ਮਾਮਲਾ ਰੂਸੀ ਜਾਸੂਸ ਨੂੰ ਜ਼ਹਿਰ ਦੇਣ ਦਾ : ਕੌਣ ਹੈ ਸਰਗੇਈ ਸਕਰੀਪਲ ਤੇ ਕੀ ਹੈ ਨਰਵ ਏਜੰਟ ?

03/29/2018 4:05:31 PM

ਲੰਡਨ (ਏਜੰਸੀ)- ਬ੍ਰਿਟੇਨ ਵਿਚ ਸਾਬਕਾ ਰੂਸੀ ਜਾਸੂਸ ਸਰਗੇਈ ਸਕਰੀਪਲ ਅਤੇ ਉਨ੍ਹਾਂ ਦੀ ਉੱਤੇ ਹੋਏ ਹਮਲੇ ਨੂੰ ਲੈ ਕੇ ਰੂਸ ਦੀ ਹਰ ਪਾਸੇ ਨਿਖੇਧੀ ਹੋ ਰਹੀ ਹੈ। ਇਸ ਘਟਨਾ ਦੇ ਵਿਰੋਧ ਵਿਚ ਕਈ ਦੇਸ਼ਾਂ ਵਲੋਂ ਰੂਸ ਦੇ ਡਿਪਲੋਮੈਟਸ ਨੂੰ ਬਾਹਰ ਕੱਢਿਆ ਜਾ ਚੁੱਕਾ ਹੈ। ਚਾਰ ਮਾਰਚ 2018 ਨੂੰ ਸਾਬਕਾ ਰੂਸੀ ਜਾਸੂਸ ਸਰਗੇਈ ਸਕਰੀਪਲ ਅਤੇ ਉਨ੍ਹਾਂ ਦੀ ਧੀ ਯੂਲੀਆ ਨੂੰ ਬ੍ਰਿਟੇਨ ਦੇ ਸੇਲਸਬਰੀ ਸ਼ਹਿਰ ਵਿਚ ਨਰਵ ਏਜੰਟ ਦੇ ਕੇ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਬ੍ਰਿਟੇਨ ਦੇ ਜਾਂਚ ਅਧਿਕਾਰੀਆਂ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਕੀ ਹੈ ਸਰਗੇਈ ਸਕਰੀਪਲ ਮਾਮਲਾ ?
ਸਰਗੇਈ ਸਕਰੀਪਲ (66) ਇੱਕ ਸਾਬਕਾ ਰੂਸੀ ਫੌਜੀ ਖੁਫੀਆ ਅਫਸਰ ਰਹਿ ਚੁੱਕਾ ਹੈ। ਉਸਨੇ 1990 ਅਤੇ 2000 ਦੇ ਸ਼ੁਰੂ ਦੇ ਦਹਾਕਿਆਂ ਦੌਰਾਨ ਬਰਤਾਨੀਆ ਦੀਆਂ ਖੁਫੀਆ ਸੇਵਾਵਾਂ ਲਈ ਡਬਲ ਏਜੰਟ ਵਜੋਂ ਕੰਮ ਕੀਤਾ ਹੈ। ਸਾਲ 2010 ਵਿਚ ਬ੍ਰਿਟੇਨ ਅਤੇ ਰੂਸ ਵਿਚਾਲੇ ਹੋਏ ਇਕ ਸਮਝੌਤੇ ਤੋਂ ਬਾਅਦ ਸਕਰੀਪਲ ਆਪਣੇ ਪਰਿਵਾਰ ਨਾਲ ਬ੍ਰਿਟੇਨ ਆ ਗਿਆ ਅਤੇ ਸੇਲਸਬਰੀ ਵਿਚ ਰਹਿਣਾ ਸ਼ੁਰੂ ਕਰ ਦਿੱਤਾ। ਸਾਬਕਾ ਰੂਸੀ ਜਾਸੂਸ ਸਕਰੀਪਲ ਤੇ ਧੀ ਯੂਲੀਆ ਸਕਰੀਪਲ ਬ੍ਰਿਟੇਨ ਦੀ ਨਾਗਰਿਕਤਾ ਹਾਸਲ ਕਰ ਚੁੱਕੇ ਸਨ ਪਰ ਕਥਿਤ ਤੌਰ ਉੱਤੇ ਰੂਸ ਵਲੋਂ ਉਨ੍ਹਾਂ ਉੱਤੇ ਨਰਵ ਏਜੰਟ ਨਾਲ ਕੈਮੀਕਲ ਹਮਲਾ ਕਰਕੇ ਉਨ੍ਹਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਸਕਰੀਪਲ ਉੱਤੇ ਰੂਸੀ ਗੁਪਤ ਜਾਣਕਾਰੀਆਂ ਬ੍ਰਿਟਿਸ਼ ਖੁਫੀਆ ਸੰਸਥਾ ਐਮ16 ਨੂੰ ਵੇਚਣ ਦਾ ਦੋਸ਼ ਲਗਾ ਕੇ ਰੂਸ ਨੇ ਉਨ੍ਹਾਂ ਨੂੰ 13 ਸਾਲ ਜੇਲ ਦੀ ਸਜ਼ਾ ਸੁਣਾਈ ਸੀ।
