ਕੈਨੇਡਾ ''ਚ ਰਹਿਣ ਵਾਲੀ ਬੇਬੇ ਹਰ ਕਿਸੇ ਨੂੰ ਦਿੰਦੀ ਹੈ ਦੁਆਵਾਂ, ਮਨਾਇਆ 111ਵਾਂ ਜਨਮ ਦਿਨ

08/26/2017 12:20:51 PM

ਮਨੀਟੋਬਾ— ਕੈਨੇਡਾ ਦੇ ਸੂਬੇ ਮਨੀਟੋਬਾ ਦੀ ਰਹਿਣ ਵਾਲੀ ਸੇਰਾਹ ਹਾਰਪਰ ਨੇ 111ਵਾਂ ਜਨਮ ਦਿਨ ਮਨਾਇਆ। ਹਾਰਪਰ ਦੇ ਜਨਮ ਦਿਨ ਮੌਕੇ ਉਸ ਦਾ ਪਰਿਵਾਰ ਅਤੇ ਸੱਜਣ-ਮਿੱਤਰ ਮੌਜੂਦ ਸਨ। ਹਾਰਪਰ ਨੇ ਆਪਣਾ ਜਨਮ ਦਿਨ ਆਸਫੋਰਡ ਹਾਊਸ ਵਿਖੇ ਮਨਾਇਆ, ਜੋ ਕਿ ਵਿਨੀਪੈਗ ਤੋਂ 950 ਕਿਲੋਮੀਟਰ ਦੂਰ ਉੱਤਰ-ਪੂਰਬ ਵੱਲ ਹੈ। ਇੱਥੇ ਉਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਬਹੁਤ ਲੰਬਾ ਸਮਾਂ ਬਤੀਤ ਕੀਤਾ। ਇਸ ਖੁਸ਼ੀ ਦੇ ਮੌਕੇ ਉਨ੍ਹਾਂ ਨੇ ਕਿਹਾ ਕਿ ਉਹ ਬਹੁਤ ਖੁਸ਼ ਹੈ। ਜ਼ਿੰਦਗੀ ਦੇ ਇਸ ਪੜਾਅ 'ਤੇ ਪਹੁੰਚ ਕੇ ਵੀ ਉਹ ਖੁਸ਼ੀ ਮਹਿਸੂਸ ਕਰ ਰਹੀ ਹੈ। ਉਹ ਲੋਕਾਂ ਨੂੰ ਪਿਆਰ ਕਰਦੀ ਹੈ ਅਤੇ ਅਕਸਰ ਲੋਕਾਂ ਨੂੰ ਮਿਲਦੀ ਹੈ ਅਤੇ ਉਨ੍ਹਾਂ ਨੂੰ ਦੁਆਵਾਂ ਦਿੰਦੀ ਹੈ।
ਮਨੀਟੋਬਾ ਦੀ ਗਰੈਂਡ ਚੀਫ ਸ਼ੀਲਾ ਨਾਰਥ ਵਿਲਸ ਨੇ ਹਾਰਪਰ ਦੇ ਜਨਮ ਦਿਨ ਪਾਰਟੀ ਵਿਚ ਸ਼ਿਰਕਤ ਕੀਤੀ। ਸ਼ੀਲਾ ਨੇ ਕਿਹਾ ਕਿ ਹਾਰਪਰ ਨੇ ਮੈਨੂੰ ਮੇਰਾ ਮਾਪਿਆਂ ਬਾਰੇ ਪੁੱਛਿਆ ਅਤੇ ਮੈਨੂੰ ਆਸ਼ੀਰਵਾਦ ਦਿੱਤਾ। ਸ਼ੀਲਾ ਨੇ ਕਿਹਾ ਕਿ ਉਮਰ ਦੇ ਇਸ ਪੜਾਅ ਵਿਚ ਵੀ ਉਹ ਚੁਸਤ ਹਨ ਅਤੇ ਲੋਕਾਂ ਉਨ੍ਹਾਂ ਨੂੰ ਪਿਆਰ ਕਰਦੇ ਹਨ। ਸ਼ੀਲਾ ਨੇ ਦੱਸਿਆ ਕਿ ਹਾਰਪਰ ਦੇ 6 ਬੱਚੇ ਹਨ। ਉਹ ਦਾਦੀ ਦੇ ਨਾਲ-ਨਾਲ ਪੜਦਾਦੀ ਵੀ ਹੈ। ਸ਼ੀਲਾ ਨਾਰਥ ਵਿਲਸ ਨੇ ਕਿਹਾ ਕਿ ਸ਼ਾਇਦ ਉਹ ਕੈਨੇਡਾ ਦੀ ਸਭ ਤੋਂ ਬਜ਼ੁਰਗ ਔਰਤ ਹੈ ਅਤੇ ਫਿਰ ਵੀ ਉਹ ਸਿਹਤਮੰਦ ਹੈ। ਉਹ ਜ਼ਿਆਦਾਤਰ ਵੀਲ ਚੇਅਰ ਦਾ ਇਸਤੇਮਾਲ ਕਰਦੀ ਹੈ। ਹਾਰਪਰ ਨੂੰ ਘੱਟ ਸੁਣਦਾ ਹੈ ਅਤੇ ਜਦੋਂ ਲੋਕ ਉਨ੍ਹਾਂ ਨਾਲ ਕੋਈ ਗੱਲ ਕਰਦੇ ਹਨ ਤਾਂ ਉੱਚੀ ਆਵਾਜ਼ ਵਿਚ ਬੋਲਦੇ ਹਨ ਪਰ ਉਹ ਠੀਕ ਢੰਗ ਨਾਲ ਵੇਖ ਸਕਦੀ ਹੈ।