2 ਸਾਊਦੀ ਭੈਣਾਂ ਨੇ ਸੋਸ਼ਲ ਮੀਡੀਆ ਜ਼ਰੀਏ ਕੀਤੀ ਸੁਰੱਖਿਆ ਦੀ ਅਪੀਲ

04/17/2019 5:05:52 PM

ਦੁਬਈ (ਬਿਊਰੋ)— ਸਾਊਦੀ ਦੀ ਰਹਿਣ ਵਾਲੀਆਂ ਦੋ ਭੈਣਾਂ ਨੇ ਆਪਣੇ ਦੇਸ਼ ਤੋਂ ਭੱਜਣ ਦੇ ਬਾਅਦ ਜੌਰਜੀਆ ਤੋਂ ਮਦਦ ਦੀ ਅਪੀਲ ਕੀਤੀ ਹੈ। ਦੋਹਾਂ ਭੈਣਾਂ ਦਾ ਦਾਅਵਾ ਹੈ ਕਿ ਜੇਕਰ ਉਨ੍ਹਾਂ ਨੂੰ ਜ਼ਬਰਦਸਤੀ ਸਾਊਦੀ ਅਰਬ ਭੇਜ ਦਿੱਤਾ ਗਿਆ ਤਾਂ ਉਨ੍ਹਾਂ ਦਾ ਕਤਲ ਕਰ ਦਿੱਤਾ ਜਾਵੇਗਾ। ਕੁੜੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪਿਤਾ ਅਤੇ ਭਰਾ ਉਨ੍ਹਾਂ ਦੀ ਤਲਾਸ਼ ਵਿਚ ਜੌਰਜੀਆ ਪਹੁੰਚ ਚੁੱਕੇ ਹਨ। ਦੋਹਾਂ ਭੈਣਾਂ ਨੇ ਡਿਪਲੋਮੈਟਿਕ ਸੁਰੱਖਿਆ ਦੀ ਮੰਗ ਕੀਤੀ ਹੈ। ਦੋਹਾਂ ਭੈਣਾਂ ਨੇ ਇਹ ਅਪੀਲ ਸੋਸ਼ਲ ਮੀਡੀਆ ਜ਼ਰੀਏ ਕੀਤੀ ਹੈ।

 

ਜੌਰਜੀਆਸਿਸਟਸ ਨਾਮ ਦੇ ਇਕ ਟਵਿੱਟਰ ਅਕਾਊਂਟ ਵਿਚ ਉਨ੍ਹਾਂ ਨੇ ਆਪਣੀ ਪਛਾਣ ਦਾ ਖੁਲਾਸਾ ਕੀਤਾ ਹੈ। ਟਵਿੱਟਰ ਵਿਚ ਉਨ੍ਹਾਂ ਨੇ ਖੁਦ ਦੀ ਪਛਾਣ 28 ਸਾਲਾ ਮਹਾ ਅਲ-ਸੁਬੀ ਅਤੇ 25 ਸਾਲਾ ਵਫਾ ਅਲ-ਸੁਬੀ ਦੇ ਰੂਪ ਵਿਚ ਦੱਸੀ ਹੈ। ਉਨ੍ਹਾਂ ਨੇ ਇਸ ਟਵਿੱਟਰ ਅਕਾਊਂਟ 'ਤੇ ਆਪਣੇ ਪਾਸਪੋਰਟ ਦੀ ਕਾਪੀ ਵੀ ਪੋਸਟ ਕੀਤੀ ਹੈ। ਤਾਂ ਜੋ ਉਨ੍ਹਾਂ ਦੀ ਪਛਾਣ ਆਸਾਨੀ ਨਾਲ ਹੋ ਸਕੇ। ਇੱਥੇ ਦੱਸ ਦਈਏ ਕਿ ਜੌਰਜੀਆ ਵਿਚ ਦਾਖਲੇ ਲਈ  ਸਾਊਦੀ ਵੱਲੋਂ ਵੀਜ਼ਾ ਦੀ ਲੋੜ ਨਹੀਂ ਹੁੰਦੀ। ਇੱਥੇ ਮੁਫਤ ਵੀਜ਼ਾ ਹੈ। ਇਸੇ ਕਾਰਨ ਪੀੜਤ ਸਾਊਦੀ ਔਰਤਾਂ ਭੱਜ ਕੇ ਇੱਥੇ ਆ ਜਾਂਦੀਆਂ ਹਨ। 

ਦੋਹਾਂ ਭੈਣਾਂ ਨੇ ਦਾਅਵਾ ਕੀਤਾ ਕਿ ਸਾਊਦੀ ਵਿਚ ਔਰਤਾਂ ਮਰਦਾਂ ਦੇ ਦੁਰਵਿਵਹਾਰ ਦਾ ਸ਼ਿਕਾਰ ਹਨ। ਕਈ ਸਾਊਦੀ ਔਰਤਾਂ ਇਸ ਅਪਮਾਨ ਤੋਂ ਤੰਗ ਆ ਕੇ ਭੱਜ ਜਾਂਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਦੇਸ਼ ਤੋਂ ਭੱਜੀਆਂ ਸਾਊਦੀ ਔਰਤਾਂ ਨਾਲ ਬੁਰਾ ਵਿਵਹਾਰ ਕੀਤਾ ਜਾਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਸਾਡੇ ਕੋਲ ਇਸ ਗੱਲ ਦੇ ਸਬੂਤ ਵੀ ਹਨ।