ਆਸਟ੍ਰੇਲੀਆ ''ਚ ਰੂਸੀ ਰਾਜਦੂਤ ਨੇ ''ਸ਼ੀਤ ਯੁੱਧ'' ਦੀ ਦਿੱਤੀ ਚਿਤਾਵਨੀ

03/28/2018 10:53:15 AM

ਸਿਡਨੀ/ਮਾਸਕੋ (ਭਾਸ਼ਾ)— ਆਸਟ੍ਰੇਲੀਆ ਵਿਚ ਰੂਸ ਦੇ ਰਾਜਦੂਤ ਗ੍ਰਿਗੋਰੀ ਲਾਗਵਿਨੋਵ ਨੇ ਬੁੱਧਵਾਰ ਨੂੰ ਕਿਹਾ ਕਿ ਜੇ ਪੱਛਮੀ ਦੇਸ਼ ਜਾਸੂਸੀ ਕਾਂਡ ਵਿਚ ਰੂਸ ਪ੍ਰਤੀ ਪੱਖਪਾਤ ਪੂਰਣ ਰਵੱਈਆ ਅਪਨਾਉਂਦੇ ਰਹੇ ਤਾਂ ਦੁਨੀਆ 'ਸ਼ੀਤ ਯੁੱਧ' ਦੀ ਗੰਭੀਰ ਸਥਿਤੀ ਵਿਚ ਫਸ ਜਾਵੇਗੀ। ਲਾਗਵਿਨੋਵ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ,''ਪੱਛਮੀ ਦੇਸ਼ਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਰੂਸ ਵਿਰੋਧੀ ਪ੍ਰਚਾਰ ਦਾ ਕੋਈ ਭਵਿੱਖ ਨਹੀਂ ਹੈ। ਜੇ ਇਹ ਵਿਰੋਧ ਜਾਰੀ ਰਿਹਾ ਤਾਂ ਅਸੀਂ 'ਸ਼ੀਤ ਯੁੱਧ' ਦੀ ਗੰਭੀਰ ਸਥਿਤੀ ਵਿਚ ਫਸ ਜਾਵਾਂਗੇ।'' ਰੂਸ ਨੇ 4 ਮਾਰਚ ਨੂੰ ਇੰਗਲੈਂਡ ਵਿਚ ਰੂਸ ਦੇ ਸਰਗੇਈ ਸਕਰੀਪਲ ਅਤੇ ਉਸ ਦੀ ਬੇਟੀ ਦੀ ਹੱਤਿਆ ਵਿਚ ਕਿਸੇ ਤਰ੍ਹਾਂ ਦੀ ਭੂਮਿਕਾ ਹੋਣ ਤੋਂ ਇਨਕਾਰ ਕੀਤਾ ਹੈ ਪਰ ਜਵਾਬੀ ਕਾਰਵਾਈ ਦੇ ਰੂਪ ਵਿਚ ਅਮਰੀਕਾ ਅਤੇ ਯੂਰਪੀ ਦੇਸ਼ ਉਸ ਦੇ ਡਿਪਲੋਮੈਟਾਂ ਨੂੰ ਆਪਣੇ ਦੇਸ਼ ਵਿਚੋਂ ਕੱਢ ਰਹੇ ਹਨ। ਆਸਟ੍ਰੇਲੀਆ ਨੇ ਕੱਲ ਕਿਹਾ ਸੀ ਕਿ ਉਹ ਆਪਣੇ ਦੇਸ਼ ਵਿਚੋਂ ਰੂਸ ਦੇ ਦੋ ਡਿਪਲੋਮੈਟਾਂ ਨੂੰ ਕੱਢੇਗਾ। ਇਸ ਪੂਰੇ ਘਟਨਾਕ੍ਰਮ ਦੇ ਬਾਅਦ ਲਾਗਵਿਨੋਵ ਨੇ ਬੁੱਧਵਾਰ ਸਵੇਰੇ ਮੀਡੀਆ ਨੂੰ ਸੰਬੋਧਿਤ ਕੀਤਾ। ਉਨ੍ਹਾਂ ਨੇ ਜਾਸੂਸੀ ਕਾਂਡ ਦੇ ਪਿੱਛੇ ਰੂਸ ਦਾ ਹੱਥ ਹੋਣ ਦੇ ਹਰ ਤਰ੍ਹਾਂ ਦੇ ਦਾਅਵਿਆਂ ਨੂੰ ਰੱਦ ਕਰਦਿਆਂ ਕਿਹਾ ਰੂਸ ਨੇ ਬ੍ਰਿਟੇਨ ਵੱਲੋਂ ਰੂਸੀ ਡਿਪਲੋਮੈਟ ਨੂੰ ਕੱਢਣ 'ਤੇ ਜਵਾਬੀ ਕਾਰਵਾਈ ਕਰਨ 'ਤੇ ਹਾਲੇ ਕੋਈ ਫੈਸਲਾ ਨਹੀਂ ਲਿਆ ਹੈ।