ਰੂਸ ਦੀ ਧਮਕੀ-ਪਾਬੰਦੀਆਂ ਵਧੀਆਂ ਤਾਂ ਗੈਸ ਸਪਲਾਈ ਰੋਕ ਦੇਵਾਂਗੇ, ਦੋ ਗੁਣਾ ਵਧ ਜਾਣਗੀਆਂ ਤੇਲ ਦੀਆਂ ਕੀਮਤਾਂ

03/09/2022 2:20:15 PM

ਮਾਸਕੋ/ਬ੍ਰਸੇਲਸ (ਯੂ. ਐੱਨ. ਆਈ.)– ਰੂਸ ਨੇ ਧਮਕੀ ਦਿੱਤੀ ਕਿ ਜੇ ਪੱਛਮੀ ਦੇਸ਼ ਰੂਸੀ ਤੇਲ ’ਤੇ ਪਾਬੰਦੀ ਲਗਾਉਂਦੇ ਹਨ ਤਾਂ ਰੂਸ ਜਰਮਨੀ ਲਈ ਆਪਣੀ ਮੁੱਖ ਗੈਸ ਪਾਈਪਲਾਈਨ ਬੰਦ ਕਰ ਦੇਵੇਗਾ। ਰੂਸ ਦੇ ਉੱਪ ਪ੍ਰਧਾਨ ਮੰਤਰੀ ਅਲੈਗਜ਼ੈਂਡਰ ਨੋਵਾਕ ਨੇ ਕਿਹਾ ਕਿ ਰੂਸੀ ਤੇਲ ਦੀ ਨਾਮਨਜ਼ੂਰੀ ਦੇ ਵਿਸ਼ਵ ਬਾਜ਼ਾਰ ’ਚ ਵਿਨਾਸ਼ਕਾਰੀ ਨਤੀਜੇ ਹੋਣਗੇ, ਜਿਸ ਨਾਲ ਤੇਲ ਦੀਆਂ ਕੀਮਤਾਂ ਦੋ ਗੁਣਾ ਤੋਂ ਵੱਧ ਕੇ 300 ਅਮਰੀਕੀ ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਜਾਣਗੀਆਂ। ਰੂਸ ਦੇ ਉਪ ਪ੍ਰਧਾਨ ਮੰਤਰੀ ਅਲੈਗਜ਼ੈਂਡਰ ਨੋਵਾਕ ਨੇ ਕਿਹਾ ਕਿ ਰੂਸੀ ਤੇਲ ਦੀ ਗ਼ੈਰ-ਪ੍ਰਵਾਨਗੀ ਦੇ ਗਲੋਬਲ ਬਾਜ਼ਾਰ ’ਚ ਘਾਤਕ ਨਤੀਜੇ ਦਿੱਸਣਗੇ, ਜਿਸ ਨਾਲ ਤੇਲ ਦੀਆਂ ਕੀਮਤਾਂ ਦੁੱਗਣੀਆਂ ਤੋਂ ਜ਼ਿਆਦਾ ਵਧ ਕੇ 300 ਅਮਰੀਕੀ ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਜਾਣਗੀਆਂ। ਨੋਵਾਕ ਨੇ ਕਿਹਾ ਕਿ ਯੂਰਪੀ ਬਾਜ਼ਾਰ ਵਿਚ ਰੂਸੀ ਤੇਲ ਦਾ ਬਦਲ ਛੇਤੀ ਤੋਂ ਲੱਭਣਾ ਅਸੰਭਵ ਹੋਵੇਗਾ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਹੋਰ ਸਰੋਤ ਮਿਲ ਵੀ ਜਾਂਦੇ ਹਨ ਤਾਂ ਉਹ ਕਾਫ਼ੀ ਮਹਿੰਗੇ ਹੋਣਗੇ।

ਇਹ ਵੀ ਪੜ੍ਹੋ: ਜ਼ੇਲੇਂਸਕੀ ਦੀ ਬ੍ਰਿਟਿਸ਼ ਸੰਸਦ ਮੈਂਬਰਾਂ ਨੂੰ ਅਪੀਲ, ਰੂਸ ਨੂੰ 'ਅੱਤਵਾਦੀ ਦੇਸ਼' ਕੀਤਾ ਜਾਵੇ ਘੋਸ਼ਿਤ

