ਰੂਸ ਨੇ ਵੀਟੋ ਲਗਾ ਕੇ ਸੀਰੀਆ ਰਸਾਇਣਿਕ ਹਮਲਿਆਂ ਦੀ ਜਾਂਚ ਰੋਕੀ

11/17/2017 12:34:55 PM

ਸੰਯੁਕਤ ਰਾਸ਼ਟਰ/ਮਾਸਕੋ (ਭਾਸ਼ਾ)— ਰੂਸ ਨੇ ਸੀਰੀਆ ਵਿਚ ਰਸਾਇਣਿਕ ਹਥਿਆਰਾਂ ਨਾਲ ਹੋ ਰਹੇ ਹਮਲਿਆਂ ਨਾਲ ਜੁੜੇ ਲੋਕਾਂ ਦਾ ਪਤਾ ਲਗਾਉਣ ਲਈ ਸੰਯੁਕਤ ਰਾਸ਼ਟਰ ਦੀ ਅਗਵਾਈ ਵਿਚ ਕੀਤੀ ਜਾ ਰਹੀ ਜਾਂਚ ਨੂੰ ਹੋਰ ਅੱਗੇ ਵਧਾਉਣ ਤੋਂ ਰੋਕਣ ਲਈ ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਵਿਚ ਸ਼ੁੱਕਰਵਾਰ ਨੂੰ ਆਪਣੇ ਵੀਟੋ ਦੀ ਵਰਤੋਂ ਕੀਤੀ। ਰੂਸ ਨੇ ਆਪਣੇ ਸਹਿਯੋਗੀ ਦੇਸ਼ ਸੀਰੀਆ ਨੂੰ ਨਿਸ਼ਾਨਾ ਬਣਾਉਣ ਵਾਲੀ ਪਰੀਸ਼ਦ ਦੇ ਕਦਮਾਂ ਨੂੰ ਰੋਕਣ ਲਈ 10ਵੀਂ ਵਾਰੀ ਆਪਣੀ ਵੀਟੋ ਪਾਵਰ ਦੀ ਵਰਤੋਂ ਕੀਤੀ ਹੈ। ਪਰੀਸ਼ਦ ਦੇ 15 ਮੈਂਬਰਾਂ ਨੇ ਸੀਰੀਆ ਵਿਚ ਜ਼ਹਿਰੀਲੀ ਗੈਸ ਹਮਲਿਆਂ ਦੇ ਸਾਜਿਸ਼ ਕਰਤਾਵਾਂ ਦਾ ਪਤਾ ਲਗਾਉਣ ਲਈ ''ਜੁਆਇੰਟ ਇਨਵੈਸਟੀਗੇਟਿਵ ਮਕੈਨੇਜ਼ਿਮ'' (ਜੇ. ਆਈ. ਐੱਮ.) ਨੂੰ ਆਪਣਾ ਕੰਮ ਜਾਰੀ ਰੱਖਣ ਦੀ ਇਜਾਜ਼ਤ ਦੇਣ ਵਾਲੇ ਸੰਯੁਕਤ ਰਾਸ਼ਟਰ ਡਰਾਫਟ ਪ੍ਰਸਤਾਵ ਦੇ ਪੱਖ ਵਿਚ ਵੋਟਿੰਗ ਕੀਤੀ ਸੀ। 
ਮਿਸਰ ਅਤੇ ਚੀਨ ਇਸ ਦੌਰਾਨ ਗੈਰ-ਹਾਜ਼ਿਰ ਰਹੇ ਅਤੇ ਬੋਲੀਵੀਆ ਨੇ ਵੀ ਰੂਸ ਨਾਲ ਇਸ  ਪ੍ਰਸਤਾਵ ਵਿਰੁੱਧ ਵੋਟ ਦਿੱਤਾ। ਪਰੀਸ਼ਦ ਨੂੰ ਸੰਬੋਧਿਤ ਕਰਦੇ ਹੋਏ ਅਮਰੀਕੀ ਰਾਜਦੂਤ ਨਿੱਕੀ ਹੈਲੀ ਨੇ ਵੀਟੋ ਨੂੰ ''ਵੱਡਾ ਝਟਕਾ'' ਕਰਾਰ ਦਿੱਤਾ। ਪ੍ਰਸਤਾਵ ਨੂੰ ਪਰੀਸ਼ਦ ਵਿਚ ਪਾਸ ਕਰਨ ਲਈ 9 ਵੋਟਾਂ ਦੀ ਲੋੜ ਸੀ ਪਰ ਪੰਜ ਦੇਸ਼ ਰੂਸ, ਬ੍ਰਿਟੇਨ, ਚੀਨ, ਫਰਾਂਸ ਅਤੇ ਅਮਰੀਕਾ ਆਪਣੇ ਵੀਟੋ ਦੀ ਵਰਤੋਂ ਕਰ ਕੇ ਇਸ ਨੂੰ ਪਾਸ ਹੋਣ ਤੋਂ ਰੋਕ ਸਕਦੇ ਸਨ। ਰੂਸ ਨੇ ਜੇ. ਆਈ. ਐੱਮ. ਦੀ ਤਾਜ਼ਾ ਰਿਪੋਰਟ ਮਗਰੋਂ ਉਸ ਦੀ ਸਖਤ ਨਿੰਦਾ ਕੀਤੀ ਸੀ। ਰਿਪੋਰਟ ਵਿਚ ਸੀਰੀਆਈ ਹਵਾਈ ਫੌਜ 'ਤੇ ਵਿਰੋਧੀ ਕਬਜ਼ੇ ਵਾਲੇ ਪਿੰਡ ਖਾਨ ਸ਼ੇਖਹੁਨ 'ਤੇ ਸੈਰਿਨ ਗੈਸ ਹਮਲਾ ਕਰਨ ਦਾ ਦੋਸ਼ ਲਗਾਇਆ ਗਿਆ ਸੀ, ਜਿਸ ਵਿਚ ਸੈਂਕੜੇ ਲੋਕ ਮਾਰੇ ਗਏ ਸਨ।