ਰੂਸ ਨੇ ਸੀਰੀਆ ''ਤੇ ਸੁੱਟਿਆ ''ਫਾਦਰ ਆਫ ਆਲ ਬੰਬਜ਼'', ਆਈ.ਐੱਸ. ਦੇ ਟਾਪ ਕਮਾਂਡਰ ਢੇਰ

09/11/2017 11:07:39 PM

ਮਾਸਕੋ— ਰੂਸੀ ਫੌਜ ਨੇ ਸੀਰੀਆ ਦੇ ਪੂਰਬੀ ਸ਼ਹਿਰ ਦੇਅਰ-ਅਲ-ਜ਼ੋਰ 'ਚ ਮੌਜੂਦ ਆਈ.ਐੱਸ. ਦੇ ਚੋਟੀ ਦੇ ਕਮਾਂਡਰਾਂ ਵਿਰੁੱਧ ਹਮਲਾ ਬੋਲਦੇ ਹੋਏ 'ਫਾਦਰ ਆਫ ਆਲ ਬੰਬਜ਼' ਸੁੱਟਿਆ। ਸੀਰੀਆ 'ਤੇ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਗੈਰ-ਪ੍ਰਮਾਣੂ ਬੰਬ ਸੁੱਟਿਆ ਗਿਆ ਹੈ।
ਇਸ ਤੋਂ ਪਹਿਲਾਂ ਰੱਖਿਆ ਮੰਤਰਾਲੇ ਤੇ ਪੱਤਰਕਾਰ ਏਜੰਸੀਆਂ ਵਲੋਂ ਦਾਅਵਾ ਕੀਤਾ ਗਿਆ ਸੀ ਕਿ ਰੂਸੀ ਫੌਜ ਨੇ 8 ਸਤੰਬਰ ਦੇ ਹਵਾਈ ਹਮਲੇ 'ਚ ਆਈ.ਐੱਸ. ਦੇ ਚਾਰ ਟਾਪ ਦੇ ਕਮਾਂਡਰਾਂ ਸਮੇਤ ਕੁੱਲ 40 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਸੀ।
ਸੀਰੀਆ ਦੇ ਸ਼ਹਿਰ ਦੇਅਰ-ਅਲ-ਜ਼ੋਰ 'ਤੇ ਆਈ.ਐੱਸ. ਦਾ ਕਈ ਸਾਲਾਂ ਤੋਂ ਕਬਜ਼ਾ ਹੈ। ਦੇਅਰ-ਅਲ-ਜ਼ੋਰ ਸ਼ਹਿਰ 'ਚ ਸੁਰੱਖਿਆ ਬਲਾਂ ਤੇ ਆਈ.ਐੱਸ. ਦੇ ਵਿਚਕਾਰ ਬਹੁਤ ਲੰਬੇ ਸਮੇਂ ਤੋਂ ਸੰਘਰਸ਼ ਜਾਰੀ ਹੈ। ਸੀਰੀਆ ਦੇ ਫੌਜੀਆਂ ਨੇ ਮੰਗਲਵਾਰ ਨੂੰ ਸ਼ਹਿਰ ਦੇ ਦੇਅਰ-ਅਲ-ਜ਼ੋਰ ਦੇ ਕਈ ਇਲਾਕਿਆਂ ਨੂੰ ਆਈ.ਐੱਸ. ਦੇ ਕਬਜ਼ੇ ਤੋਂ ਮੁਕਤ ਕਰਵਾਇਆ। ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਦੇ ਮੁਤਾਬਕ ਸੀਰੀਆ ਦੀ ਧਰਤੀ ਤੋਂ ਆਈ.ਐੱਸ. ਦਾ ਖਾਤਮਾ ਜ਼ਰੂਰੀ ਹੋ ਗਿਆ ਹੈ। 
ਰੂਸੀ ਵਿਦੇਸ਼ ਮੰਤਰੀ ਨੇ ਇਹ ਵੀ ਕਿਹਾ ਕਿ ਅਸੀਂ ਫਰਾਂਸ ਦੀਆਂ ਚਿੰਤਾਵਾਂ ਤੋਂ ਸਹਿਮਤ ਹਾਂ ਕਿ ਸੀਰੀਆ ਤੋਂ ਭੱਜ ਕੇ ਇਹ ਅੱਤਵਾਦੀ ਹੋਰਾਂ ਦੇਸ਼ਾਂ ਲਈ ਨਵਾਂ ਖਤਰਾ ਬਣ ਸਕਦੇ ਹਨ। ਇਸ ਤੋਂ ਪਹਿਲਾਂ ਕਿ ਇਹ ਅੱਤਵਾਦੀ ਦੁਨੀਆ ਦੇ ਹੋਰ ਕੋਨਿੰਆਂ 'ਚ ਜਾ ਕੇ ਲੁਕਣ ਉਨ੍ਹਾਂ ਨੂੰ ਖਤਮ ਕਰ ਦੇਣਾ ਚਾਹੀਦਾ ਹੈ।ਜ਼ਿਕਰਯੋਗ ਹੈ ਕਿ ਸੀਰੀਆ 'ਚ ਅੱਤਵਾਦੀ ਸੰਗਠਨ ਆਈ.ਐੱਸ. ਦੇ ਖਿਲਾਫ ਸੰਘਰਸ਼ ਤੇ ਉਨ੍ਹਾਂ ਦੇ ਖਾਤਮੇ ਦੇ ਲਈ ਰੂਸ ਤੇ ਫਰਾਂਸ ਡਿਪਲੋਮੈਟਿਕ ਰੂਪ ਨਾਲ ਸਹਿਮਤ ਹਨ। ਰੂਸ ਤੇ ਫਰਾਂਸ ਦੇ ਡਿਪਲੋਮੈਟ ਸੀਰੀਆ 'ਚ ਸਿਆਸੀ ਬਦਲਾਅ ਲਈ ਰਾਸ਼ਟਰਪਤੀ ਬਸ਼ਰ ਅਲ ਅਸਦ ਦੀ ਬਰਖਾਸਤੀ ਜ਼ਰੂਰੀ ਮੰਨਦੇ ਹਨ।