ਬਰੈਂਪਟਨ ਦੀ ਸੰਗੀਤਾ ਸ਼ਰਮਾ ਦੇ ਕਤਲ ਮਾਮਲੇ ''ਚ ਪੁਲਸ ਵਲੋਂ ਦੋ ਸ਼ੱਕੀਆਂ ਦੀ ਪਛਾਣ

08/25/2020 1:12:19 PM

ਬਰੈਂਪਟਨ- ਕੈਨੇਡਾ ਦੇ ਓਂਟਾਰੀਓ ਸੂਬੇ ਦੇ ਬਰੈਂਪਟਨ ਸ਼ਹਿਰ ਦੀ 56 ਸਾਲਾ ਸੰਗੀਤਾ ਸ਼ਰਮਾ ਦੇ ਕਤਲ ਦੇ ਮਾਮਲੇ ਵਿਚ ਪੀਲ ਰੀਜਨਲ ਪੁਲਸ ਨੇ ਹਾਲ ਹੀ ਵਿਚ ਦੋ ਸ਼ੱਕੀਆਂ ਦੀ ਪਛਾਣ ਕੀਤੀ ਹੈ। 

ਸੰਗੀਤਾ ਘਰ ਦੇ ਗੈਰੇਜ ਵਿਚ ਗੋਲੀਆਂ ਨਾਲ ਗੰਭੀਰ ਜ਼ਖਮੀ ਹਾਲਤ ਵਿਚ ਮਿਲੀ ਸੀ ਅਤੇ ਉਸ ਨੂੰ ਉਸ ਦੇ ਪਤੀ ਵੱਲੋਂ ਹਸਪਤਾਲ ਲੈ ਜਾਇਆ ਗਿਆ ਸੀ, ਜਿੱਥੇ ਉਸ ਦੀ ਮੌਤ ਹੋ ਗਈ। 
ਪੁਲਸ ਨੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਦੀ ਮਦਦ ਨਾਲ ਕਤਲ ਮਾਮਲੇ ਦੇ ਦੋ ਸ਼ੱਕੀਆਂ ਦੀ ਪਛਾਣ ਕੀਤੀ ਹੈ, ਜੋ ਕਾਲੇ ਰੰਗ ਦੀ ਸੈਡਾਨ ਕਾਰ ਵਿਚ ਸਵਾਰ ਹੋ ਕੇ ਆਏ ਸਨ।

 
ਓਂਟਾਰੀਓ ਦੀ ਪੀਲ ਰੀਜਨ ਪੁਲਸ ਮੁਤਾਬਕ ਬਰੈਂਪਟਨ ਦੀ ਫਾਰਮਿਸਟ ਸੰਗੀਤਾ ਸ਼ਰਮਾ ਦਾ ਘਰ ਏਅਰਪੋਰਟ ਰੋਡ ਅਤੇ ਕੰਟਰੀ ਸਾਈਡ ਡਰਾਈਵ ਦੇ ਨੇੜੇ ਲਿਨਸਟੌਕ ਡਰਾਈਵ ਅਤੇ ਟ੍ਰੀਲਾਈਨ ਬੁਲੇਵਾਰਡ ਖੇਤਰ ਵਿਚ ਹੈ। ਸੰਗੀਤਾ ਨੂੰ ਉਸ ਸਮੇਂ ਕਿਸੇ ਨੇ ਗੋਲੀ ਮਾਰ ਦਿੱਤੀ ਜਦੋਂ ਉਹ ਘਰ ਦੇ ਗੈਰੇਜ ਵਿਚ ਸੀ। ਪੁਲਸ ਨੂੰ ਸ਼ੱਕ ਹੈ ਕਿ ਸੇਡਾਨ ਕਾਰ ਵਿਚ ਆਏ ਦੋ ਸ਼ੱਕੀਆਂ ਨੇ ਹੀ ਸੰਗੀਤਾ ਨੂੰ ਗੋਲੀ ਮਾਰੀ ਤੇ ਮੌਕੇ ਤੋਂ ਫਰਾਰ ਹੋ ਗਏ। ਪੁਲਸ ਵਲੋਂ ਇਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ। ਗੌਰਤਲਬ ਹੈ ਕਿ ਸੰਗੀਤਾ ਸ਼ਰਮਾ ਦੇ ਪਤੀ ਪਹਿਲਾਂ ਬਰੈਂਪਟਨ ਦੇ ਹਿੰਦੂ ਮੰਦਰ ਵਿਚ ਪੁਜਾਰੀ ਸੀ। ਬਾਅਦ ਵਿਚ ਉਨ੍ਹਾਂ ਨੇ ਇਕ ਫਾਰਮੈਂਸੀ ਖਰੀਦੀ ਤੇ ਵੇਚ ਦਿੱਤੀ। ਕਰਮਚਾਰੀਆਂ ਨੇ ਦੱਸਿਆ ਉਹ ਅਜੇ ਵੀ ਕੰਮ ਕਰਦੀ ਸੀ ਤੇ ਬਹੁਤ ਮਿਹਨਤੀ ਜਨਾਨੀ ਸੀ। 
 

Lalita Mam

This news is Content Editor Lalita Mam