ਹੁਣ ਰਿਮੋਟ ਨਾਲ ਨਹੀਂ ਸਗੋਂ ਦਿਮਾਗ ਨਾਲ ਕੰਟਰੋਲ ਕਰ ਸਕੋਗੇ ਟੀ.ਵੀ.

11/14/2018 3:17:32 PM

ਸਾਨ ਫ੍ਰਾਂਸਿਸਕੋ (ਏਜੰਸੀ)— ਵਿਗਿਆਨੀ ਮਨੋਰੰਜਨ ਦੇ ਖੇਤਰ ਨਾਲ ਸਬੰਧਤ ਇਕ ਨਵੀਂ ਤਕਨੀਕ ਵਿਕਸਿਤ ਕਰਨ 'ਤੇ ਕੰਮ ਰਹੇ ਹਨ। ਜਲਦੀ ਹੀ ਅਜਿਹੀ ਤਕਨਾਲੋਜੀ ਵਾਲਾ ਟੀ.ਵੀ ਆ ਰਿਹਾ ਹੈ ਜਿਸ ਨੂੰ ਤੁਸੀਂ ਦਿਮਾਗ ਜ਼ਰੀਏ ਕੰਟਰੋਲ ਕਰ ਸਕੋਗੇ। ਮਤਲਬ ਸਿਰਫ ਤੁਹਾਡੇ ਸੋਚਣ ਨਾਲ ਹੀ ਚੈਨਲ ਬਦਲ ਜਾਵੇਗਾ ਤੇ ਆਵਾਜ਼ ਵੀ ਘੱਟ-ਵੱਧ ਕੀਤੀ ਜਾ ਸਕੇਗੀ। ਇਸ ਲਈ ਜੇ ਤੁਸੀਂ ਟੀ.ਵੀ. ਰਿਮੋਟ ਕਿਤੇ ਰੱਖ ਕੇ ਭੁੱਲ ਗਏ ਹੋ ਜਾਂ ਖਰਾਬ ਹੋ ਗਿਆ ਹੈ ਤਾਂ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ। 

ਦੱਖਣੀ ਕੋਰੀਆਈ ਕਨਜਿਊਮਰ ਇਲੈਕਟ੍ਰਾਨਿਕਸ ਮਹਾਨ ਸੈਮਸੰਗ ਨੇ ਇਸ ਦਾ ਪ੍ਰੋਟੋਟਾਈਪ ਤਿਆਰ ਕਰ ਲਿਆ ਹੈ। ਕੰਪਨੀ ਨੇ ਇਸ ਨੂੰ ਪ੍ਰਾਜੈਕਟ ਪੋਂਥਿਯਸ ਨਾਮ ਦਿੱਤਾ ਹੈ। ਉਹ ਸਵਿੱਟਜ਼ਰਲੈਂਡ ਦੇ ਸੈਂਟਰ ਆਫ ਨਿਊਰੋਪ੍ਰੋਸਥੇਟਿਕਸ ਨਾਲ ਮਿਲ ਕੇ ਇਸ 'ਤੇ ਕੰਮ ਕਰ ਰਹੀ ਹੈ। ਕੰਪਨੀ ਨੇ ਪਿਛਲੇ ਹਫਤੇ ਸਾਨ ਫ੍ਰਾਂਸਿਸਕੋ ਵਿਚ ਹੋਈ ਡਿਵੈਲਪਰ ਕਾਨਫਰੰਸ ਵਿਚ ਇਸ ਦਾ ਪ੍ਰੋਟੋਟਾਈਪ ਪੇਸ਼ ਕੀਤਾ ਸੀ। ਕੰਪਨੀ ਨੇ ਬਿਆਨ ਵਿਚ ਦੱਸਿਆ ਕਿ ਇਸ ਪ੍ਰਾਜੈਕਟ ਦਾ ਮੂਲ ਉਦੇਸ਼ ਗੰਭੀਰ ਸਰੀਰਕ ਅਸਮਰੱਥਾ ਵਾਲੇ ਲੋਕਾਂ ਨੂੰ ਬਿਨਾਂ ਕਿਸੇ ਦੀ ਮਦਦ ਦੇ ਪਸੰਦੀਦਾ ਸੀਰੀਅਲ ਅਤੇ ਸ਼ੋਅ ਦਿਖਾਉਣ ਵਿਚ ਮਦਦ ਕਰਨਾ ਹੈ। ਕਵਾਡ੍ਰੀਪਲੇਜੀਆ ਪੀੜਤ (ਹੱਥਾਂ-ਪੈਰਾਂ ਤੋਂ ਅਸਮਰੱਥ) ਲੋਕਾਂ ਲਈ ਇਹ ਸਹਾਇਕ ਸਿੱਧ ਹੋਵੇਗਾ। 

