ਨਿਵੇਕਲਾ ਹੋ ਨਿਬੜਿਆ ''ਸਰਦਾਰਨੀ ਅਤੇ ਸਰਦਾਰ ਜੀ ਅੰਤਰਰਾਸ਼ਟਰੀ ਮੁਕਾਬਲਾ 2017''

08/31/2017 6:42:44 AM

ਮੈਲਬੋਰਨ (ਮਨਦੀਪ ਸਿੰਘ ਸੈਣੀ)— ਵਿਰਸੇ ਦੇ ਵਾਰਿਸ ਅਤੇ ਵਿਰਾਸਤ ਫਿਲਮਜ਼ ਵੱਲੋਂ ਐਤਵਾਰ ਨੂੰ ਮੈਲਬੋਰਨ ਦੇ ਡੌਕਲੈਂਡ ਇਲਾਕੇ ਵਿੱਚ ਸਰਦਾਰਨੀ ਅਤੇ ਸਰਦਾਰ ਜੀ ਅੰਤਰਰਾਸ਼ਟਰੀ ਮੁਕਾਬਲਾ 2017 ਕਰਵਾਇਆ ਗਿਆ, ਜਿਸ ਵਿੱਚ ਆਸਟ੍ਰੇਲੀਆ, ਭਾਰਤ ਅਤੇ ਕੈਨੇਡਾ ਤੋਂ ਆਏ 17 ਸਾਬਤ ਸੂਰਤ ਅਤੇ ਸਿੱਖੀ ਸਰੂਪ ਵਾਲੇ ਗੱਭਰੂ ਅਤੇ ਮੁਟਿਆਰਾਂ ਨੇ ਭਾਗ ਲਿਆ। ਅਵਤਾਰ ਸਿੰਘ, ਗੁਰਨਿੰਦਰ ਸਿੰਘ ਗੁਰੀ, ਅਮਰਦੀਪ ਕੌਰ ਅਤੇ ਸੁਖਜੀਤ ਕੌਰ ਵੱਲੋਂ ਸਾਂਝੇ ਤੌਰ 'ਤੇ ਕਰਵਾਏ ਗਏ ਇਸ ਮੁਕਾਬਲੇ ਦਾ ਮੁੱਖ ਉਦੇਸ਼ ਸਿੱਖੀ ਸਰੂਪ, ਮਾਣ ਮੱਤੀ ਵਿਰਾਸਤ ਅਤੇ ਸੱਭਿਆਚਾਰਕ ਕਦਰਾਂ ਕੀਮਤਾਂ ਨੂੰ ਪ੍ਰਫੁੱਲਿਤ ਰੱਖਣਾ ਹੈ।

