ਸੰਤ ਅਨੂਪ ਸਿੰਘ ਨੇ ਕੀਰਤਨ ਤੇ ਸ਼ਬਦ ਅਰਥ ਨਾਲ ਸੰਗਤ ਨੂੰ ਕੀਤਾ ਨਿਹਾਲ

01/13/2019 12:53:55 PM

ਵਾਸ਼ਿੰਗਟਨ ਡੀ. ਸੀ. (ਰਾਜ ਗੋਗਨਾ)— 'ਸਿੱਖ ਐਸੋਸੀਏਸ਼ਨ ਆਫ ਬਾਲਟੀਮੋਰ' ਗੁਰੂਘਰ ਵਿੱਚ ਵੱਖ-ਵੱਖ ਕੀਰਤਨੀਆਂ ਵਲੋਂ ਸਮੇਂ-ਸਮੇਂ ਸਿਰ ਧਾਰਮਿਕ ਸਮਾਗਮ ਕਰਵਾਏ ਜਾਂਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਦੁੱਤੀ ਬਾਣੀ ਨਾਲ ਸੰਗਤਾਂ ਨੂੰ ਜੋੜਿਆ ਜਾਂਦਾ ਹੈ।
ਬੀਤੇ ਦਿਨੀਂ ਸੰਤ ਅਨੂਪ ਸਿੰਘ ਜੀ ਨੇ ਇਲਾਹੀ ਬਾਣੀ ਦਾ ਕੀਰਤਨ ਅਰਥਾਂ ਰਾਹੀਂ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਸੰਗਤਾਂ ਦਾ ਤਾਂਤਾ ਸਵੇਰ ਤੋਂ ਹੀ ਸੰਤਾਂ ਦੇ ਕੀਰਤਨ ਨੂੰ ਸੁਣਨ ਤੇ ਲੱਗਾ ਰਿਹਾ। ਇੱਥੇ ਚਾਹ ਅਤੇ ਲੰਗਰਾਂ ਦੀ ਸੇਵਾ ਸਾਰਾ ਦਿਨ ਚੱਲਦੀ ਰਹੀ ਅਤੇ ਪ੍ਰਬੰਧਕਾਂ ਨੇ ਆਪਣੀਆਂ ਡਿਊਟੀਆਂ ਵੀ ਬਾਖੂਬੀ ਨਿਭਾਈਆਂ। 
ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰਾਂ ਦਾ ਕਹਿਣਾ ਸੀ ਕਿ ਬਾਣੀ ਰਾਹੀਂ ਸੰਗਤਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ ਜਾ ਰਿਹਾ ਹੈ। ਗੁਰੂ ਜੀ ਦੀ ਅਪਾਰ ਕ੍ਰਿਪਾ ਸਦਕਾ ਸੰਗਤਾਂ ਵਿੱਚ ਦਿਨੋ-ਦਿਨ ਵਾਧਾ ਹੋ ਰਿਹਾ ਹੈ। ਬਲਜਿੰਦਰ ਸਿੰਘ ਸ਼ੰਮੀ ਅਤੇ ਦਲਵੀਰ ਸਿੰਘ ਨੇ ਦੱਸਿਆ ਕਿ ਬਾਣੀ ਦੀ ਵਿਆਖਿਆ ਰਾਹੀਂ ਸੰਤ ਅਨੂਪ ਸਿੰਘ ਨੇ ਖੂਬ ਧਾਰਮਿਕ ਪ੍ਰਚਾਰ ਬਿਖੇਰਿਆ , ਜਿਸ ਸਦਕਾ ਸੰਗਤਾਂ ਦਾ ਇਕੱਠ ਉਨ੍ਹਾਂ ਨੂੰ ਸੁਣਨ ਲਈ ਦੂਰ-ਦੁਰਾਡੇ ਇਲਾਕੇ ਤੋਂ ਵੀ ਪੁੱਜਾ ਸੀ। ਉਨ੍ਹਾਂ ਕਿਹਾ ਕਿ ਜਦੋਂ ਸਿੱਖਾਂ ਉੱਤੇ ਗੁਰੂ ਦੀ ਕ੍ਰਿਪਾ ਹੋਵੇ ਤਾਂ ਹੀ ਅੰਮ੍ਰਿਤ ਛਕਣ ਦੀ ਬਿਦ ਬਣਦੀ ਹੈ। ਕਿਸੇ ਦੇ ਕਹਿਣ ਤੇ ਜ਼ੋਰ ਦੇਣ ਨਾਲ ਸਿੱਖੀ ਵਿੱਚ ਪ੍ਰਪੱਕਤਾ ਨਹੀਂ ਬਣਦੀ। ਉਨ੍ਹਾਂ ਕਿਹਾ ਨਿੰਦਿਆ, ਚੁਗਲੀ ਕਰਨ ਵਾਲਿਆਂ ਨੂੰ ਪ੍ਰਮਾਤਮਾ ਕਦੇ ਵੀ ਧਾਰਮਿਕਤਾ ਵਜੋਂ ਪ੍ਰਵਾਨ ਨਹੀਂ ਕਰਦਾ। ਜੋ ਵਿਅਕਤੀ ਹਠੀ ਅਤੇ ਬਾਣੀ-ਬਾਣੇ ਦੀਆਂ ਸਿਰਫ ਗੱਲਾਂ ਤੱਕ ਸੀਮਤ ਹਨ, ਉਹ ਵੀ ਕਦੇ ਸੱਚੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਪ੍ਰਵਾਨ ਨਹੀਂ ਚੜ੍ਹਦੇ। ਸੋ ਲੋੜ ਹੈ ਸੱਚੇ ਮਨੋ ਵਾਹਿਗੁਰੂ ਦੀ ਖੁਸ਼ੀਆਂ ਪ੍ਰਾਪਤ ਕਰਨ ਦੀ ਅਤੇ ਬਾਣੀ ਅਤੇ ਬਾਣੇ ਦੇ ਧਾਰਨੀ ਹੋਣ ਦੀ। ਸਮੁੱਚਾ ਸਮਾਗਮ ਬਹੁਤ ਹੀ ਸਫਲਤਾਪੂਰਵਕ ਨੇਪਰੇ ਚੜ੍ਹਿਆ।


Related News