ਰਮਜ਼ਾਨ ਖਤਮ ਹੁੰਦੇ ਹੀ 3 ਮਸ਼ਹੂਰ ਲੋਕਾਂ ਨੂੰ ਸਾਊਦੀ ਦੇਵੇਗਾ ਮੌਤ ਦੀ ਸਜ਼ਾ

05/22/2019 12:36:23 PM

ਰਿਆਦ (ਬਿਊਰੋ)— ਇਕ ਮੀਡੀਆ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਰਮਜ਼ਾਨ ਖਤਮ ਹੁੰਦੇ ਹੀ ਸਾਊਦੀ ਅਰਬ ਦੇ ਤਿੰਨ ਪ੍ਰਮੁੱਖ ਸਕਾਲਰ (ਵਿਦਵਾਨ) ਨੂੰ ਮੌਤ ਦੀ ਸਜ਼ਾ ਦੇ ਦਿੱਤੀ ਜਾਵੇਗੀ। ਇਨ੍ਹਾਂ ਵਿਚ ਅਲ ਅਵਦਾਹ ਅੰਤਰਰਾਸ਼ਟਰੀ ਪ੍ਰਸਿੱਧੀ ਪਾਉਣ ਵਾਲੇ ਸੁਧਾਰਵਾਦੀ ਹਨ ਤੇ ਅਲਕਰਨੀ ਪ੍ਰਚਾਰਕ, ਅਕਾਦਮਿਕ ਅਤੇ ਲੇਖਕ ਹਨ ਜਦਕਿ ਅਲ ਓਮਾਰੀ ਮਸ਼ਹੂਰ ਬ੍ਰਾਡਕਾਸਟਰ ਹਨ। ਇਨ੍ਹਾਂ 'ਤੇ ਕਥਿਤ ਤੌਰ 'ਤੇ ਅੱਤਵਾਦ ਦੇ ਦੋਸ਼ ਹਨ। 

ਇਕ ਅੰਗਰੇਜ਼ੀ ਅਖਬਾਰ ਦੀ ਰਿਪੋਰਟ ਵਿਚ ਸਰਕਾਰੀ ਸੂਤਰਾਂ ਅਤੇ ਇਕ ਦੋਸ਼ੀ ਦੇ ਰਿਸ਼ਤੇਦਾਰ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਰਮਜ਼ਾਨ ਦਾ ਮਹੀਨਾ ਖਤਮ ਹੁੰਦੇ ਹੀ ਇਨ੍ਹਾਂ ਨੂੰ ਦੋਸ਼ੀ ਕਰਾਰ ਦਿੱਤਾ ਜਾਵੇਗਾ ਅਤੇ ਮੌਤ ਦੀ ਸਜ਼ਾ ਸੁਣਾਈ ਜਾਵੇਗੀ। ਅਧਿਕਾਰਕ ਤੌਰ 'ਤੇ ਇਸ ਮਾਮਲੇ 'ਤੇ ਹਾਲੇ ਸਰਕਾਰ ਦੀ ਪ੍ਰਤੀਕਿਰਿਆ ਨਹੀਂ ਆਈ ਹੈ। ਮੀਡੀਆ ਰਿਪੋਰਟ ਵਿਚ ਇਕ ਸਰਕਾਰੀ ਸੂਤਰ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਬੀਤੇ ਮਹੀਨੇ ਸਾਊਦੀ ਵਿਚ 37 ਲੋਕਾਂ ਨੂੰ ਮੌਤ ਦੀ ਸਜ਼ਾ ਦੇਣਾ ਇਕ 'ਟ੍ਰਾਇਲ ਬੈਲੂਨ' ਸੀ। ਇਸ ਨਾਲ ਇਹ ਅਨੁਮਾਨ ਲਗਾਇਆ ਕਿ ਅੰਤਰਰਾਸ਼ਟਰੀ ਪੱਧਰ 'ਤੇ ਹੋਣ ਵਾਲਾ ਵਿਰੋਧ ਕਿੰਨਾ ਪ੍ਰਭਾਵਕਾਰੀ ਹੈ। 

ਸਾਊਦੀ ਦੇ ਲੰਬੇ ਸਮੇਂ ਤੱਕ ਵਿਰੋਧੀ ਧਿਰ ਦੇ ਚਿਹਰੇ ਰਹੇ ਅਤੇ ਇੰਸਟੀਚਿਊਟ ਫੌਰ ਗਲਫ ਅਫੇਅਰਸ ਦੇ ਪ੍ਰਮੁੱਖ ਅਲੀ ਅਲ ਅਹਿਮਦ ਦਾ ਕਹਿਣਾ ਹੈ ਕਿ ਤਿੰਨ ਪ੍ਰਮੁੱਖ ਲੋਕਾਂ ਦੀ ਜਾਨ ਲੈਣਾ ਅਜਿਹਾ ਅਪਰਾਧ ਹੈ ਜਿਸ ਨਾਲ ਸਾਊਦੀ ਨਾਗਰਿਕਾਂ ਨੂੰ ਆਤਮ ਸਪਰਪਣ ਲਈ ਡਰਾਇਆ ਜਾ ਰਿਹਾ ਹੈ। ਭਾਵੇਂਕਿ ਇਕ ਸਾਊਦੀ ਮਨੁੱਖੀ ਅਧਿਕਾਰ ਸੰਗਠਨ ਦੇ ਬਾਨੀਯਾਹੀਆ ਅਸਿਰੀ ਨੇ ਰਿਪੋਰਟ ਨੂੰ ਗਲਤ ਦੱਸਿਆ ਹੈ ਪਰ ਕਿਹਾ ਹੈ ਕਿ ਅਧਿਕਾਰੀਆਂ ਦੀ ਸਮਰੱਥਾ ਦੇ ਬਾਹਰ ਕੁਝ ਵੀ ਨਹੀਂ। ਤਿੰਨੇ ਵਿਅਕਤੀ ਫਿਲਹਾਲ ਕ੍ਰਿਮੀਨਲ ਸਪੈਸ਼ਲ ਕੋਰਟ ਰਿਆਧ ਵਿਚ ਟ੍ਰਾਇਲ ਦਾ ਇੰਤਜ਼ਾਰ ਕਰ ਰਹੇ ਹਨ। ਇਨ੍ਹਾਂ ਨੂੰ ਸਤੰਬਰ 2017 ਵਿਚ ਕ੍ਰਾਊਨ ਪ੍ਰਿੰਸ ਸਲਮਾਨ ਦੀ ਕਥਿਤ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਵਿਚ ਗ੍ਰਿਫਤਾਰ ਕੀਤਾ ਗਿਆ ਸੀ।

Vandana

This news is Content Editor Vandana