ਯੂਕ੍ਰੇਨ ’ਤੇ ਫੌਜੀ ਕਾਰਵਾਈ ’ਤੇ ਰੂਸ ਨੂੰ ਸਬਕ ਸਿਖਾਉਣ ਲਈ ਅਮਰੀਕਾ ਅਤੇ ਉਸ ਦੇ ਸਾਥੀ ਰੂਸ ਤੋਂ ਤੇਲ ਦਰਾਮਦ ’ਤੇ ਪਾਬੰਦੀ ਲਾਉਣ ’ਤੇ ਵਿਚਾਰ ਕਰ ਰਹੇ ਹਨ। ਜਰਮਨੀ ਅਤੇ ਨੀਦਰਲੈਂਡ ਨੇ ਹਾਲਾਂਕਿ ਸੋਮਵਾਰ ਨੂੰ ਇਸ ਪ੍ਰਸਤਾਵ ਨੂੰ ਮਨਜ਼ੂਰ ਨਹੀਂ ਕੀਤਾ। ਯੂਰਪੀਨ ਯੂਨੀਅਨ ਆਪਣੀ ਵਰਤੋਂ ਦੀ ਗੈਸ ਦਾ ਲਗਭਗ 40 ਫ਼ੀਸਦੀ ਅਤੇ ਤੇਲ ਦਾ 30 ਫ਼ੀਸਦੀ ਹਿੱਸਾ ਰੂਸ ਤੋਂ ਖਰੀਦਦਾ ਹੈ। ਰੂਸ ਤੋਂ ਸਪਲਾਈ ਪ੍ਰਭਾਵਿਤ ਹੋਣ ’ਤੇ ਬਦਲਵੀਂ ਸਪਲਾਈ ਦਾ ਹੋਰ ਸਰੋਤ ਨਹੀਂ ਹੈ। ਓਧਰ, ਯੂਰਪੀਨ ਯੂਨੀਅਨ (ਈ. ਯੂ.) ਗੈਸ, ਤੇਲ ਅਤੇ ਕੋਲੇ ਲਈ ਰੂਸ ’ਤੇ ਨਿਰਭਰਤਾ ਘੱਟ ਕਰਨ ਦੇ ਬਦਲ ਦੀ ਤਲਾਸ਼ ਕਰ ਰਿਹਾ ਹੈ। ਈ. ਯੂ. ਦੀ ਪ੍ਰਧਾਨ ਉਰਸੁਲਾ ਵਾਨ ਡੇਰ ਲੇਏਨ ਇਟਲੀ ਦੇ ਪ੍ਰਧਾਨ ਮੰਤਰੀ ਮਾਰਿਓ ਦ੍ਰਾਘੀ ਨਾਲ ਬੈਠਕ ’ਚ ਇਹ ਗੱਲ ਕਹੀ। ਉਨ੍ਹਾਂ ਕਿਹਾ ਕਿ ਇਸ ਦੇ ਲਈ ਈ. ਯੂ. ਆਪਣੀ ਗਰੀਨ ਡੀਲ ’ਚ ਤੇਜ਼ੀ ਲਿਆਏਗਾ ਅਤੇ ਆਪਣੀ ਅਰਥਵਿਵਸਥਾ ਨੂੰ ਟਿਕਾਊ ਬਣਾਉਣ ਲਈ ਖਾਕਾ ਤਿਆਰ ਕਰੇਗਾ। ਉਨ੍ਹਾਂ ਕਿਹਾ ਕਿ ਈ. ਯੂ. ਆਪਣੀ ਊਰਜਾ ਯੋਗਤਾ ’ਚ ਸੁਧਾਰ ਕਰਨ ’ਤੇ ਕੰਮ ਕਰੇਗਾ।

ਇਹ ਵੀ ਪੜ੍ਹੋ: ਸਾਬਕਾ 'ਮਿਸ ਯੂਕ੍ਰੇਨ' ਵੇਰੋਨਿਕਾ ਨੇ ਸੁਣਾਇਆ ਦਰਦ ਭਰਿਆ ਕਿੱਸਾ, ਦੱਸਿਆ ਕਿਵੇਂ ਆਪਣੇ 7 ਸਾਲ ਦੇ ਪੁੱਤਰ ਨਾਲ...

