ਨਿਊਜ਼ੀਲੈਂਡ 'ਚ ਪੰਜਾਬੀ ਦਾ ਕਤਲ, ਦੋਸਤ ਨੇ ਰਚੀ ਸਾਰੀ ਸਾਜਿਸ਼

05/25/2018 4:04:12 PM

ਆਕਲੈਂਡ— ਨਿਊਜ਼ੀਲੈਂਡ 'ਚ ਪਿਛਲੇ ਸਾਲ 18 ਦਸੰਬਰ ਨੂੰ ਪੰਜਾਬੀ ਨੌਜਵਾਨ ਸੰਦੀਪ ਧੀਮਾਨ ਦੀ ਲਾਸ਼ ਮਿਲੀ ਸੀ , ਜਿਸ ਦੇ ਕਾਤਲ ਨੂੰ ਅਦਾਲਤ ਨੇ ਸਜ਼ਾ ਸੁਣਾਈ ਹੈ। ਨੇਪੀਅਰ ਦੇ ਮਾਟਾਹੋਰੂਆ ਰੋਡ ਤੋਂ 18 ਦਸੰਬਰ, 2017 ਨੂੰ ਸੰਦੀਪ ਧੀਮਾਨ ਦੀ ਲਾਸ਼ ਮਿਲੀ ਸੀ। ਜਾਂਚ ਮਗਰੋਂ ਸੰਦੀਪ ਦੇ ਦੋਸਤ ਸ਼ੋਨ ਕ੍ਰੋਰੀਆ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਜਾਣਕਾਰੀ ਅਨੁਸਾਰ ਸੰਦੀਪ ਧੀਮਾਨ ਜੋ ਪੰਜਾਬ ਦੇ ਖਰੜ ਇਲਾਕੇ ਨਾਲ ਸਬੰਧ ਰੱਖਦਾ ਸੀ, ਦਾ ਕਤਲ ਕਰਨ ਦੇ ਦੋਸ਼ ਹੇਠ 17 ਸਾਲ ਦੇ ਸ਼ੋਨ ਕ੍ਰੋਰੀਆ ਨੂੰ ਗ੍ਰਿਫ਼ਤਾਰ ਕਰਕੇ ਨੇਪੀਅਰ ਹਾਈ ਕੋਰਟ ਵਿੱਚ ਪੇਸ਼ ਕੀਤਾ ਗਿਆ ਸੀ। ਉਸ ਖ਼ਿਲਾਫ਼ ਹਿੰਸਕ ਲੁੱਟ ਦੀ ਵਾਰਦਾਤ ਅਤੇ ਕਤਲ ਕਰਨ ਦੇ ਦੋਸ਼ ਦਾਇਰ ਕੀਤੇ ਗਏ ਸਨ। ਇਸ ਘਟਨਾ ਵਿੱਚ ਸ਼ੋਨ ਦੀ 17 ਸਾਲਾ ਮਹਿਲਾ ਮਿੱਤਰ ਵੀ ਸ਼ਾਮਲ ਸੀ, ਜਿਸ ਦਾ ਨਾਮ ਗੁਪਤ ਰੱਖਿਆ ਗਿਆ ਹੈ। ਉਸ ਖ਼ਿਲਾਫ਼ ਵੀ ਕਤਲ ਕਰਨ ਅਤੇ ਹਿੰਸਕ ਲੁੱਟ ਦੀ ਵਾਰਦਾਤ ਕਰਨ ਦੇ ਦੋਸ਼ ਦਾਇਰ ਕੀਤੇ ਗਏ ਸਨ।


