ਮਾਰੀਉਪੋਲ ਦੇ ਅੰਦਰੂਨੀ ਹਿੱਸੇ 'ਚ ਦਾਖਲ ਹੋਏ ਰੂਸੀ ਫ਼ੌਜੀ, ਸਥਾਨਕ ਲੋਕਾਂ ਨੇ ਮੰਗੀ ਮਦਦ

03/20/2022 1:19:04 PM

ਲਵੀਵ (ਭਾਸ਼ਾ)- ਰੂਸੀ ਫ਼ੌਜਾਂ ਨਾਲ ਚਾਰੇ ਪਾਸਿਓਂ ਘਿਰੇ ਅਤੇ ਯੁੱਧ ਤੋਂ ਸਭ ਤੋਂ ਵੱਧ ਪ੍ਰਭਾਵਿਤ ਯੂਕ੍ਰੇਨ ਦੇ ਬੰਦਰਗਾਹ ਸ਼ਹਿਰ ਮਾਰੀਉਪੋਲ ਵਿੱਚ ਰੂਸ ਦੇ ਫ਼ੌਜੀ ਹੋਰ ਅੰਦਰੂਨੀ ਖੇਤਰ ਤੱਕ ਦਾਖਲ ਹੋ ਗਏ ਹਨ। ਮਾਰੀਉਪੋਲ ਵਿੱਚ ਭਿਆਨਕ ਲੜਾਈ ਕਾਰਨ ਇੱਕ ਪ੍ਰਮੁੱਖ ਸਟੀਲ ਪਲਾਂਟ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਸਥਾਨਕ ਅਧਿਕਾਰੀਆਂ ਨੇ ਪੱਛਮੀ ਦੇਸ਼ਾਂ ਤੋਂ ਹੋਰ ਮਦਦ ਦੀ ਮੰਗ ਕੀਤੀ ਹੈ। ਮਾਰੀਉਪੋਲ ਪੁਲਸ ਅਧਿਕਾਰੀ ਮਾਈਕਲ ਵਰਸ਼ਨੇਨਨੇ ਪੱਛਮੀ ਨੇਤਾਵਾਂ ਨੂੰ ਸੰਬੋਧਿਤ ਇੱਕ ਵੀਡੀਓ ਵਿੱਚ ਨੇੜਲੀ ਇੱਕ ਸੜਕ 'ਤੇ ਖਿੱਲਰੇ ਮਲਬੇ ਦਾ ਇੱਕ ਦ੍ਰਿਸ਼ ਦਿਖਾਉਂਦੇ ਹੋਏ ਕਿਹਾ ਕਿ ਬੱਚੇ, ਬਜ਼ੁਰਗ ਮਰ ਰਹੇ ਹਨ। ਸ਼ਹਿਰ ਨੂੰ ਤਬਾਹ ਕਰ ਦਿੱਤਾ ਗਿਆ ਹੈ ਅਤੇ ਇਸ ਦਾ ਨਾਮ ਧਰਤੀ ਤੋਂ ਮਿਟਾ ਦਿੱਤਾ ਗਿਆ ਹੈ। 