ਆਸਟ੍ਰੇਲੀਆ ਅਤੇ ਜਾਪਾਨ ਦੀਆਂ ਪਾਬੰਦੀਆਂ
ਆਸਟ੍ਰੇਲੀਆ ਰੂਸ ਦੇ ਹਥਿਆਰਬੰਦ ਬਲਾਂ ’ਤੇ ਮਿੱਥੀਆਂ ਵਿੱਤੀ ਪਾਬੰਦੀਆਂ ਲਗਾਵੇਗਾ। ਨਾਲ ਹੀ ਯੂਕ੍ਰੇਨ ’ਤੇ ਸਮੁੰਦਰੀ, ਜ਼ਮੀਨੀ ਅਤੇ ਹਵਾਈ ਹਮਲੇ ਕਰਨ ਲਈ ਜ਼ਿੰਮੇਵਾਰ 6 ਸੀਨੀਅਰ ਰੂਸੀ ਫੌਜੀ ਕਮਾਂਡਰਾਂ ਅਤੇ ਯੂਕ੍ਰੇਨ ਪ੍ਰਤੀ ਦੁਸ਼ਮਣੀ ਨੂੰ ਹੱਲਾਸ਼ੇਰੀ ਦੇਣ ਅਤੇ ਕ੍ਰੈਮਲਿਨ ਸਮਰਥਨ ’ਚ ਪ੍ਰਚਾਰ ਕਰਨ ਲਈ ਰੂਸ ਦੇ 10 ਲੋਕਾਂ ਖਿਲਾਫ ਵੀ ਪਾਬੰਦੀਆਂ ਲਗਾਵੇਗਾ। ਓਧਰ, ਜਾਪਾਨ ਨੇ ਰੂਸ ਅਤੇ ਬੇਲਾਰੂਸ ਦੇ ਖਿਲਾਫ ਤੀਜੀਆਂ ਪਾਬੰਦੀਆਂ ਦਾ ਵੇਰਵਾ ਜਾਰੀ ਕੀਤਾ। ਨਵੀਂਆਂ ਪਾਬੰਦੀਆਂ ਦੀ ਸੂਚੀ ’ਚ 20 ਰੂਸੀ ਅਤੇ 12 ਬੇਲਾਰੂਸੀ ਨਾਗਰਿਕਾਂ ਦੇ ਨਾਲ-ਨਾਲ 2 ਰੂਸੀ ਅਤੇ 12 ਬੇਲਾਰੂਸੀ ਸੰਗਠਨਾਂ ਦੇ ਖਿਲਾਫ ਪਾਬੰਦੀਆਂ ਲਾਈਆਂ ਗਈਆਂ ਹਨ। ਹਥਿਆਰਬੰਦ ਬਲਾਂ, ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਅਤੇ ਖੁਫੀਆ ਸੰਗਠਨਾਂ ਸਮੇਤ ਬੇਲਾਰੂਸ ਦੇ ਰੱਖਿਆ ਮੰਤਰਾਲਾ ਲਈ ਬਰਾਮਦ ’ਤੇ ਵੀ ਪਾਬੰਦੀ ਲਗਾਈ ਗਈ ਸੀ।

ਇਹ ਵੀ ਪੜ੍ਹੋ: ਭਾਰਤੀ ਡਾਕਟਰ ਨੇ ਆਪਣੇ ਪਾਲਤੂ ਜੈਗੁਆਰ ਅਤੇ ਤੇਂਦੁਏ ਤੋਂ ਬਿਨਾਂ ਯੂਕ੍ਰੇਨ ਛੱਡਣ ਤੋਂ ਕੀਤਾ ਇਨਕਾਰ

3 ਯੂਨੀਵਰਸਿਟੀਆਂ ’ਚ ਖ਼ਤਮ ਹੋਵੇਗਾ ਰੂਸੀ ਨਿਵੇਸ਼
ਅਮਰੀਕਾ ਦੇ ਏਰੀਜ਼ੋਨਾ ਦੀਆਂ 3 ਸਰਕਾਰੀ ਯੂਨੀਵਰਸਿਟੀਆਂ ਦੀ ਦੇਖਭਾਲ ਕਰਨ ਵਾਲੇ ਏਰੀਜ਼ੋਨਾ ਬੋਰਡ ਆਫ ਰੀਜੈਂਟਸ ਨੇ ਆਪਣੇ ਪ੍ਰਧਾਨਾਂ ਨੂੰ ਜਿੰਨੀ ਛੇਤੀ ਹੋ ਸਕੇ, ਰੂਸੀ ਨਿਵੇਸ਼ ਕੱਢਣ ਦਾ ਹੁਕਮ ਦਿੱਤਾ।

