ਰੂਸ : ਇਕ ਦਿਨ ''ਚ ਰਿਕਾਰਡ 3,300 ਤੋਂ ਵਧੇਰੇ ਮਾਮਲੇ, ਮਰੀਜ਼ਾਂ ਦੀ ਗਿਣਤੀ 25,000 ਦੇ ਕਰੀਬ

04/15/2020 6:08:07 PM

ਮਾਸਕੋ (ਬਿਊਰੋ): ਰੂਸ ਵਿਚ ਵੀ ਜਾਨਲੇਵਾ ਕੋਵਿਡ-19 ਦਾ ਕਹਿਰ ਜਾਰੀ ਹੈ। ਇੱਥੇ ਇਕ ਦਿਨ ਵਿਚ ਰਿਕਾਰਡ 3,300 ਤੋਂ ਵਧੇਰੇ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਸ ਦੇ ਨਾਲ ਹੀ ਇੱਥੇ ਮਰੀਜ਼ਾਂ ਦੀ ਗਿਣਤੀ 25 ਹਜ਼ਾਰ ਦੇ ਕਰੀਬ ਪਹੁੰਚ ਗਈ ਹੈ। ਦੇਸ਼ ਦੇ ਕੋਰੋਨਾਵਾਇਰਸ ਰਿਸਪਾਨਸ ਸੈਂਟਰ ਦੇ ਮੁਤਾਬਕ ਪਿਛਲੇ 24 ਘੰਟਿਆਂ ਵਿਚ 3,338 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਸ ਦੇ ਨਾਲ ਹੀ ਇੱਥੇ ਮਰੀਜ਼ਾਂ ਦੀ ਗਿਣਤੀ 24,290 ਹੋ ਗਈ ਹੈ। ਇਹਨਾਂ ਵਿਚੋਂ 198 ਲੋਕਾਂ ਦੀ ਮੌਤ ਹੋ ਗਈ। ਦੇਸ਼ ਵਿਚ ਪਿਛਲੇ 24 ਘੰਟਿਆਂ ਵਿਚ 28 ਲੋਕਾਂ ਦੀ ਮੌਤ ਹੋਈ ਹੈ। 

ਇੱਥੇ ਦੱਸ ਦਈਏ ਕਿ ਰੂਸ ਵਿਚ ਵੀ ਇਨਫੈਕਸ਼ਨ ਤੇਜ਼ੀ ਨਾਲ ਫੈਲ ਰਿਹਾ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਇੱਥੇ 2,774 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਸੀ ਅਤੇ 22 ਲੋਕਾਂ ਦੀ ਮੌਤ ਹੋ ਗਈ। ਇਸ ਨਾਲ ਇੱਥੇ ਮਰੀਜ਼ਾਂ ਦੀ ਗਿਣਤੀ 21,102 ਹੋ ਗਈ ਸੀ। ਇਸ ਦੌਰਾਨ ਮਰਨ ਵਾਲਿਆਂ ਦੀ ਗਿਣਤੀ 170 ਸੀ। ਦੇਸ਼ ਵਿਚ ਮਾਮਲਿਆਂ ਦੀ ਗਿਣਤੀ ਤੇਜ਼ੀ ਨਾਲ ਵੱਧਣ ਦੇ ਬਾਅਦ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਹੈ ਕਿ ਦੇਸ਼ ਵਿਚ ਕੋਰੋਨਾਵਾਇਰਸ ਮਹਾਮਾਰੀ ਨਾਲ ਨਜਿੱਠਣ ਵਿਚ ਮਦਦ ਕਰਨ ਲਈ ਫੌਜ ਨੂੰ ਤਾਇਨਾਤ ਕੀਤਾ ਜਾ ਸਕਦਾ ਹੈ।

ਪੜ੍ਹੋ ਇਹ ਅਹਿਮ ਖਬਰ- ਅਮਰੀਕੀ ਕੈਦੀ ਦਾ ਦਾਅਵਾ: ਰਿਹਾਅ ਕਰ ਦਿਓ, 3 ਮਹੀਨੇ 'ਚ ਬਣਾਵਾਂਗਾ ਕੋਵਿਡ-19 ਦੀ ਦਵਾਈ

ਵਰਲਡ ਓ ਮੀਟਰ ਮੁਤਾਬਕ ਦੁਨੀਆਭਰ ਵਿਚ 20 ਲੱਖ ਤੋਂ ਵਧੇਰੇ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਸ ਦੇ ਨਾਲ ਹੀ ਮਰਨ ਵਾਲਿਆਂ ਦੀ ਗਿਣਤੀ ਇਕ ਲੱਖ ਤੋਂ ਵਧੇਰੇ ਹੋ ਚੁੱਕੀ ਹੈ।ਦੁਨੀਆ ਭਰ ਵਿਚ ਹੁਣ ਤੱਕ 2,008,018 ਮਾਮਲਿਆਂ ਦੀ ਪੁਸ਼ਟੀ ਹੋਈ ਹੈ ਜਦਕਿ ਮ੍ਰਿਤਕਾਂ ਦੀ ਗਿਣਤੀ 127,141 ਹੋ ਚੁੱਕੀ ਹੈ।ਸਭ ਤੋਂ ਜ਼ਿਆਦਾ ਮਾਮਲੇ ਅਮਰੀਕਾ ਦੇ ਸਾਹਮਣੇ ਆਏ ਹਨ। ਇੱਥੇ 6 ਲੱਖ ਤੋਂ ਵਧੇਰੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਅਤੇ 26,000 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ।

Vandana

This news is Content Editor Vandana