ਪ੍ਰਾਜੈਕਟ ਨਾਲ ਜੁੜੇ ਵਿਗਿਆਨਕ ਰਿਕਾਰਡੋ ਕੈਵੇਰਿਯਾਗਾ ਨੇ ਦੱਸਿਆ ਕਿ ਇਹ ਤਕਨਾਲੋਜੀ ਜਟਿਲ ਹੈ ਪਰ ਬਹੁਤ ਸਮਝਦਾਰ ਹੈ। ਸਾਨੂੰ ਇਹ ਧਿਆਨ ਰੱਖਣ ਦੀ ਵੀ ਲੋੜ ਹੈ ਕਿ ਇਸ ਨੂੰ ਇਨਸਾਨੀ ਦਿਮਾਗ ਨਾਲ ਜੁੜ ਕੇ ਕੰਮ ਕਰਨ ਲਈ ਬਣਾਇਆ ਜਾ ਰਿਹਾ ਹੈ। ਦਰਸ਼ਕ ਨੂੰ ਟੀ.ਵੀ. ਨਾਲ ਜੋੜਨ ਲਈ ਇਹ ਸਿਸਟਮ ਬ੍ਰੇਨ ਕੰਪਿਊਟਰ ਇੰਟਰਫੇਸ (ਬੀ.ਸੀ.ਆਈ.) ਦੀ ਵਰਤੋਂ ਕਰਦਾ ਹੈ। ਬੀ.ਸੀ.ਆਈ. 64 ਸੈਂਸਰ ਅਤੇ ਆਈ ਮੋਸ਼ਨ ਟ੍ਰੈਕਰ ਵਾਲੇ ਹੈੱਡਸੈੱਟ 'ਤੇ ਨਿਰਭਰ ਕਰਦਾ ਹੈ। ਫਿਲਹਾਲ ਵਿਗਿਆਨੀ ਦਿਮਾਗੀ ਤਰੰਗਾਂ ਦੇ ਸੈਂਪਲ ਜਮਾਂ ਕਰ ਰਹੇ ਹਨ ਤਾਂ ਜੋ ਉਹ ਨਿਸ਼ਚਿਤ ਕਰ ਸਕਣ ਕਿ ਫਿਲਮ ਦੇਖਣ ਦੌਰਾਨ ਦਿਮਾਗ ਕਿਸ ਤਰ੍ਹਾਂ ਦਾ ਵਿਵਹਾਰ ਕਰਦਾ ਹੈ। ਇਸੇ ਸਿਸਟਮ ਨੂੰ ਵਿਕਸਿਤ ਕਰ ਇਸ ਤਰ੍ਹਾਂ ਬਣਾਇਆ ਜਾਂਦਾ ਹੈ ਕਿ ਇਹ ਅਨੁਮਾਨਾਂ ਲਈ ਦਿਮਾਗੀ ਤਰੰਗਾਂ ਦੀ ਵਰਤੋਂ ਕਰੇਗਾ ਅਤੇ ਅੱਖਾਂ ਦੀ ਮੂਵਮੈਂਟ ਨਾਲ ਇਸ ਦੀ ਪੁਸ਼ਟੀ ਕਰੇਗਾ।

ਇਕ ਵਾਰ ਚੋਣ ਦੇ ਬਾਅਦ ਸਾਫਟਵੇਅਰ ਯੂਜ਼ਰ ਦੀ ਪ੍ਰੋਫਾਈਲ ਬਣਾਉਣ ਵਿਚ ਸਮਰੱਥ ਹੋ ਜਾਂਦਾ ਹੈ ਅਤੇ ਭਵਿੱਖ ਵਿਚ ਸੁਝਾਅ ਦਿੰਦਾ ਹੈ। ਨਾਲ ਹੀ ਕੰਟੈਂਟ ਚੋਣ ਦੀ ਪ੍ਰਕਿਰਿਆ ਨੂੰ ਵਿਵਸਥਿਤ ਕਰਦਾ ਹੈ। ਫਿਲਹਾਲ ਸੈਂਸਰ ਵਾਲਾ ਹੈੱਡਸੈੱਟ ਪਾਉਣ ਨਾਲ ਪਹਿਲਾਂ ਸਿਰ 'ਤੇ ਜੈੱਲ ਲਗਾਉਣੀ ਪੈਂਦੀ ਹੈ। ਅਜਿਹਾ ਕਰਨਾ ਔਖਾ ਹੋ ਸਕਦਾ ਹੈ ਇਸ ਲਈ ਕੰਪਨੀ ਇਸ ਪ੍ਰਕਿਰਿਆ ਨੂੰ ਆਸਾਨ ਬਣਾਉਣ 'ਤੇ ਕੰਮ ਕਰ ਰਹੀ ਹੈ। ਇਸ ਨਵੇਂ ਸਿਸਟਮ ਦੇ ਜ਼ਰੀਏ ਯੂਜ਼ਰ ਸਿੱਧੇ ਦਿਮਾਗੀ ਤਰੰਗਾਂ ਦੇ ਜ਼ਰੀਏ ਟੀ.ਵੀ. ਨਾਲ ਜੁੜ ਸਕਣਗੇ।

Vandana

This news is Content Editor Vandana