ਜਰਮਨੀ ਨੇ ਕਿਹਾ- ਅਸੀਂ ਤਿਆਰ ਹਾਂ
ਜਰਮਨੀ ਨੇ ਰੂਸ ਦੀ ਧਮਕੀ ਤੋਂ ਬਾਅਦ ਕਿਹਾ ਕਿ ਜੇਕਰ ਰੂਸ ਆਪਣੀ ਤੇਲ ਅਤੇ ਗੈਸ ਸਪਲਾਈ ਬੰਦ ਕਰਨਾ ਚਾਹੁੰਦਾ ਹੈ ਤਾਂ ਉਹ ਆਪਣੇ ਪੱਧਰ 'ਤੇ ਤੇਲ ਦਾ ਪ੍ਰਬੰਧ ਕਰਨ ਦੇ ਸਮਰੱਥ ਹੈ। 

ਇਹ ਵੀ ਪੜ੍ਹੋ:ਕੀਵ ’ਚ ਬੰਬਾਰੀ ਦਰਮਿਆਨ ਖਿਲਰੀਆਂ ਲਾਸ਼ਾਂ ਨੂੰ ਖਿੱਚੀ ਫਿਰਦੇ ਹਨ ਕੁੱਤੇ

ਰੂਸ ਦੇ ਬਦਲੇ ਦੇ ਡਰੋਂ ਨਾਟੋ ਯੂਕ੍ਰੇਨ ਨੂੰ ਨਹੀਂ ਦੇਵੇਗਾ ਲੜਾਕੂ ਜਹਾਜ਼
ਅਮਰੀਕਾ ਦੀ ਅਗਵਾਈ ਵਾਲੇ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦੇ ਮੈਂਬਰਾਂ ਨੇ ਵੱਡੀ ਪ੍ਰਤੀਕਿਰਿਆ ਭਾਵ ਬਦਲੇ ਦੇ ਡਰ ਕਾਰਨ ਰੂਸ ਦੇ ਖਿਲਾਫ ਲੜਣ ਲਈ ਯੂਕ੍ਰੇਨ ਨੂੰ ਲੜਾਕੂ ਜਹਾਜ਼ ਭੇਜਣ ਤੋਂ ਇਨਕਾਰ ਕਰ ਦਿੱਤਾ ਹੈ ਜਦੋਂ ਕਿ ਅਮਰੀਕਾ ਨੇ ਇਸ ਨੂੰ ਹਰੀ ਝੰਡੀ ਵਿਖਾ ਦਿੱਤੀ ਹੈ। ਪਿਛਲੇ ਹਫ਼ਤੇ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕੇਨ ਨੇ ਕਿਹਾ ਕਿ ਨਾਟੋ ਦੇ ਮੈਂਬਰ ਦੇਸ਼ ਰੂਸ ਦੇ ਹਮਲੇ ਦੇ ਖਿਲਾਫ ਯੂਕ੍ਰੇਨ ਦੀ ਰੱਖਿਆ ਕਰਨ ’ਚ ਮਦਦ ਕਰਨ ਲਈ ਉਸ ਨੂੰ ਸੋਵੀਅਤ ਕਾਲ ਦੇ ਲੜਾਕੂ ਜਹਾਜ਼ ਦੇਣਗੇ। ਅਜਿਹੀਆਂ ਰਿਪੋਰਟਾਂ ਸਨ ਕਿ ਪੋਲੈਂਡ, ਹੰਗਰੀ, ਬੁਲਗਾਰੀਆ ਅਤੇ ਸਲੋਵਾਕੀਆ ਉਨ੍ਹਾਂ ਦੇਸ਼ਾਂ ’ਚੋਂ ਹੋ ਸਕਦੇ ਹਨ, ਜਿਨ੍ਹਾਂ ਕੋਲ ਸੋਵੀਅਤ ਯੁੱਗ ਦੇ ਲੜਾਕੂ ਜਹਾਜ਼ ਜਿਵੇਂ ਮਿਗ-29 ਅਤੇ ਐੱਸ. ਯੂ.-25 ਹਨ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

cherry

This news is Content Editor cherry