ਵੀਰਵਾਰ ਨੂੰ ਕੇਸ ਦੀ ਸੁਣਵਾਈ ਕਰਦਿਆਂ ਜੱਜ ਵੱਲੋਂ ਪੰਜਾਬੀ ਮੂਲ ਦੇ ਸੰਦੀਪ ਧੀਮਾਨ (30 ਸਾਲ) ਦਾ ਕਤਲ ਕਰਨ ਵਾਲੇ ਨੌਜਵਾਨ ਨੂੰ ਅਦਾਲਤ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਕੇਸ ਅਨੁਸਾਰ ਸ਼ੋਨ ਕ੍ਰੋਰੀਆ ਵੱਲੋਂ ਪਹਿਲਾਂ ਨਾਟਕੀ ਢੰਗ ਨਾਲ ਸੰਦੀਪ ਧੀਮਾਨ ਨਾਲ ਦੋਸਤੀ ਕੀਤੀ ਗਈ। ਉਸ ਦਾ ਮਕਸਦ ਸੰਦੀਪ ਦੀ ਗੱਡੀ ਚੋਰੀ ਕਰਨਾ ਸੀ। ਉਸ ਨੇ ਸੰਦੀਪ ਧੀਮਾਨ ਨੂੰ ਦੂਰ-ਦੁਰਾਡੇ ਖੇਤਰ ਵਿੱਚ ਘੁੰਮਣ ਜਾਣ ਲਈ ਕਿਹਾ ਸੀ। ਇੱਕ ਸੁੰਨਸਾਨ ਜਗ੍ਹਾ 'ਤੇ ਜਾਣ ਮਗਰੋਂ ਸੰਦੀਪ ਅਤੇ ਸ਼ੋਨ ਕਾਰ ਵਿੱਚੋਂ ਬਾਹਰ ਨਿਕਲ ਕੇ ਸੈਰ ਕਰਨ ਲਈ ਤੁਰੇ ਤਾਂ ਸ਼ੌਨ ਨੇ ਚਾਕੂ ਨਾਲ ਸੰਦੀਪ ਧੀਮਾਨ 'ਤੇ ਹਮਲਾ ਕਰ ਦਿੱਤਾ। ਉਸ ਨੇ ਸੰਦੀਪ ਧੀਮਾਨ 'ਤੇ 9 ਵਾਰ ਹਮਲਾ ਕੀਤਾ ਅਤੇ ਇਹ ਹਮਲਾ ਉਸ ਲਈ ਘਾਤਕ ਸਾਬਿਤ ਹੋਇਆ।
ਸੰਦੀਪ ਨੇ ਆਪਣਾ 31ਵਾਂ ਜਨਮ ਦਿਨ ਅਜੇ ਮਨਾਉਣਾ ਸੀ ਕਿ ਇਸ ਤੋਂ ਪਹਿਲਾਂ ਇਕ ਝੂਠੇ ਦੋਸਤ ਨੇ ਉਸ ਨੂੰ ਧੋਖੇ ਨਾਲ ਮਾਰ ਦਿੱਤਾ। ਸੰਦੀਪ ਦੇ ਭਰਾ ਨੇ ਦੱਸਿਆ ਕਿ ਉਹ ਪੜ੍ਹਾਈ ਅਤੇ ਨੌਕਰੀ ਦੇ ਚੰਗੇ ਮੌਕੇ ਪ੍ਰਾਪਤ ਕਰਨ ਲਈ 2015 'ਚ ਨਿਊਜ਼ੀਲੈਂਡ ਗਿਆ ਸੀ। ਉਸ ਨੇ ਦੱਸਿਆ ਕਿ ਭਾਰਤ 'ਚ ਬੈਠੇ ਉਨ੍ਹਾਂ ਦੇ ਮਾਂ-ਬਾਪ ਹਰ ਸਮੇਂ ਸੰਦੀਪ ਨੂੰ ਯਾਦ ਕਰਦੇ ਹਨ ਅਤੇ ਅਜੇ ਵੀ ਉਨ੍ਹਾਂ ਦੀਆਂ ਅੱਖਾਂ ਦੇ ਹੰਝੂ ਨਹੀਂ ਰੁਕ ਰਹੇ।