ਕੈਨੇਡਾ : ਬੱਸ ਹਾਦਸੇ ''ਚ ਜ਼ਖਮੀ ਹੋਏ ਖਿਡਾਰੀ ਨੂੰ ਉਡੀਕ ਦੇ ਮਾਪੇ, ਛੇਤੀ ਹੋਵੇਗੀ ਘਰ ਵਾਪਸੀ

06/17/2018 5:53:33 PM

ਸਸਕੈਚਵਾਨ— ਕੈਨੇਡਾ ਦੇ ਸੂਬੇ ਸਸਕੈਚਵਾਨ 'ਚ ਬੀਤੀ 6 ਅਪ੍ਰੈਲ 2018 'ਚ ਵਾਪਰੇ ਭਿਆਨਕ ਬੱਸ ਹਾਦਸੇ 'ਚ ਗੰਭੀਰ ਜ਼ਖਮੀ ਹੋਇਆ ਰਿਆਨ ਸਟਰੈਸਨਿਜ਼ਕੀ ਨਾਂ ਦਾ ਲੜਕਾ ਠੀਕ ਹੋ ਗਿਆ ਹੈ ਅਤੇ ਉਸ ਦੀ ਮਾਂ ਉਸ ਦੇ ਘਰ ਆਉਣ ਦੀ ਉਡੀਕ ਕਰ ਰਹੀ ਹੈ। ਛੇਤੀ ਹੀ ਉਸ ਦੀ ਘਰ ਵਾਪਸੀ ਹੋਵੇਗੀ। ਮਹਜ 19 ਸਾਲਾ ਦਾ ਰਿਆਨ ਲਕਵਾਗ੍ਰਸਤ ਹੋ ਗਿਆ ਸੀ। ਰਿਆਨ ਦਾ ਕੈਲਗਰੀ ਦੇ ਮੈਡੀਕਲ ਸੈਂਟਰ ਹਸਪਤਾਲ 'ਚ ਲੰਬਾ ਇਲਾਜ ਚੱਲਿਆ। ਗੰਭੀਰ ਜ਼ਖਮੀ ਹੋਣ ਦੇ ਬਾਵਜੂਦ ਰਿਆਨ ਨੇ ਹੌਂਸਲਾ ਨਹੀਂ ਛੱਡਿਆ। ਰਿਆਨ ਹੁਮਬੋਲਟ ਬਰੋਨਕੋਸ ਆਈਸ ਜੂਨੀਅਰ ਹਾਕੀ ਟੀਮ ਦਾ ਖਿਡਾਰੀ ਸੀ। ਸਸਕੈਚਵਾਨ 'ਚ ਬੀਤੀ 6 ਅਪ੍ਰੈਲ ਨੂੰ ਖਿਡਾਰੀਆਂ ਦੀ ਬੱਸ ਦੀ ਟੱਕਰ ਇਕ ਸੈਮੀ ਟਰੇਲਰ ਟਰੱਕ ਨਾਲ ਹੋ ਗਈ ਸੀ। ਇਸ ਹਾਦਸੇ 'ਚ 6 ਲੋਕ ਅਤੇ 10 ਖਿਡਾਰੀ ਮਾਰੇ ਗਏ ਸਨ ਅਤੇ 13 ਹੋਰ ਜ਼ਖਮੀ ਹੋ ਗਏ ਸਨ। 


ਓਧਰ ਰਿਆਨ ਦੇ ਪਿਤਾ ਟੌਮ ਸਟਰੈਸਨਿਜ਼ਕੀ ਨੇ ਕਿਹਾ ਕਿ ਉਹ ਪਹਿਲਾਂ ਤੋਂ ਹੀ ਆਪਣੇ ਪੁੱਤਰ ਦੀ ਦੇਖਭਾਲ ਕਰਨ ਲਈ ਸਿਖਲਾਈ ਲੈ ਚੁੱਕੇ ਹਨ। ਆਪਣੇ ਘਰ ਵਿਚ ਕੈਨੇਡੀਅਨ ਮੀਡੀਆ ਨੂੰ ਦਿੱਤੇ ਇੰਟਰਵਿਊ 'ਚ ਪਿਤਾ ਟੌਮ ਨੇ ਦੱਸਿਆ ਕਿ ਮੈਂ ਰਿਆਨ ਦੀ ਦੇਖਭਾਲ ਦੇ ਸਾਰੇ ਤੌਰ-ਤਰੀਕੇ ਸਿੱਖ ਗਿਆ ਹਾਂ। ਉਨ੍ਹਾਂ ਦੱਸਿਆ ਕਿ ਪਰਿਵਾਰ ਦੀ ਮਦਦ ਲਈ ਇਕ ਫੰਡਰੇਜ਼ਰ ਬਣਾਇਆ ਗਿਆ ਸੀ, ਜਿਸ ਤੋਂ ਸਾਨੂੰ ਮਦਦ ਮਿਲੀ। ਓਧਰ ਰਿਆਨ ਦੇ ਸਾਬਕਾ ਟ੍ਰੇਨਰ ਕੋਂਡੀ ਥਾਮਪਸਨ ਨੇ ਕਿਹਾ ਕਿ ਇਹ ਗੱਲ ਜ਼ਿਆਦਾ ਮਹੱਤਵਪੂਰਨ ਹੈ ਕਿ ਰਿਆਨ ਨੂੰ ਸਮੇਂ ਸਿਰ ਇਲਾਜ ਮਿਲਿਆ। ਥਾਮਪਸਨ ਨੇ ਕਿਹਾ ਕਿ ਉਨ੍ਹਾਂ ਨੇ ਬੀਤੇ ਸਾਲ ਰਿਆਨ ਦਾ ਜੂਨੀਅਨ ਹਾਕੀ ਟੀਮ 'ਚ ਖੇਡਣ ਲਈ ਧਿਆਨ ਕੇਂਦਰਿਤ ਕੀਤਾ ਸੀ। ਹੁਣ ਵੀ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਉਹ ਮੁੜ ਚੱਲਣ 'ਚ ਸਮਰੱਥ ਹੋਵੇਗਾ ਅਤੇ ਤੰਦਰੁਸਤ ਹੋ ਜਾਵੇਗਾ।