ਸਾਊਦੀ :13 ਸਾਲ ਦੀ ਉਮਰ 'ਚ ਗ੍ਰਿਫਤਾਰ ਮੁੰਡੇ ਨੂੰ ਨਹੀਂ ਦਿੱਤੀ ਜਾਵੇਗੀ ਫਾਂਸੀ

06/17/2019 12:44:00 PM

ਰਿਆਦ (ਬਿਊਰੋ)— ਸਾਊਦੀ ਅਰਬ ਸਰਕਾਰ ਨੇ ਇਕ ਵੱਡਾ ਫੈਸਲਾ ਲਿਆ ਹੈ। ਇਸ ਫੈਸਲੇ ਦੇ ਤਹਿਤ ਹੁਣ ਘੱਟ ਗਿਣਤੀ ਸ਼ੀਆ ਮੁਸਲਿਮ ਭਾਈਚਾਰੇ ਦੇ ਇਕ ਨੌਜਵਾਨ ਨੂੰ ਫਾਂਸੀ ਨਹੀਂ ਦਿੱਤੀ ਜਾਵੇਗੀ। ਨੌਜਵਾਨ ਮੁਰਤਜਾ ਕੁਰੈਸਿਸ ਨੂੰ 2022 ਤੱਕ ਰਿਹਾਅ ਕੀਤਾ ਜਾ ਸਕਦਾ ਹੈ। ਸਾਊਦੀ ਦੇ ਇਕ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਮੁਰਤਜਾ ਨੂੰ 13 ਸਾਲ ਦੀ ਉਮਰ ਵਿਚ ਗ੍ਰਿਫਤਾਰ ਕੀਤਾ ਗਿਆ ਸੀ। 

ਅਧਿਕਾਰੀ ਮੁਤਾਬਕ ਮੁਰਤਜਾ ਨੂੰ ਸਤੰਬਰ 2014 ਵਿਚ ਹਿਰਾਸਤ ਵਿਚ ਲਿਆ ਗਿਆ ਸੀ। ਉਸ ਨੂੰ ਗ੍ਰਿਫਤਾਰੀ ਦੇ ਬਾਅਦ ਤੋਂ 12 ਸਾਲ ਜੇਲ ਦੀ ਸਜ਼ਾ ਮਿਲੀ ਹੈ। ਭਾਵੇਂਕਿ ਹੁਣ ਉਸ ਨੂੰ ਫਾਂਸੀ ਨਹੀਂ ਦਿੱਤੀ ਜਾਵੇਗੀ ਅਤੇ ਫਿਲਹਾਲ ਸਜ਼ਾ ਅਪੀਲ ਦੇ ਅਧੀਨ ਹੈ।

ਮੁਰਤਜਾ ਨੂੰ ਸਰਕਾਰ ਵਿਰੋਧੀ ਪ੍ਰਦਰਸ਼ਨ, ਅੱਤਵਾਦੀ ਸੰਗਠਨ ਨਾਲ ਜੁੜਨ ਅਤੇ ਸੁਰੱਖਿਆ ਬਲਾਂ 'ਤੇ ਗੋਲੀਬਾਰੀ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਇਸ ਦੇ ਇਲਾਵਾ ਮੁਰਤਜਾ 'ਤੇ ਕਈ ਹੋਰ ਅਪਰਾਧਾਂ ਵਿਚ ਸ਼ਾਮਲ ਹੋਣ ਦਾ ਦੋਸ਼ ਹੈ। ਭਾਵੇਂਕਿ ਉਸ ਨੇ ਖੁਦ 'ਤੇ ਲੱਗੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਮੁਰਤਜਾ ਨੇ ਦਾਅਵਾ ਕੀਤਾ ਸੀ ਕਿ ਦਬਾਅ ਕਾਰਨ ਉਸ ਨੇ ਸਾਰੇ ਅਪਰਾਧ ਕਬੂਲ ਕੀਤੇ ਸਨ। 

ਉੱਧਰ ਮਨੁੱਖੀ ਅਧਿਕਾਰ ਮਾਹਰਾਂ ਨੇ ਸੰਭਾਵਨਾ ਜ਼ਾਹਰ ਕੀਤੀ ਸੀ ਕਿ 18 ਸਾਲ ਦੇ ਹੋ ਚੁੱਕੇ ਮੁਰਤਜਾ ਨੂੰ ਫਾਂਸੀ ਦਿੱਤੀ ਜਾ ਸਕਦੀ ਹੈ। ਮੁਰਤਜਾ ਨੂੰ ਇਹ ਸਜ਼ਾ ਕਥਿਤ ਤੌਰ 'ਤੇ ਉਨ੍ਹਾਂ ਅਪਰਾਧਾਂ ਲਈ ਦਿੱਤੀ ਜਾਣੀ ਸੀ ਜੋ ਉਸ ਨੇ ਸਿਰਫ 10 ਸਾਲ ਦੀ ਉਮਰ ਵਿਚ ਕੀਤੇ ਸਨ। ਜ਼ਿਕਰਯੋਗ ਹੈ ਕਿ ਸਾਊਦੀ ਅਰਬ ਵੱਲੋਂ ਲਗਾਤਾਰ ਕੁਝ ਅਜਿਹੇ ਮਾਮਲੇ ਸਾਹਮਣੇ ਆਏ ਹਨ ਜਿਸ ਕਾਰਨ ਹੁਣ ਉਹ ਰਿਆਦ ਅੰਤਰਰਾਸ਼ਟਰੀ ਜਾਂਚ ਦੇ ਦਾਇਰੇ ਵਿਚ ਆ ਗਿਆ ਹੈ। 


Vandana

Content Editor

Related News