ਕ੍ਰਾਊਨ ਪ੍ਰਿੰਸ ਨੂੰ ਮਿਲਣ ਲਈ ਸਾਊਦੀ ਅਰਬ ਪਹੁੰਚੇ ਇਮਰਾਨ ਖਾਨ

12/15/2019 9:23:12 AM

ਰਿਆਦ (ਬਿਊਰੋ): ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਸ਼ਨੀਵਾਰ ਨੂੰ ਸਾਊਦੀ ਅਰਬ ਪਹੁੰਚੇ। ਇਮਰਾਨ ਪਹਿਲਾਂ ਮਦੀਨਾ ਪਹੁੰਚੇ । ਉੱਥੇ ਉਹ ਪੈਗੰਬਰ ਹਜਰਤ ਮੁਹੰਮਦ ਦੀ ਕਬਰ 'ਤੇ ਸਜਦਾ ਕਰ ਕੇ ਰਿਆਦ ਪਹੁੰਚਣਗੇ। ਇਕ ਦਿਨ ਦੀ ਯਾਤਰਾ ਦਾ ਉਦੇਸ਼ ਪ੍ਰਿੰਸ ਸਲਮਾਨ ਬਿਨ ਅਬਦੁੱਲ ਅਜ਼ੀਜ਼ ਦੀ ਨਾਰਾਜ਼ਗੀ ਦੂਰ ਕਰ ਕੇ ਉਹਨਾਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰਨਾ ਹੈ ਕਿ ਪਾਕਿਸਤਾਨ ਦੀ ਹੋਰ ਮੁਸਲਿਮ ਦੇਸ਼ਾਂ ਦੇ ਨਾਲ ਮੇਲ ਜੋਲ ਵਧਾਉਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਸ ਦੇ ਸਾਊਦੀ ਅਰਬ ਨਾਲ ਡੂੰਘੇ ਰਿਸ਼ਤੇ ਬਰਕਰਾਰ ਹਨ। ਇਸ ਉਦੇਸ਼ ਨਾਲ ਇਮਰਾਨ ਨੇ ਮੁਹੰਮਦ ਬਿਨ ਸਲਮਾਨ ਨਾਲ ਮੁਲਾਕਾਤ ਕੀਤੀ। ਬੈਠਕ ਦੇ ਦੌਰਾਨ ਉਹਨਾਂ ਨੇ ਦੋਹਾਂ ਭਾਈਚਾਰਕ ਦੇਸ਼ਾਂ ਦੇ ਵਿਚ ਦੋ ਪੱਖੀ ਸੰਬੰਧਾਂ ਅਤੇ ਵਿਭਿੰਨ ਖੇਤਰਾਂ ਵਿਚ ਸਹਿਯੋਗ ਦੇ ਪਹਿਲੂਆਂ ਦੀ ਸਮੀਖਿਆ ਕੀਤੀ। 

ਉਹਨਾਂ ਨੇ ਖੇਤਰੀ ਅਤੇ ਅੰਤਰਰਾਸ਼ਟਰੀ ਵਿਕਾਸ ਅਤੇ ਸਧਾਰਨ ਹਿੱਤ ਦੇ ਕਈ ਹੋਰ ਮੁੱਦਿਆਂ ਦੀ ਵੀ ਸਮੀਖਿਆ ਕੀਤੀ।ਜ਼ਿਕਰਯੋਗ ਹੈ ਕਿ 18 ਦਸੰਬਰ ਤੋਂ ਕੁਆਲਾਲੰਪੁਰ ਵਿਚ ਹੋ ਰਹੇ ਮੁਸਲਿਮ ਦੇਸ਼ਾਂ ਦੇ ਇਕ ਹੋਰ ਸੰਮੇਲਨ ਵਿਚ ਪਾਕਿਸਤਾਨ ਦੀ ਹਿੱਸੇਦਾਰੀ ਨਾਲ ਉਸ ਦਾ ਕਰੀਬੀ ਮਦਦਗਾਰ ਸਾਊਦੀ ਅਰਬ ਕਾਫੀ ਨਾਰਾਜ਼ ਹੈ। ਪਾਕਿਸਤਾਨ ਦੇ ਹੀ ਦੂਜੇ ਕਰੀਬੀ ਮਦਦਗਾਰ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਡਾਕਟਰ ਤੁਨ ਮਹਾਤਿਰ ਮੁਹੰਮਦ ਨੇ ਕੁਆਲਾਲੰਪੁਰ ਸੰਮੇਲਨ ਦਾ ਆਯੋਜਨ ਕੀਤਾ ਹੈ। ਇਸ ਨੂੰ ਸਾਊਦੀ ਅਰਬ ਇਸਲਾਮਿਕ ਸਹਿਯੋਗ ਸੰਗਠਨ (ਓ.ਆਈ.ਸੀ.) ਦੇ ਸਮਾਂਤਰ ਸੰਗਠਨ ਖੜ੍ਹਾ ਕਰਨ ਦੀ ਕੋਸ਼ਿਸ਼ ਦੇ ਰੂਪ ਵਿਚ ਦੇਖ ਰਿਹਾ ਹੈ। 

ਇਸ ਸੰਮੇਲਨ ਵਿਚ ਤੁਰਕੀ ਦੇ ਰਾਸ਼ਟਰਪਤੀ ਰਜਬ ਤੈਅਬ ਅਰਦੌਣ ਸਮੇਤ ਕਤਰ ਦੇ ਸ਼ੇਖ ਤਮੀਮ ਬਿਨ ਹਮਦ ਅਲਥਾਨੀ ਅਤੇ ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਹਿੱਸਾ ਲੈ ਰਹੇ ਹਨ। ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵਿਡੋਡੋ ਦੇ ਵੀ ਇਸ ਵਿਚ ਹਿੱਸਾ ਲੈਣ ਦੀ ਆਸ ਸੀ ਪਰ ਮੰਨਿਆ ਜਾ ਰਿਹਾ ਹੈ ਕਿ ਦਬਾਅ ਦੇ ਕਾਰਨ ਉਹਨਾਂ ਨੇ ਖੁਦ ਨਾ ਆ ਕੇ ਆਪਣੇ ਪ੍ਰਤੀਨਿਧੀ ਨੂੰ ਭੇਜ ਦਿੱਤਾ ਹੈ। ਇਮਰਾਨ ਕੁਆਲਾਲੰਪੁਰ ਸੰਮੇਲਨ ਦੇ ਪ੍ਰਤੀ ਬਹੁਤ ਆਸਵੰਦ ਹਨ। ਉਹਨਾਂ ਨੂੰ ਲੱਗਦਾ ਹੈ ਕਿ ਮੁਸਲਿਮ ਵਿਸ਼ਵ ਦੀਆਂ ਸਾਰੀਆਂ ਚੁਣੌਤੀਆਂ ਦੇ ਹੱਲ ਦੇ ਲਿਹਾਜ ਨਾਲ ਇਹ ਸਿਖਰ ਸੰਮੇਲਨ ਕਾਰਗਰ ਸਾਬਤ ਹੋ ਸਕਦਾ ਹੈ।

Vandana

This news is Content Editor Vandana