ਜਸਟਿਨ ਟਰੂਡੋ ਨੂੰ ਦਿੱਤੀ ਸਿਰ ''ਚ ਗੋਲੀ ਮਾਰਨ ਦੀ ਧਮਕੀ, ਹੋਈ 2 ਸਾਲ ਦੀ ਸਜ਼ਾ

12/14/2017 11:47:15 PM

ਓਟਾਵਾ— ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਸਿਰ 'ਚ ਗੋਲੀ ਮਾਰਨ ਦੀ ਧਮਕੀ ਦੇਣ ਵਾਲੇ ਨੂੰ ਸਸਕੈਚੇਵਨ ਵਿਅਕਤੀ ਨੂੰ ਦੋ ਸਾਲ ਦੀ ਮੁਅੱਤਲ ਸਜ਼ਾ ਸੁਣਾਈ ਗਈ ਹੈ, ਭਾਵ ਉਸ ਨੂੰ ਜੇਲ 'ਚ ਨਾ ਭੇਜਦਿਆਂ ਨਿਗਰਾਨੀ ਹੇਠ ਰੱਖਿਆ ਜਾਵੇਗਾ। ਬੌਰਡਨ ਸ਼ਹਿਰ ਦੇ ਵਸਨੀਕ ਡੈਰੇਕ ਹਰਲ (34) ਨੇ ਫੇਸਬੁੱਕ ਟਿੱਪਣੀ 'ਚ ਲਿਖਿਆ ਸੀ ਕਿ ਮੈਂ ਬੰਦੂਕ ਚੁੱਕੇ ਕੇ ਜਸਟਿਨ ਟਰੂਡੋ ਦੇ ਸਿਰ 'ਚ ਗੋਲੀ ਮਾਰਨਾ ਚਾਹੁੰਦਾ ਹਾਂ। ਇਹ ਕੈਨੇਡਾ ਦੇ ਹਿੱਤ 'ਚ ਕੀਤਾ ਕੰਮ ਹੋਵੇਗਾ।
ਨਿਊ ਬਰਨਜ਼ਵਿਕ ਦੀ ਪੁਲਸ ਵਲੋਂ ਪਹਿਲਾਂ ਡੈਰੇਕ ਦੀ ਟਿੱਪਣੀ ਬਾਰੇ ਪਤਾ ਲਗਾਇਆ ਗਿਆ ਤੇ ਉਨ੍ਹਾਂ ਨੇ ਕੌਮੀ ਅਧਿਕਾਰੀਆਂ ਨੂੰ ਸੂਚੇਤ ਕਰ ਦਿੱਤਾ। ਡੈਰੇਕ ਨੇ ਮਈ 2017 'ਚ ਆਪਣਾ ਜੁਰਮ ਕਬੂਲ ਕਰ ਲਿਆ ਸੀ। ਅਦਾਲਤ 'ਚ ਡੈਰੇਕ ਖਿਲਾਫ ਸੁਣਵਾਈ ਦੌਰਾਨ 'ਹੈਵਨਜ਼ ਹੈਲੀਅਨਜ਼' ਨਾਂ ਦੀ ਸੰਸਥਾ ਦੇ ਲੋਕ ਵੀ ਆਉਂਦੇ ਸਨ। ਜੋ ਕਿ ਖੁਦ ਨੂੰ ਦੱਬੇ-ਕੁਚਲੇ ਕੈਨੇਡੀਅਨਾਂ ਦੀ ਮਦਦਗਾਰ ਦੱਸਦੀ ਸੀ। ਇਸ ਗੱਲ ਦੀ ਤਸਦੀਕ ਨਹੀਂ ਕੀਤੀ ਜਾ ਸਕੀ ਕਿ ਡੈਰੇਨ ਇਸ ਸੰਸਥਾ ਦਾ ਮੈਂਬਰ ਹੈ ਜਾਂ ਅਤੀਤ 'ਚ ਸੀ।
ਇਕ ਰਿਪੋਰਟ ਮੁਤਾਬਕ ਡੈਰੇਨ ਦੇ ਵਕੀਲ ਨੇ ਦਲੀਲ ਦਿੱਤੀ ਕਿ ਡੈਰੇਨ ਨੂੰ ਉਸ ਦੇ ਕੀਤੇ 'ਤੇ ਪਛਤਾਵਾ ਹੈ। ਵਕੀਲ ਨੇ ਕਿਹਾ ਕਿ ਕਈ ਵਾਰ ਵਿਅਕਤੀ ਸੋਸ਼ਲ ਮੀਡੀਆ 'ਤੇ ਅਜਿਹੀ ਸਮੱਗਰੀ ਦੇਖਦਾ ਹੈ, ਜਿਸ ਤੋਂ ਬਾਅਦ ਅਜਿਹੀ ਹਰਕਤ ਕਰ ਬੈਠਦਾ ਹੈ, ਜਿਸ ਦੀ ਉਸ ਨੂੰ ਉਮੀਦ ਵੀ ਨਹੀਂ ਹੁੰਦੀ। 2017 'ਚ ਇਹ ਦੂਜਾ ਮਾਮਲਾ ਹੈ, ਜਦੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਧਮਕੀਆਂ ਦੇਣ ਵਾਲੇ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਫਰਵਰੀ 'ਚ ਕ੍ਰਿਸਟੋਫਰ ਹੇਅਜ਼ ਨੂੰ ਇਸੇ ਦੋਸ਼ ਦੇ ਅਧੀਨ ਗ੍ਰਿਫਤਾਰ ਕੀਤਾ ਗਿਆ ਸੀ।