ਇਟਲੀ ''ਚ ਮਨਾਇਆ ਗਿਆ ਸੰਤ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦਾ ਦਿਹਾੜਾ

10/22/2023 4:58:48 PM

 ਮਿਲਾਨ/ਇਟਲੀ (ਸਾਬੀ ਚੀਨੀਆ): ਮਹਾਨ ਤਪੱਸਵੀ, ਵਿੱਦਿਆ ਦਾਨੀ ਅਤੇ ਸੇਵਾ ਦੇ ਪੁੰਜ ਧੰਨ ਧੰਨ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੇ 141ਵੇਂ ਜਨਮ ਦਿਹਾੜੇ 'ਤੇ ਦੇਸ਼-ਵਿਦੇਸ਼ ਵਿਚ ਸਮਾਗਮ ਕਰਵਾਏ ਜਾ ਰਹੇ ਹਨ। ਇਟਲੀ ਦੇ ਗੁਰਦੁਆਰਾ ਸਿੰਘ ਸਭਾ ਫਲੈਰੋ ਬਰੇਸ਼ੀਆ ਵਿਖੇ ਵੀ ਸੰਤ ਬਾਬਾ ਪ੍ਰੇਮ ਸਿੰਘ ਜੀ ਦੇ ਜਨਮ ਦਿਹਾੜੇ ਸੰਬੰਧੀ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ। 20 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਸ੍ਰੀ ਆਖੰਡ ਪਾਠ ਸਾਹਿਬ ਜੀ ਆਰੰਭ ਹੋਏ। ਸ਼ੁੱਕਰਵਾਰ ਅਤੇ ਸ਼ਨੀਵਾਰ ਸ਼ਾਮ ਨੂੰ ਦੀਵਾਨ ਸਜਾਇਆ ਗਿਆ। 22 ਅਕਤੂਬਰ ਦਿਨ ਐਤਵਾਰ ਨੂੰ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਸਮਾਗਮ ਕਰਵਾਇਆ ਗਿਆ  ਜਿਨ੍ਹਾਂ ਵਿਚ ਗੁਰਦੁਆਰਾ ਸਿੰਘ ਸਭਾ ਫਲੇਰੋ ਦੇ ਹੈਡ ਗ੍ਰੰਥੀ ਭਾਈ ਚੰਚਲ ਸਿੰਘ ਨੇ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। 

ਉਪਰੰਤ ਪੰਥ ਪ੍ਰਸਿੱਧ ਅੰਤਰਰਾਸ਼ਟਰੀ ਢਾਡੀ ਜੱਥਾ ਭਾਈ ਜਤਿੰਦਰ ਸਿੰਘ ਨੂਰਪੁਰੀ ਵੱਲੋਂ ਢਾਡੀ ਵਾਰਾਂ ਨਾਲ ਸੰਤ ਪ੍ਰੇਮ ਸਿੰਘ ਜੀ ਦੇ ਜੀਵਨ ਇਤਿਹਾਸ 'ਤੇ ਚਾਨਣਾ ਪਾਉਂਦੇ ਹੋਏ ਉਹਨਾਂ ਦੁਆਰਾ ਦਰਸਾਏ ਗਏ ਮਾਰਗ 'ਤੇ ਚੱਲਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਸੰਗਤਾਂ ਨੂੰ ਜਨਮ ਦਿਹਾੜੇ ਦੀਆ ਵਧਾਈਆਂ ਦਿੰਦਿਆ ਕਿਹਾ ਕਿ ਸੰਤਾਂ ਨੇ 1882 ਤੋਂ 1950 ਤੱਕ ਕੌਮ ਲਈ ਵੱਡੀ ਸੇਵਾ ਨਿਭਾਈ। ਇਸਦੇ ਨਾਲ ਹੀ ਸੰਤਾਂ ਨੇ ਵਿੱਦਿਆ ਦੇ ਖੇਤਰ ਵਿੱਚ ਪ੍ਰਸਾਰ ਕਰਦੇ ਪੰਜ ਸਕੂਲ ਵੀ ਖੋਲ੍ਹੇ ਅਤੇ ਲੱਖਾਂ ਦੀ ਗਿਣਤੀ ਵਿੱਚ ਲੋਕਾਂ ਨੂੰ ਅੰਮ੍ਰਿਤ ਛਕਾਇਆ ਅਤੇ ਸਿੱਖ ਧਰਮ ਦੇ ਪ੍ਰਚਾਰ ਅਤੇ ਸਮਾਜ ਦਾ ਸੁਧਾਰ ਕੀਤਾ। ਉਹਨਾਂ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸੰਤਾਂ ਦੁਆਰਾ ਦਰਸਾਏ ਮਾਰਗ ਅਨੁਸਾਰ ਅੱਜ ਬੱਚਿਆਂ ਨੂੰ ਗੁਰਬਾਣੀ ਨਾਲ ਜੋੜ ਕੇ ਗੁਰੂ ਵਾਲੇ ਬਣਾਈਏ ਅਤੇ ਇਤਿਹਾਸ ਤੋਂ ਜਾਣੂੰ ਕਰਵਾਈਏ। 

ਪੜ੍ਹੋ ਇਹ ਅਹਿਮ ਖ਼ਬਰ-ਮਾਲਦੀਵ ਤੋਂ ਦੁਖਦਾਇਕ ਖ਼ਬਰ, ਹਾਦਸੇ 'ਚ 2 ਭਾਰਤੀਆਂ ਦੀ ਦਰਦਨਾਕ ਮੌਤ

ਇਸ ਮੌਕੇ ਸੰਗਤਾਂ ਲਈ ਅਨੇਕਾਂ ਤਰ੍ਹਾਂ ਦੇ ਲੰਗਰ ਲਗਾਏ ਗਏ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਸਮੂਹ ਸੰਗਤਾਂ, ਲੰਗਰਾਂ ਦੀ ਸੇਵਾ ਨਿਭਾਉਣ ਵਾਲੇ ਸੇਵਾਦਾਰਾਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਮੁੱਖ ਸੇਵਾਦਾਰ ਸੁਰਿੰਦਰ ਜੀਤ ਸਿੰਘ ਪੰਡੋਰੀ,ਵਾਇਸ ਸੇਵਾਦਾਰ ਬਲਕਾਰ ਸਿੰਘ ਘੋੜੇਸ਼ਾਹਵਾਨ,ਖ਼ਜ਼ਾਨਚੀ ਅਤੇ ਸੈਕਟਰੀ ਸ਼ਰਨਜੀਤ ਸਿੰਘ ਠਾਕਰੀ,ਲੰਗਰ ਸੇਵਾਦਾਰ ਨਿਸ਼ਾਨ ਸਿੰਘ ਭਦਾਸ,ਸੰਤ ਬਾਬਾ ਪ੍ਰੇਮ ਸਿੰਘ ਯਾਦਗਾਰ ਕਮੇਟੀ ਦੇ ਮੁੱਖ ਸੇਵਾਦਾਰ ਅਮਰੀਕ ਸਿੰਘ ਚੌਹਾਨ,ਸ. ਕੁਲਵੰਤ ਸਿੰਘ ਬੱਸੀ, ਵਾਇਸ ਖ਼ਜ਼ਾਨਚੀ ਸ ਸਵਰਨ ਸਿੰਘ ਲਾਲੇਵਾਲ, ਸ ਮਹਿੰਦਰ ਸਿੰਘ ਮਾਜਰਾ ਆਦਿ ਹਾਜ਼ਰ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

    

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।  

Vandana

This news is Content Editor Vandana