ਸਾਊਦੀ 'ਚ ਪੁਰਸ਼ ਗਾਇਕ ਨੂੰ ਗਲੇ ਲਗਾਉਣ ਵਾਲੀ ਔਰਤ ਗ੍ਰਿਫਤਾਰ (ਵੀਡੀਓ)

07/15/2018 5:48:19 PM

ਰਿਆਦ (ਬਿਊਰੋ)— ਸਾਊਦੀ ਅਰਬ ਦੇ ਸੰਗੀਤ ਸਮਾਰੋਹ ਵਿਚ ਗਾਇਕ ਮਜੀਦ ਅਲ-ਮੋਹਨਦਿਸ ਨੂੰ ਗਲੇ ਲਗਾਉਣ ਵਾਲੀ ਔਰਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਰਿਪੋਰਟਾਂ ਮੁਤਾਬਕ ਸੰਗੀਤ ਸਮਾਰੋਹ ਦੌਰਾਨ ਇਕ ਔਰਤ ਦੌੜਦੀ ਹੋਈ ਸਟੇਜ 'ਤੇ ਪਹੁੰਚ ਗਈ ਅਤੇ ਉਸ ਨੇ ਗਾਇਕ ਮਜੀਦ ਨੂੰ ਗਲੇ ਲਗਾ ਲਿਆ। ਇਸ ਮਗਰੋਂ ਮਾਜਿਦ ਖੁਦ ਨੂੰ ਔਰਤ ਤੋਂ ਛੁਡਵਾਉਣ ਦੀ ਕੋਸ਼ਿਸ਼ ਕਰਦੇ ਹਨ। ਉਸ ਵੇਲੇ ਸੁਰੱਖਿਆ ਗਾਰਡ ਉੱਥੇ ਆ ਕੇ ਔਰਤ ਨੂੰ ਇਕ ਪਾਸੇ ਲੈ ਜਾਂਦੇ ਹਨ। ਇਸ ਮਾਮਲੇ ਵਿਚ ਔਰਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। 


ਮਾਜਿਦ ਪੱਛਮੀ ਸ਼ਹਿਰ ਤਾਇਫ ਵਿਚ ਤਿਉਹਾਰ ਦੌਰਾਨ ਗੀਤ ਗਾ ਰਹੇ ਸਨ, ਜਦੋਂ ਔਰਤ ਮੰਚ 'ਤੇ ਚੜ੍ਹ ਗਈ। ਇਸ ਘਟਨਾ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਯੂ-ਟਿਊਬ 'ਤੇ ਵੀ ਹਜ਼ਾਰਾਂ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਹਨ। ਅਸਲ ਵਿਚ ਸਾਊਦੀ ਅਰਬ ਵਿਚ ਜਨਤਕ ਤੌਰ 'ਤੇ ਔਰਤਾਂ ਨੂੰ ਬਾਹਰੀ ਲੋਕਾਂ ਨੂੰ ਗਲੇ ਲਗਾਉਣ ਦੀ ਮਨਾਹੀ ਹੈ। ਇਸ ਮਾਮਲੇ ਵਿਚ ਮੱਕਾ ਪੁਲਸ ਦੇ ਅਧਿਕਾਰਿਕ ਬੁਲਾਰੇ ਨੇ ਦੱਸਿਆ ਕਿ ਪੁਲਸ ਨੇ ਔਰਤ ਨੂੰ ਗ੍ਰਿਫਤਾਰ ਕਰ ਲਿਆ ਹੈ। ਹੁਣ ਉਸ 'ਤੇ ਮੁਕੱਦਮਾ ਚਲਾਇਆ ਜਾਵੇਗਾ। ਸ਼ੱਕੀ ਔਰਤ ਨੁੰ ਅਲ-ਤੈਫ ਫਾਊਂਡੇਸ਼ਨ ਵਿਚ ਰੱਖਿਆ ਗਿਆ ਹੈ। ਗੌਰਤਲਬ ਹੈ ਕਿ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਵੱਲੋਂ ਕੀਤੇ ਗਏ ਨਵੇਂ ਸੁਧਾਰਾਂ ਦੇ ਤਹਿਤ ਬੀਤੇ ਸਾਲ ਸੂਬੇ ਵਿਚ ਜਨਤਕ ਪ੍ਰੋਗਰਾਮਾਂ ਵਿਚ ਹਿੱਸਾ ਲੈਣ ਵਾਲੀਆਂ ਔਰਤਾਂ 'ਤੇ ਲਾਈਆਂ ਗਈਆਂ ਪਾਬੰਦੀਆਂ ਨੂੰ ਘੱਟ ਕਰ ਦਿੱਤਾ ਗਿਆ ਹੈ।