ਕੋਰੋਨਾਵਾਇਰਸ: ਸਾਊਦੀ ਅਰਬ ਨੇ EU ਤੇ 12 ਹੋਰ ਦੇਸ਼ਾਂ ''ਤੇ ਲਾਈ ਯਾਤਰਾ ਪਾਬੰਦੀ

03/12/2020 3:12:48 PM

ਰਿਆਦ- ਸਾਊਦੀ ਅਰਬ ਨੇ ਕੋਰੋਨਾਵਾਇਰਸ ਦੇ ਵਧਦੇ ਖਤਰੇ ਦੇ ਵਿਚਾਲੇ ਕੁਝ ਸਖਤ ਫੈਸਲੇ ਲਏ ਹਨ। ਕੋਰੋਨਾਵਾਇਰਸ ਦੇ ਵਧਦੇ ਮਾਮਲੇ ਤੇ ਖਦਸ਼ਿਆਂ ਦੇ ਵਿਚਾਲੇ ਸਾਊਦੀ ਅਰਬ ਨੇ ਯੂਰਪੀ ਸੰਘ ਤੇ 12 ਹੋਰ ਦੇਸ਼ਾਂ ਦੀ ਯਾਤਰਾ 'ਤੇ ਪਾਬੰਦੀ ਲਗਾ ਦਿੱਤੀ ਹੈ। ਸਾਊਦੀ ਅਰਬ ਵਿਚ ਰਾਤ ਭਰ ਵਿਚ 24 ਨਵੇਂ ਕੋਰੋਨਾਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਇਥੇ 45 ਲੋਕ ਇਨਫੈਕਟਡ ਹੋ ਚੁੱਕੇ ਹਨ।

ਨਿਊਜ਼ ਏਜੰਸੀ ਐਸ.ਪੀ.ਏ. ਨੇ ਗ੍ਰਹਿ ਮੰਤਰਾਲਾ ਵਿਚ ਇਕ ਅਧਿਕਾਰਿਕ ਸਰੋਤ ਦਾ ਹਵਾਲਾ ਦਿੰਦੇ ਹੋਏ ਇਹ ਜਾਣਕਾਰੀ ਦਿੱਤੀ ਕਿ ਸਰਕਾਰ ਨੇ ਪ੍ਰਭਾਵਿਤ ਦੇਸ਼ਾਂ ਵਿਚ ਰਹਿ ਰਹੇ ਨਾਗਰਿਕਾਂ ਤੇ ਨਿਵਾਸੀਆਂ ਨੂੰ ਸਾਊਦੀ ਅਰਬ ਪਰਤਣ ਦੇ ਲਈ 72 ਘੰਟੇ ਦਾ ਸਮਾਂ ਦਿੱਤਾ ਹੈ। ਵਣਜ ਤੇ ਕਾਰਗੋ ਆਵਾਜਾਈ 'ਤੇ ਕਿਸੇ ਵੀ ਤਰ੍ਹਾਂ ਦੀ ਪਾਬੰਦੀ ਨਹੀਂ ਹੈ। ਸਾਊਦੀ ਅਰਬ ਨੇ ਪਹਿਲਾਂ ਹੀ ਕੁਝ 19 ਦੇਸ਼ਾਂ ਦੀ ਯਾਤਰਾ 'ਤੇ ਪਾਬੰਦੀ ਲਗਾ ਦਿੱਤੀ ਸੀ, ਜਿਸ ਵਿਚ ਅਰਬ ਦੇ ਕਈ ਦੇਸ਼ ਸ਼ਾਮਲ ਹਨ। ਨਾਲ ਹੀ ਕਿਹਾ ਗਿਆ ਹੈ ਕਿ ਅਜਿਹੇ ਲੋਕ ਜੇਕਰ ਆਪਣੀ ਸਿਹਤ ਸਬੰਧੀ ਜਾਣਕਾਰੀ ਤੇ ਯਾਤਰਾ ਬਿਓਰੇ ਦੇ ਸਬੰਧ ਵਿਚ ਜਾਣਕਾਰੀ ਨਹੀਂ ਦੇਣਗੇ ਤਾਂ ਉਹਨਾਂ 'ਤੇ 5 ਲੱਖ ਰਿਆਲ ਤੱਕ ਦਾ ਜੁਰਮਾਨਾ ਲਾਇਆ ਜਾਵੇਗਾ।

ਸਾਊਦੀ ਅਰਬ ਨੇ ਹੋਰ ਕਈ ਉਪਾਅ ਵੀ ਅਪਣਾਏ ਹਨ, ਜਿਹਨਾਂ ਵਿਚ ਤੇਲ ਉਤਪਾਦ ਖੇਤਰ ਕਾਤਿਫ ਨੂੰ ਬੰਦ ਕਰਨਾ ਵੀ ਸ਼ਾਮਲ ਹੈ, ਜਿਥੇ ਕੋਰੋਨਾਵਾਇਰਸ ਦੇ ਸਭ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਸਾਊਦੀ ਅਰਬ ਦੇ ਲਏ ਹੋਰ ਫੈਸਲਿਆਂ ਵਿਚ ਉਮਰਾ ਹੱਜ ਨੂੰ ਟਾਲਣਾ, ਸਕੂਲਾਂ ਨੂੰ ਬੰਦ ਕਰਨਾ ਤੇ ਦੇਸ਼ਭਰ ਦੇ ਸਿਨੇਮਾ, ਸੰਮੇਲਨਾਂ ਤੇ ਖੇਡ ਆਯੋਜਨਾਂ ਨੂੰ ਰੱਦ ਕਰਨਾ ਤੇ ਅਗਲੀ ਜੀ-20 ਮੰਤਰੀਮੰਡਲ ਬੈਠਕ ਨੂੰ ਟਾਲਣਾ ਸ਼ਾਮਲ ਹੈ।

ਯੂਰਪੀ ਸੰਘ ਦੇ ਨਾਲ-ਨਾਲ, ਸਵਿਟਜ਼ਰਲੈਂਡ, ਭਾਰਤ, ਪਾਕਿਸਤਾਨ, ਸ਼੍ਰੀਲੰਕਾ, ਫਿਲਪੀਨਸ, ਸੂਡਾਨ, ਇਥੋਪੀਆ, ਦੱਖਣੀ ਸੂਡਾਨ, ਇਰਟੀਰੀਆ, ਕੀਨੀਆ, ਜਿਬੂਤੀ ਤੇ ਸੋਮਾਲੀਆ ਦੀ ਯਾਤਰਾ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਸਾਊਦੀ ਅਰਬ ਵਿਚ ਲੱਖਾਂ ਪਰਵਾਸੀ ਮਜ਼ਦੂਰ ਕਈ ਦੇਸ਼ਾਂ ਤੋਂ ਆਉਂਦੇ ਹਨ। ਇਸ ਫੈਸਲੇ ਤੋਂ ਸੂਬੇ ਦੇ ਸਿਹਤ ਕਰਮਚਾਰੀਆਂ ਨੂੰ ਬਾਹਰ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ ਫਿਲਪੀਨਸ ਤੇ ਭਾਰਤ ਦੇ ਨਾਲ ਨਿਕਾਸੀ, ਸ਼ਿਪਿੰਗ ਤੇ ਵਪਾਰ ਪ੍ਰਭਾਵਿਤ ਨਹੀਂ ਹੋਵੇਗਾ।

Baljit Singh

This news is Content Editor Baljit Singh