ਖਤਰਨਾਕ ਰਸਾਇਣਕ ਹਥਿਆਰ ਹੈ ਨਰਵ ਏਜੰਟ
ਨਰਵ ਏਜੰਟ ਇਕ ਅਜਿਹਾ ਰਸਾਇਣਕ ਹਥਿਆਰ ਹੈ, ਜਿਸ ਦੇ ਸੰਪਰਕ ਵਿਚ ਆਉਣ ਨਾਲ ਹੀ ਕਿਸੇ ਦੀ ਮੌਤ ਹੋ ਸਕਦੀ ਹੈ। ਵੀਐਕਸ ਨਰਵ ਏਜੰਟ ਨੂੰ ਸੰਯੁਕਤ ਰਾਸ਼ਟਰ ਨੇ ਸਮੂਹਿਕ ਕਤਲ ਕਰਨ ਵਾਲਾ ਰਸਾਇਣਕ ਹਥਿਆਰ ਕਰਾਰ ਦਿੱਤਾ ਹੈ ਕਿਉਂਕਿ ਇਹ ਸਭ ਤੋਂ ਜ਼ਿਆਦਾ ਜ਼ਹਿਰੀਲਾ ਰਸਾਇਣਕ ਹਥਿਆਰ ਹੈ। ਇਹ ਸਾਫ ਅਤੇ ਅੰਬਰ ਰੰਗ ਦਾ ਤੇਲ ਤਰਲ ਪਦਾਰਥ ਹੈ ਇਹ ਰੰਗਹੀਣ ਅਤੇ ਗੰਧਹੀਣ ਹੁੰਦਾ ਹੈ। ਇਹ ਚਮੜੀ ਅੰਦਰ ਜਾ ਕੇ ਮਾਸਪੇਸ਼ੀਆਂ ਰਾਹੀਂ ਸੰਦੇਸ਼ ਭੇਜੇ ਜਾਣ ਨੂੰ ਰੋਕ ਦਿੰਦਾ ਹੈ। ਚਮੜੀ ਉੱਤੇ ਪੈਣ ਵਾਲੀ ਇਸ ਦੀ ਇਕ ਬੂੰਦ ਜਾਨ ਲੈ ਸਕਦੀ ਹੈ। ਇਸ ਦੀ ਇਕ ਛੋਟੀ ਖੁਰਾਕ ਨਾਲ ਅੱਖਾਂ ਵਿਚ ਤੇਜ਼ ਦਰਦ, ਧੁੰਧਲਾ ਨਜ਼ਰ ਆਉਣਾ, ਸੁਸਤੀ ਅਤੇ ਉਲਟੀ ਦੀ ਸਮੱਸਿਆ ਆ ਸਕਦੀ ਹੈ। ਇਸ ਨੂੰ ਸਪਰੇਅ ਕਰਕੇ ਜਾਂ ਭਾਪ ਵਰਗਾ ਬਣਾ ਕੇ ਫੈਲਾਇਆ ਜਾ ਸਕਦਾ ਹੈ। ਇਸ ਨੂੰ ਖਾਣ, ਪੀਣ ਵਾਲੇ ਪਾਣੀ ਜਾਂ ਖੇਤੀ ਉਤਪਾਦਾਂ ਵਿਚ ਮਿਲਾ ਕੇ ਉਨ੍ਹਾਂ ਨੂੰ ਜ਼ਹਿਰੀਲਾ ਬਣਾਇਆ ਜਾ ਸਕਦਾ ਹੈ। ਇਹ ਸਾਹ, ਚਮੜੀ ਦੇ ਸੰਪਰਕ ਵਿਚ ਆ ਕੇ ਅਤੇ ਅੱਖਾਂ ਰਾਹੀਂ ਸਰੀਰ ਵਿਚ ਪਹੁੰਚ ਸਕਦਾ ਹੈ। ਭਾਫ ਦੇ ਸੰਪਰਕ ਵਿਚ ਆ ਕੇ ਵੀਐਕਸ ਤਕਰੀਬਨ ਅੱਧੇ ਘੰਟੇ ਤੱਕ ਕੱਪੜਿਆਂ ਵਿਚ ਰਹਿ ਸਕਦਾ ਹੈ। ਇਸ ਤਰ੍ਹਾਂ ਇਹ ਹੋਰ ਲੋਕਾਂ ਨੂੰ ਵੀ ਆਪਣੀ ਮਾਰ ਹੇਠ ਲੈ ਸਕਦਾ ਹੈ। ਸਾਲ 1993 ਵਿਚ ਹੋਈ ਕੈਮਲੀਕਲ ਹਥਿਆਰ ਕਨਵੈਨਸ਼ਨ ਰਾਹੀਂ ਵੀਐਕਸ ਦੀ ਵਰਤੋਂ ਉੱਤੇ ਰੋਕ ਲਗਾ ਦਿੱਤੀ ਗਈ ਸੀ।