ਬਿਠਾ ਲਿਆ। ਇਸ ਵਿਅਕਤੀ ਨੇ ਇੰਨਾ ਖਤਰਨਾਕ ਕੰਮ ਸਿਰਫ ਇਸ ਲਈ ਕੀਤਾ ਕਿਉਂਕਿ ਉਹ ਵਰਲਡ ਰਿਕਾਰਡ ਬਣਾਉਣਾ ਚਾਹੁੰਦਾ ਸੀ। 

ਇਸ ਖਤਰਨਾਕ ਕੰਮ ਦਾ ਸ਼ੌਂਕ ਰੱਖਣ ਵਾਲੇ ਬਹਾਦੁਰ ਸ਼ਖਸ ਦਾ ਨਾਮ ਜ਼ੁਹੈਰ ਫਤਾਨੀ ਹੈ। ਇਸ ਅਨੋਖੇ ਰਿਕਾਰਡ ਨੂੰ ਬਣਾਉਣ ਦਾ ਕੰਮ ਸਾਊਦੀ ਅਰਬ ਦੇ ਤਾਬੁਕ ਸ਼ਹਿਰ ਵਿਚ ਹੋਇਆ। ਜ਼ੁਹੈਰ ਨੇ ਰਿਕਾਰਡ ਬਣਾਉਣ ਲਈ ਲੱਖਾਂ ਮਧੂਮੱਖੀਆਂ ਨੂੰ ਆਪਣੇ ਸਰੀਰ 'ਤੇ ਚਿਪਕਾ ਲਿਆ। ਇਸ ਲਈ ਸਭ ਤੋਂ ਪਹਿਲਾਂ ਜ਼ੁਹੈਰ ਨੇ ਰਾਣੀ ਮੱਖੀ ਨੂੰ ਆਪਣੇ ਸਰੀਰ 'ਤੇ ਬਿਠਾਇਆ। ਫਿਰ ਲੱਖਾਂ ਦੀ ਗਿਣਤੀ ਵਿਚ ਮਧੂਮੱਖੀਆਂ ਉਸ ਉੱਪਰ ਬੈਠਦੀਆਂ ਗਈਆਂ ਅਤੇ ਉਸ ਨੂੰ ਚਾਰੇ ਪਾਸਿਓਂ ਘੇਰ ਲਿਆ। ਇਸ ਦੌਰਾਨ ਜ਼ੁਹੈਰ ਦੇ ਬਾਕੀ ਸਾਥੀ ਉਸ ਦੇ ਨੇੜੇ ਖੜ੍ਹੇ ਰਹੇ। ਉਸ ਦੇ ਸਾਥੀਆਂ ਨੇ ਮਧੂਮੱਖੀਆਂ ਤੋਂ ਬਚਣ ਲਈ ਇਕ ਖਾਸ ਕਿਸਮ ਦੇ ਸੁਰੱਖਿਆ ਵਾਲੇ ਕੱਪੜੇ ਪਹਿਨੇ ਹੋਏ ਸਨ। ਉਸ ਦੇ ਸਾਥੀਆਂ ਨੇ ਕਈ ਤਸਵੀਰਾਂ ਵੀ ਖਿੱਚੀਆਂ। 

ਕਰੀਬ ਇਕ ਘੰਟੇ ਤੱਕ ਜ਼ੁਹੈਰ ਨੇ ਮਧੂਮੱਖੀਆਂ ਨੂੰ ਆਪਣੇ ਸਰੀਰ 'ਤੇ ਰੱਖਿਆ ਪਰ ਰਿਕਾਰਡ ਤੋੜਨ ਵਿਚ ਉਹ ਸਫਲ ਨਹੀਂ ਹੋ ਸਕਿਆ। ਇੱਥੇ ਦੱਸ ਦਈਏ ਕਿ ਰਿਕਾਰਡ ਬਣਾਉਣ ਦੀ ਜ਼ੁਹੈਰ ਦੀ ਇਹ ਦੂਜੀ ਕੋਸ਼ਿਸ਼ ਸੀ। ਉਸ ਨੇ ਚੀਨ ਦੇ ਪਹਿਲੇ ਰਿਕਾਰਡ ਕਰਤਾ ਰੁਆਨ ਲਿਆਂਗਮਿੰਗ ਨੂੰ ਹਰਾਉਣ ਦੀ ਕੋਸ਼ਿਸ਼ ਕੀਤੀ ਸੀ। ਗਿਨੀਜ਼ ਵਰਲਡ ਰਿਕਾਰਡ ਮੁਤਾਬਕ ਲਿਆਂਗਮਿੰਗ ਨੇ ਮਧੂਮੱਖੀਆਂ ਦੀ ਵੱਡੀ ਗਿਣਤੀ ਨੂੰ ਕਾਫੀ ਸਮੇਂ ਤੱਕ ਆਪਣੇ ਸਰੀਰ 'ਤੇ ਬਣਾਈ ਰੱਖਿਆ ਸੀ।