ਪੰਜਾਬੀ ਫਿਲਮ ਜਗਤ ਨਾਲ ਜੁੜੇ ਪ੍ਰੋਫੈਸਰ ਨਿਰਮਲ ਰਿਸ਼ੀ, ਸੀਮਾ ਕੌਸ਼ਲ ਅਤੇ ਨਰਿੰਦਰ ਸਿੰਘ ਨੀਨਾ ਦੁਆਰਾ ਬਤੌਰ ਜੱਜ ਸੇਵਾ ਨਿਭਾਈ ਗਈ। ਚਾਰ ਪੜਾਵਾਂ ਵਿੱਚ ਸੰਪੂਰਨ ਹੋਏ ਇਸ ਮੁਕਾਬਲੇ ਵਿੱਚ ਪ੍ਰਤੀਯੋਗੀਆਂ ਨੇ ਪੰਜਾਬੀ ਬੋਲੀ, ਸਾਹਿਤ, ਸੱਭਿਆਚਾਰ , ਗੁਰਮਤਿ, ਲੋਕ ਨਾਚ, ਪੰਜਾਬੀ ਪਹਿਰਾਵਾ ਆਦਿ ਸ਼੍ਰੇਣੀਆਂ ਵਿੱਚ ਕਲਾ ਅਤੇ ਹੁਨਰ ਨਾਲ ਆਪਣੀ ਯੋਗਤਾ ਦਾ ਭਰਪੂਰ ਪ੍ਰਗਟਾਵਾ ਕੀਤਾ। ਜੱਜਾਂ ਦੀ ਕਸਵੱਟੀ 'ਤੇ ਪੂਰੇ ਉਤਰਦਿਆਂ ਸਰਦਾਰਨੀ ਦਾ ਜੇਤੂ ਖਿਤਾਬ ਮੈਲਬੋਰਨ ਦੀ ਪ੍ਰਦੀਪ ਕੌਰ ਅਤੇ ਸਰਦਾਰ ਜੀ ਦਾ ਖਿਤਾਬ ਕੈਨੇਡਾ ਦੇ ਸਿੱਖ ਨੌਜਵਾਨ ਰਵਿੰਦਰ ਸਿੰਘ ਦੇ ਸਿਰ ਸਜਿਆ। ਫਿਲਮ ਅਦਾਕਾਰਾ ਜਸਪਿੰਦਰ ਚੀਮਾ ਅਤੇ ਗੁਰਜੀਤ ਸਿੰਘ ਨੇ ਇਸ ਮੁਕਾਬਲੇ ਵਿੱਚ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਨਿਭਾਈ ਅਤੇ ਪੰਜਾਬੀ ਗਾਇਕ ਤਰਸੇਮ ਜੱਸੜ ਨੇ ਆਪਣੇ ਗੀਤਾਂ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ।

ਕੀ ਕਹਿੰਦੀ ਹੈ ਪ੍ਰਦੀਪ ਕੌਰ?-ਇਸ ਵੱਕਾਰੀ ਖਿਤਾਬ ਨੂੰ ਜਿੱਤਣ ਤੋਂ ਬਾਅਦ ਖੁਸ਼ੀ 'ਚ ਖੀਵੀ ਹੋਈ ਪ੍ਰਦੀਪ ਕੌਰ ਨੇ 'ਜੱਗ ਬਾਣੀ' ਨਾਲ ਮੁਲਾਕਾਤ ਦੌਰਾਨ ਦੱਸਿਆਂ ਕਿ ਇਸ ਸਨਮਾਨ ਨੂੰ ਹਾਸਲ ਕਰਨ ਲਈ ਉਸਦੇ ਪਰਿਵਾਰਕ ਮੈਂਬਰਾਂ ਨੇ ਬਹੁਤ ਸਹਿਯੋਗ ਦਿੱਤਾ ਹੈ। ਪ੍ਰਦੀਪ ਇਸ ਸਮੇਂ ਮੈਲ਼ਬੋਰਨ ਵਿੱਚ ਸੂਚਨਾ ਤਕਨਾਲੋਜੀ ਵਿੱਚ ਪੜ੍ਹਾਈ ਕਰ ਰਹੀ ਹੈ ਅਤੇ ਉਹ ਭਵਿੱਖ ਵਿੱਚ ਪੰਜਾਬੀ ਫਿਲਮਾਂ ਵਿੱਚ ਸਾਬਤ ਸੂਰਤ ਸਰਦਾਰਨੀ ਵਜੋਂ ਕੰਮ ਕਰਨਾ ਚਾਹੁੰਦੀ ਹੈ। ਪੰਜਾਬ ਦੇ ਜ਼ਿਲਾ ਅੰਮ੍ਰਿਤਸਰ ਨਾਲ ਸੰੰਬੰਧਿਤ ਇਸ ਮੁਟਿਆਰ ਨੂੰ ਪੰਜਾਬੀ ਭਾਈਚਾਰੇ ਵੱਲੋਂ ਵਧਾਈਆਂ ਮਿਲ ਰਹੀਆਂ ਹਨ।