ਸਾਊਦੀ ''ਚ ਔਰਤਾਂ ਨੂੰ ਮਿਲੇਗੀ ਹੋਰ ਆਜ਼ਾਦੀ, ਲੈ ਸਕਣਗੀਆਂ ਯਾਤਰਾ ਸਬੰਧੀ ਫੈਸਲੇ

07/12/2019 3:48:32 PM

ਰਿਆਦ (ਬਿਊਰੋ)— ਸਾਊਦੀ ਅਰਬ ਵਿਚ ਔਰਤਾਂ ਨੂੰ ਇਕ ਹੋਰ ਵੱਡੀ ਰਾਹਤ ਮਿਲਣ ਦੀ ਆਸ ਹੈ। ਹੁਣ ਉਹ ਪੁਰਸ਼ਾਂ ਦੀ ਇਜਾਜ਼ਤ ਦੇ ਬਿਨਾਂ ਲੰਬੀ ਯਾਤਰਾ ਕਰ ਸਕਣਗੀਆਂ। ਸਾਊਦੀ ਅਰਬ ਦੇਸ਼ ਦੇ ਉਸ ਸਖਤ ਕਾਨੂੰਨ ਨੂੰ ਬਦਲਣ 'ਤੇ ਵਿਚਾਰ ਕਰ ਰਿਹਾ ਹੈ ਜਿਸ ਦੇ ਤਹਿਤ ਔਰਤਾਂ ਪੁਰਸ਼ ਗਾਰਡੀਅਨ ਜਾਂ ਰਿਸ਼ਦੇਤਾਰ ਦੀ ਸਹਿਮਤੀ ਦੇ ਬਿਨਾਂ ਵਿਦੇਸ਼ ਨਹੀਂ ਜਾ ਸਕਦੀਆਂ ਹਨ। ਇਕ ਅੰਗਰੇਜ਼ੀ ਅਖਬਾਰ ਨੇ ਸਾਊਦੀ ਅਧਿਕਾਰੀਆਂ ਦੇ ਹਵਾਲੇ ਨਾਲ ਲਿਖਿਆ ਹੈ ਕਿ 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ 'ਤੇ ਯਾਤਰਾ ਨੂੰ ਲੈ ਕੇ ਪਾਬੰਦੀ ਇਸ ਸਾਲ ਖਤਮ ਕੀਤੀ ਜਾ ਸਕਦੀ ਹੈ। 

ਇਸ ਪ੍ਰਸਤਾਵਿਤ ਤਬਦੀਲੀਆਂ ਦੇ ਤਹਿਤ 21 ਸਾਲ ਤੋਂ ਘੱਟ ਉਮਰ ਦੇ ਮੁੰਡਿਆਂ ਨੂੰ ਵੀ ਆਪਣੀ ਵਿਦੇਸ਼ ਯਾਤਰਾ ਲਈ ਪਰਿਵਾਰ ਦੇ ਪੁਰਸ਼ਾਂ ਦੀ ਇਜਾਜ਼ਤ ਲੈਣ ਦੀ ਲੋੜ ਨਹੀਂ ਹੋਵੇਗੀ। ਸਾਊਦੀ ਅਰਬ ਦੇ ਓਕਾਜ਼ ਅਖਬਾਰ ਨੇ ਵੀ ਮੰਗਲਵਾਰ ਨੂੰ ਔਰਤਾਂ ਦੀ ਯਾਤਰਾ ਸਬੰਧੀ ਨਿਯਮਾਂ ਵਿਚ ਸੁਧਾਰਾਂ ਦੀ ਖਬਰ ਛਾਪੀ ਸੀ। ਕਈ ਨੌਜਵਾਨ ਔਰਤਾਂ ਦੇ ਦੇਸ਼ ਛੱਡ ਕੇ ਦੂਜੀ ਜਗ੍ਹਾ ਸ਼ਰਨ ਲੈਣ ਦੇ ਵੱਧਦੇ ਮਾਮਲਿਆਂ ਵਿਚ ਸਾਊਦੀ ਸ਼ਾਸਨ ਸਰਪ੍ਰਸਤੀ (Guardianship) ਨੂੰ ਲੈ ਕੇ ਬਣੇ ਕਾਨੂੰਨ ਦੀ ਸਮੀਖਿਆ ਕਰਨ ਲਈ ਮਜਬੂਰ ਹੋਇਆ ਹੈ। 

