ਐਸ. ਐੱਚ. ਭਜਨ ਨੂੰ ਦਿੱਤਾ ਗਿਆ ਲਾਈਫ ਟਾਈਮ ਅਚੀਵਮੈਂਟ ਐਵਾਰਡ

12/08/2017 12:15:49 PM

ਫਰੀਮਾਟ,(ਰਾਜ ਗੋਗਨਾ)—ਬੀਤੇ ਦਿਨ ਗੀਤ-ਸੰਗੀਤ ਇੰਟਰਟੈਨਮੈਂਟ ਵਲੋਂ ਵਿਦੇਸ਼ਾਂ ਵਿੱਚ ਪੰਜਾਬੀ ਗਾਇਕੀ ਦੇ ਅਖਾੜਿਆਂ ਦੇ ਮੋਢੀ ਐਸ. ਐੱਚ. ਭਜਨ ਨੂੰ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਨਵਾਜਿਆ ਗਿਆ।  ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਪਤਨੀ ਨੂੰ ਸੋਨੇ ਦੀ ਮੁੰਦਰੀਆਂ ਪ੍ਰਬੰਧਕਾਂ ਵਲੋਂ ਪਾਈਆਂ ਗਈਆਂ। ਉਨ੍ਹਾਂ ਦੇ ਮਾਣ ਵਿੱਚ ਤਿਆਰ ਕੀਤਾ ਮਾਣ ਪੱਤਰ ਪ੍ਰਸਿੱਧ ਉਸਤਾਦ ਲੇਖਕ ਹਰਜਿੰਦਰ ਸਿੰਘ ਕੰਗ ਨੇ ਪੜ੍ਹਿਆ ਅਤੇ ਮਾਣ-ਸਨਮਾਨ ਦੇਣ ਦੀ ਰਸਮ ਮਾਤਾ ਦੇਵਿੰਦਰ ਕੌਰ ਦਿਉਲ ਅਤੇ ਦਲਵੀਰ ਕੌਰ ਔਲਖ ਨੇ ਨਿਭਾਈ।

ਪ੍ਰਬੰਧਕਾਂ ਵਿੱਚ ਆਸ਼ਾ ਸ਼ਰਮਾ ਅਤੇ ਸੁਖਦੇਵ ਸਾਹਿਲ ਨੇ ਜਿੱਥੇ ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ ਗਾਇਕ ਸੁਰਿੰਦਰ ਛਿੰਦਾ ਦਾ ਧੰਨਵਾਦ ਕੀਤਾ, ਉਥੇ ਆਸ਼ਾ ਸ਼ਰਮਾ ਨੇ ਐਸ. ਐੱਚ. ਭਜਨ ਦੀਆ ਪ੍ਰਾਪਤੀਆਂ ਦਾ ਬਿਊਰਾ ਸ਼ਾਮ ਸੁਨਿਹਰੀ 'ਚ ਆਪਣੇ ਨਿਵੇਕਲੇ ਅੰਦਾਜ਼ ਵਿੱਚ ਦਿੱਤਾ। ਵਿਲੱਖਣ ਸ਼ਾਮ ਸੁਨਿਹਰੀ ਵਿਦੇਸ਼ ਵਸਦੇ ਪੰਜਾਬੀਆਂ ਦੇ ਹਿਰਦਿਆਂ 'ਚ ਇੱਕ ਛਾਪ ਛੱਡਦੀ ਦੇਰ ਰਾਤ ਖਤਮ ਹੋਈ, ਜਿਸ ਵਿੱਚ ਹਰ ਖੇਤਰ ਦੇ ਪੰਜਾਬੀ ਆਪਣੇ ਪਰਿਵਾਰਾਂ ਸਮੇਤ ਸ਼ਾਮਲ ਹੋਏ, ਜਿਨ੍ਹਾਂ ਲਈ ਪ੍ਰਬੰਧਕਾਂ ਵਲੋਂ ਰਾਤ ਦੇ ਖਾਣੇ ਦਾ ਵਿਸ਼ੇਸ਼ ਪ੍ਰਬੰਧ ਕੀਤਾ ਹੋਇਆ ਸੀ।