ਸਤਿਗੁਰੂ ਕਬੀਰ ਮਹਾਰਾਜ ਜੀ ਦਾ 623ਵਾਂ ਪ੍ਰਕਾਸ਼ ਦਿਹਾੜਾ ਇਟਲੀ ਵਿਖੇ ਸ਼ਰਧਾਪੂਰਵਕ ਮਨਾਇਆ

07/05/2021 2:40:36 PM

ਰੋਮ/ਇਟਲੀ (ਕੈਂਥ)-ਮਹਾਨ ਕ੍ਰਾਂਤੀਕਾਰੀ, ਯੁੱਗ ਪੁਰਸ਼, ਸਮਾਜ ਵਿੱਚ ਵਹਿਮਾਂ-ਭਰਮਾਂ ਦਾ ਨਾਸ਼ ਕਰਨ ਵਾਲੇ ਇਨਕਲਾਬੀ ਸੰਤ ਸਤਿਗੁਰੂ ਕਬੀਰ ਮਹਾਰਾਜ ਜੀ ਦਾ 623ਵਾਂ ਪ੍ਰਕਾਸ਼ ਦਿਹਾੜਾ "ਅੰਮ੍ਰਿਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ " ਦੀ ਪਾਵਨ ਹਜ਼ੂਰੀ ਵਿੱਚ ਇਟਲੀ ਦੇ ਪ੍ਰਸਿੱਧ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਟੈਂਪਲ ਬੋਰਗੋਲੀਵੀ ਸਬਾਊਦੀਆ (ਲਾਤੀਨਾ) ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਬਹੁਤ ਹੀ ਉਤਸ਼ਾਹ ਅਤੇ ਸ਼ਰਧਾਪੂਰਵਕ ਮਨਾਇਆ ਗਿਆ ।

ਇਸ ਮੌਕੇ "ਸ੍ਰੀ ਅੰਮ੍ਰਿਤਬਾਣੀ" ਦੇ ਆਰੰਭੇ ਅਖੰਡ ਜਾਪਾਂ ਦੇ ਭੋਗ ਉਪੰਰਤ ਸਜੇ ਵਿਸ਼ਾਲ ਧਾਰਮਿਕ ਦੀਵਾਨ ’ਚ ਬਾਬਾ ਅਜੀਤਪਾਲ ਮੁੱਖ ਗ੍ਰੰਥੀ ਗੁਰੂਘਰ ਨੇ ਸਤਿਗੁਰੂ ਕਬੀਰ ਸਾਹਿਬ ਜੀ ਦੇ ਇਨਲਾਬੀ ਜੀਵਨ ਵਿੱਚ ਕੀਤੀਆਂ ਘਾਲਣਾਵਾਂ ਦਾ ਵਿਸਥਾਰਪੂਰਵਕ ਵਰਣਨ ਕਰਦਿਆਂ ਕਿਹਾ ਕਿ ਸਤਿਗੁਰੂ ਕਬੀਰ ਸਾਹਿਬ ਜੀ ਦੀ ਸਮੁੱਚੀ ਬਾਣੀ, ਜਿਥੇ ਸਭ ਨੂੰ ਮੁਨੱਖਤਾ ਦਾ ਉਪਦੇਸ਼ ਦਿੰਦੀ ਹੈ, ਉੱਥੇ ਹੀ ਸਾਨੂੰ ਸਮਾਜ ਅੰਦਰ ਫੈਲ ਰਹੇ ਵਹਿਮਾਂ-ਭਰਮਾਂ ਦਾ ਡਟਵਾਂ ਵਿਰੋਧ ਕਰਨ ਲਈ ਵੀ ਪ੍ਰੇਰਦੀ ਹੈ ।

ਸਤਿਗੁਰਾਂ ਦੀ ਬਾਣੀ ਇਹ ਦਰਸਾਉਂਦੀ ਹੈ ਕਿ ਜਿਸ ਇਨਸਾਨ ਦੇ ਘਰ ਬੁੱਢੇ ਮਾਂ-ਬਾਪ ਸੇਵਾ ਪੱਖੋਂ ਦੁਖੀ ਹਨ ਅਤੇ ਉਹ ਇਨਸਾਨ ਧਾਰਮਿਕ ਅਸਥਾਨਾਂ ਉੱਤੇ ਜਾ-ਜਾ ਲੰਗਰ ਲਗਾਉਂਦਾ ਅਤੇ ਸੇਵਾ ਕਰਦਾ ਹੈ ਤਾਂ ਉਸ ਲਈ ਇਹ ਸਭ ਕੰਮ ਵਿਅਰਥ ਹਨ ਕਿਉਂਕਿ ਮਾਂ-ਬਾਪ ਦੀ ਸੇਵਾ ਤੋਂ ਵੱਡਾ ਕੋਈ ਦਾਨ-ਪੁੰਨ ਨਹੀਂ ।

ਉਨ੍ਹਾਂ ਸਤਿਗੁਰੂ ਕਬੀਰ ਸਾਹਿਬ ਜੀ ਦੇ ਜੀਵਨ ਫ਼ਲਸਫੇ ਤੋਂ ਸੇਧ ਲੈ ਕੇ ਆਪਣਾ ਲੋਕ ਸੁਖੀ ਅਤੇ ਪ੍ਰਲੋਕ ਸੁਹੇਲਾ ਕਰਨ ਦੀ ਗੱਲ ਕਰਦਿਆਂ ਕਿਹਾ ਕਿ ਅਜਿਹੇ ਰਹਿਬਰ ਦੁਨੀਆ ਵਿੱਚ ਵਿਰਲੇ ਹੀ ਆਉਂਦੇ ਹਨ। ਇਸ ਮੌਕੇ ਸੰਗਤਾਂ ਲਈ ਮਾਲ੍ਹ ਪੂੜਿਆਂ ਦੇ ਅਤੁੱਟ ਲੰਗਰ ਵਰਤਾਏ ਗਏ।

Manoj

This news is Content Editor Manoj