'ਦਿ ਨਿਊਯਾਰਕ ਟਾਈਮਜ਼' ਤੋਂ ਯੂਕ੍ਰੇਨ ਦੇ ਇਕ ਮਿਲਟਰੀ ਅਧਿਕਾਰੀ ਨੇ ਦੱਸਿਆ ਕਿ ਪਿਛਲੇ ਦਿਨੀਂ ਦੱਖਣੀ ਸ਼ਹਿਰ ਮਾਇਕੋਲਾਇਵ ਵਿਚ ਹੋਏ ਰਾਕੇਟ ਹਮਲੇ ਨੂੰ ਲੈ ਕੇ ਜਾਣਕਾਰੀ ਸਾਹਮਣੇ ਆਉਣੀ ਸ਼ੁਰੂ ਹੋ ਗਈ ਹੈ, ਜਿਸ ਵਿੱਚ 40 ਮਰੀਨ ਮਾਰੇ ਗਏ ਸਨ। ਰੂਸੀ ਬਲਾਂ ਨੇ ਮਾਰੀਉਪੋਲ ਦਾ ਅਜ਼ੋਵ ਸਾਗਰ ਨਾਲ ਸੰਪਰਕ ਪਹਿਲਾਂ ਹੀ ਕੱਟ ਦਿੱਤਾ ਹੈ। ਯੂਕ੍ਰੇਨ ਦੇ ਗ੍ਰਹਿ ਮੰਤਰੀ ਦੇ ਸਲਾਹਕਾਰ ਵਡਿਮ ਡੇਨੀਸੇਂਕੋ ਨੇ ਕਿਹਾ ਕਿ ਯੂਕ੍ਰੇਨ ਅਤੇ ਰੂਸੀ ਫ਼ੌਜਾਂ ਮਾਰੀਉਪੋਲ ਵਿੱਚ ਅਜ਼ੋਵਸਟਲ ਆਇਰਨ ਪਲਾਂਟ ਨੂੰ ਲੈ ਕੇ ਲੜੀਆਂ। ਡੇਨੀਸੇਂਕੋ ਨੇ ਟੈਲੀਵਿਜ਼ਨ 'ਤੇ ਕਿਹਾ ਕਿ ਯੂਰਪ ਵਿੱਚ ਸਭ ਤੋਂ ਵੱਡੇ ਧਾਤੂ ਪਲਾਟਾਂ ਵਿੱਚੋਂ ਇੱਕ ਅਸਲ ਵਿੱਚ ਨਸ਼ਟ ਹੋ ਰਿਹਾ ਹੈ। ਮਾਰੀਉਪੋਲ ਨਗਰ ਪਰੀਸ਼ਦ ਨੇ ਇਸ ਦੇ ਕੁਝ ਸਮੇਂ ਬਾਅਦ ਦਾਅਵਾ ਕੀਤਾ ਕਿ ਰੂਸੀ ਫ਼ੌਜੀਆਂ ਨੇ ਸ਼ਹਿਰ ਦੇ ਹਜ਼ਾਰਾਂ ਵਸਨੀਕਾਂ ਜ਼ਿਆਦਾਤਰ ਔਰਤਾਂ ਅਤੇ ਬੱਚਿਆਂ ਨੂੰ ਰੂਸ ਵਿਚ ਜ਼ਬਰਦਸਤੀ ਟ੍ਰਾਂਸਫਰ ਕੀਤਾ। ਹਾਲਾਂਕਿ, ਉਸਨੇ ਇਹ ਨਹੀਂ ਦੱਸਿਆ ਕਿ ਲੋਕਾਂ ਨੂੰ ਕਿੱਥੇ ਲਿਜਾਇਆ ਗਿਆ ਸੀ ਅਤੇ AP ਤੁਰੰਤ ਦਾਅਵੇ ਦੀ ਪੁਸ਼ਟੀ ਨਹੀਂ ਕਰ ਸਕਿਆ। 

ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ ਯੂਕ੍ਰੇਨੀ ਸ਼ਰਨਾਰਥੀਆਂ ਨੂੰ ਦੇਵੇਗਾ 'ਅਸਥਾਈ ਵੀਜ਼ਾ', ਮਿਲੇਗੀ ਇਹ ਇਜਾਜ਼ਤ

ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਡੀਮੀਰ ਜ਼ੇਲੇਂਸਕੀ ਦੇ ਸਲਾਹਕਾਰ ਓਲੇਕਸੀ ਏਰੇਸਟੋਵਿਚ ਨੇ ਕਿਹਾ ਕਿ ਮਾਰੀਉਪੋਲ ਦੀ ਸਹਾਇਤਾ ਕਰਨ ਵਾਲੀ ਫ਼ੌਜ ਪਹਿਲਾਂ ਹੀ ਇੱਕ "ਵੱਡੀ ਦੁਸ਼ਮਣ ਸ਼ਕਤੀ" ਨਾਲ ਲੜ ਰਹੀ ਹੈ ਅਤੇ ਇਹ ਕਿ "ਮੌਜੂਦਾ ਤੌਰ 'ਤੇ ਮਾਰੀਉਪੋਲ ਦਾ ਕੋਈ ਫ਼ੌਜੀ ਹੱਲ ਨਹੀਂ ਹੈ। ਜ਼ੇਲੇਂਸਕੀ ਨੇ ਐਤਵਾਰ ਸਵੇਰੇ ਕਿਹਾ ਕਿ ਮਾਰੀਉਪੋਲ ਦੀ ਘੇਰਾਬੰਦੀ ਇਤਿਹਾਸ ਵਿਚ ਰੂਸੀ ਫ਼ੌਜੀਆਂ ਵੱਲੋਂ ਕੀਤੇ ਗਏ ਯੁੱਧ ਅਪਰਾਧ ਦੇ ਰੂਪ ਵਿਚ ਦਰਜ ਹੋਵੇਗੀ। ਯੁੱਧ ਵਿੱਚ ਮਾਰੇ ਗਏ ਰੂਸੀ ਸੈਨਿਕਾਂ ਦੇ ਅੰਕੜੇ ਵੱਖੋ-ਵੱਖਰੇ ਹਨ ਪਰ ਅੰਦਾਜ਼ਾ ਹੈ ਕਿ ਇਸ ਯੁੱਧ ਵਿੱਚ ਹਜ਼ਾਰਾਂ ਰੂਸੀ ਸੈਨਿਕ ਮਾਰੇ ਗਏ ਹਨ। 2008 ਵਿੱਚ ਜਾਰਜੀਆ ਨਾਲ ਜੰਗ ਦੌਰਾਨ ਪੰਜ ਦਿਨਾਂ ਦੀ ਲੜਾਈ ਵਿੱਚ 64 ਰੂਸੀ ਸੈਨਿਕ ਮਾਰੇ ਗਏ ਸਨ। ਅਫਗਾਨਿਸਤਾਨ ਵਿਚ 10 ਸਾਲਾਂ ਵਿਚ ਲਗਭਗ 15,000 ਰੂਸੀ ਸੈਨਿਕ ਅਤੇ ਚੇਚਨੀਆ ਵਿਚ 11,000 ਤੋਂ ਵੱਧ ਰੂਸੀ ਸੈਨਿਕ ਮਾਰੇ ਗਏ। 