ਜਨਵਰੀ ਮਹੀਨੇ 18 ਸਾਲਾ ਰਹਾਫ ਮੁਹੰਮਦ ਮੁਤਲਕ ਅਲ-ਕੁਨੂੰਨ ਨੇ ਸੁਰਖੀਆਂ ਬਟੋਰੀਆਂ ਸੀ ਜਦੋਂ ਉਹ ਕਥਿਤ ਤੌਰ 'ਤੇ ਆਪਣੇ ਪਰਿਵਾਰ ਵੱਲੋਂ ਪਰੇਸ਼ਾਨ ਕੀਤੇ ਜਾਣ ਅਤੇ ਹੋਟਲ ਰੂਮ ਵਿਚ ਕੈਦ ਕੀਤੇ ਜਾਣ ਦੇ ਬਾਅਦ ਕਿਸੇ ਤਰ੍ਹਾਂ ਭੱਜਣ ਵਿਚ ਸਫਲ ਰਹੀ ਸੀ। ਬਾਅਦ ਵਿਚ ਕੈਨੇਡਾ ਨੇ ਉਸ ਨੂੰ ਸ਼ਰਨਾਰਥੀ ਦਾ ਦਰਜਾ ਦਿੱਤਾ ਸੀ। ਸਾਊਦੀ ਦੇ ਇਕ ਅਧਿਕਾਰੀ ਨੇ ਏਜੰਸੀ ਨੂੰ ਦੱਸਿਆ,''ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਸਾਊਦੀ ਲੀਡਰਸ਼ਿਪ, ਸਰਕਾਰ ਅਤੇ ਲੋਕ ਇਸ ਵਿਵਸਥਾ ਵਿਚ ਤਬਦੀਲੀ ਚਾਹੁੰਦੇ ਹਨ। ਵਰਤਮਾਨ ਵਿਚ ਇਸ ਗੱਲ ਨੂੰ ਲੈ ਕੇ ਚਰਚਾ ਹੋ ਰਹੀ ਹੈ ਕਿ ਬਿਨਾਂ ਕੋਈ ਵਿਵਾਦ ਪੈਦਾ ਕੀਤੇ ਇਸ ਤਬਦੀਲੀ ਨੂੰ ਕਿਵੇਂ ਜਲਦੀ ਲਾਗੂ ਕੀਤਾ ਜਾਵੇ।'' 

ਸਾਊਦੀ ਕਾਰਕੁੰਨ ਹਾਲਾ ਅਲ ਡੋਸਾਰੀ ਨੇ ਕਿਹਾ,''ਜੇਕਰ ਅਜਿਹਾ ਹੁੰਦਾ ਹੈ ਤਾਂ ਸ਼ਰਨਾਰਥੀ ਬਣਨ ਵਾਲੀਆਂ ਔਰਤਾਂ ਦੀ ਗਿਣਤੀ ਵਿਚ ਗਿਰਾਵਟ ਆਵੇਗੀ ਅਤੇ ਇਸ ਦੇ ਨਾਲ ਹੀ ਕ੍ਰਾਊਨ ਪ੍ਰਿੰਸ ਸਲਮਾਨ ਦੇ ਇਕ ਸੁਧਾਰਕ ਦੇ ਤੌਰ 'ਤੇ ਪ੍ਰਸ਼ੰਸਕਾਂ ਵਿਚ ਵਾਧਾ ਹੋਵੇਗਾ।'' ਜ਼ਿਕਰਯੋਗ ਹੈ ਕਿ ਸਾਲ 2018 ਵਿਚ ਸਾਊਦੀ ਔਰਤਾਂ ਨੂੰ ਡਰਾਈਵਿੰਗ ਦਾ ਅਧਿਕਾਰ ਮਿਲਿਆ ਸੀ। ਇਸ ਦੇ ਇਲਾਵਾ ਔਰਤਾਂ ਨੂੰ ਨੌਕਰੀ ਕਰਨ, ਯੂਨੀਵਰਸਿਟੀ ਵਿਚ ਪੜ੍ਹਨ ਜਾਂ ਸਰਜਰੀ ਕਰਾਉਣ ਜਿਹੇ ਫੈਸਲਿਆਂ ਲਈ ਪੁਰਸ਼ ਸਰਪ੍ਰਸਤਾਂ ਦੀ ਇਜਾਜ਼ਤ ਦੀ ਲਾਜ਼ਮੀ ਲੋੜ ਖਤਮ ਕਰ ਦਿੱਤੀ ਗਈ ਸੀ।

Vandana

This news is Content Editor Vandana