ਰੂਸੀ ਫ਼ੌਜ ਨੇ ਸ਼ਨੀਵਾਰ ਨੂੰ ਕਿਹਾ ਕਿ ਉਸਨੇ ਲੜਾਈ ਵਿੱਚ ਪਹਿਲੀ ਵਾਰ ਆਪਣੀ ਨਵੀਨਤਮ ਹਾਈਪਰਸੋਨਿਕ ਮਿਜ਼ਾਈਲ ਦੀ ਵਰਤੋਂ ਕੀਤੀ। ਮੇਜਰ ਜਨਰਲ ਇਗੋਰ ਕੋਨਾਸ਼ੇਨਕੋਵ ਨੇ ਕਿਹਾ ਕਿ ਕਿੰਜਲ ਮਿਜ਼ਾਈਲਾਂ ਨੇ ਇਵਾਨੋ-ਫ੍ਰੈਂਕਵਿਸਕ ਦੇ ਪੱਛਮੀ ਖੇਤਰ ਵਿੱਚ ਯੂਕ੍ਰੇਨੀ ਮਿਜ਼ਾਈਲਾਂ ਅਤੇ ਹਵਾਈ ਜਹਾਜ਼ਾਂ ਦੁਆਰਾ ਚਲਾਏ ਗਏ ਗੋਲਾ ਬਾਰੂਦ ਦੇ ਇੱਕ ਭੂਮੀਗਤ ਗੋਦਾਮ ਨੂੰ ਤਬਾਹ ਕਰ ਦਿੱਤਾ। ਹਾਲਾਂਕਿ ਅਮਰੀਕੀ ਰੱਖਿਆ ਵਿਭਾਗ ਦੇ ਮੁੱਖ ਦਫਤਰ ਪੈਂਟਾਗਨ ਦੇ ਪ੍ਰੈੱਸ ਸਕੱਤਰ ਜੌਨ ਕਿਰਬੀ ਨੇ ਕਿਹਾ ਕਿ ਅਮਰੀਕਾ ਹਾਈਪਰਸੋਨਿਕ ਮਿਜ਼ਾਈਲ ਦੀ ਵਰਤੋਂ ਦੀ ਪੁਸ਼ਟੀ ਨਹੀਂ ਕਰ ਸਕਦਾ। ਸੰਯੁਕਤ ਰਾਸ਼ਟਰ ਸੰਗਠਨਾਂ ਨੇ ਯੁੱਧ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 847 ਤੋਂ ਵੱਧ ਨਾਗਰਿਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ, ਹਾਲਾਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਅਸਲ ਸੰਖਿਆ ਇਸ ਤੋਂ ਕਿਤੇ ਵੱਧ ਹੋਣ ਦੀ ਸੰਭਾਵਨਾ ਹੈ। ਸੰਯੁਕਤ ਰਾਸ਼ਟਰ ਦਾ ਕਹਿਣਾ ਹੈ ਕਿ 33 ਲੱਖ ਤੋਂ ਵੱਧ ਲੋਕ ਯੂਕ੍ਰੇਨ ਤੋਂ ਭੱਜ ਚੁੱਕੇ ਹਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News