''ਤੈਰਦੀ ਤਬਾਹੀ'' ਨੂੰ ਆਰਕਟਿਕ ਲੈ ਜਾਵੇਗੀ ਰੂਸ ਦੀ ਪੁਤਿਨ ਸਰਕਾਰ

07/10/2019 10:23:44 AM

ਮਾਸਕੋ— ਰੂਸ ਨੇ 6500 ਕਿਲੋਮੀਟਰ ਦੂਰ ਆਰਕਟਿਕ ਖੇਤਰ ਵਿਚਕਾਰ ਪ੍ਰਮਾਣੂ ਪਲਾਂਟ ਸਥਾਪਿਤ ਕਰਨ ਦੀ ਯੋਜਨਾ ਬਣਾਈ ਹੈ। ਇਸ ਨੂੰ ਬਹੁਤ ਜਲਦੀ ਅੰਜਾਮ ਦੇਣ ਲਈ ਉਹ ਐਟਮੀ ਪਲਾਂਟ ਨੂੰ ਜਹਾਜ਼ 'ਚ ਲੱਦ ਕੇ ਸਮੁੰਦਰੀ ਰਸਤੇ ਰਾਹੀਂ ਉੱਥੇ ਲੈ ਜਾਵੇਗਾ। ਅਕੈਡਮਿਕ ਲੋਮੋਨੋਸੋਵ ਨਾਮਕ ਇਸ ਪਲਾਂਟ ਨੂੰ 'ਗ੍ਰੀਨ ਪੀਸ ਇੰਟਰਨੈਸ਼ਨਲ' ਨੇ 'ਤੈਰਦੀ ਤਬਾਹੀ' ਕਿਹਾ ਹੈ ਜਦਕਿ ਦੁਨੀਆ ਦੇ ਕਈ ਦੇਸ਼ ਪੁਤਿਨ ਸਰਕਾਰ ਦੇ ਇਸ ਕਦਮ ਨੂੰ ਖਤਰਿਆਂ ਭਰਿਆ ਦੱਸ ਰਹੇ ਹਨ।
ਰੂਸ ਇਸ ਪਲਾਂਟ ਨੂੰ ਊਰਜਾ ਦਾ ਵੱਡਾ ਸਰੋਤ ਕਹਿੰਦਾ ਹੈ, ਜਿਸ ਦੀ ਵਰਤੋਂ ਉਹ ਸਹੀ ਕੰਮਾਂ ਲਈ ਕਰੇਗਾ ਪਰ ਜ਼ਿਆਦਾਤਰ ਵਾਤਾਵਰਣਵਾਦੀਆਂ ਨੇ ਵੀ ਇਸ ਨੂੰ ਤਬਾਹੀ ਦੱਸਿਆ ਹੈ। ਰੂਸ 'ਚ ਇਹ ਯੋਜਨਾ ਦੋ ਦਹਾਕੇ ਪਹਿਲਾਂ ਬਣੀ ਸੀ ਪਰ ਪੁਤਿਨ ਦੀ ਆਰਕਟਿਕ ਵਿਸਥਾਰ ਯੋਜਨਾ ਲਾਂਚ ਹੁੰਦੇ ਹੀ ਪਲਾਂਟ ਕੰਟਰੋਲ 'ਚ ਤੇਜ਼ੀ ਆਈ ਅਤੇ ਸਿਰਫ ਦੋ ਸਾਲਾਂ 'ਚ ਇਸ ਨੂੰ ਤਿਆਰ ਕਰ ਲਿਆ ਗਿਆ।
ਫਿਲਹਾਲ ਇਹ ਪਲਾਂਟ 472 ਫੁੱਟ ਲੰਬੇ ਇਕ ਪਲੈਟਫਾਰਮ 'ਤੇ ਰੱਖਿਆ ਗਿਆ ਹੈ। ਜਲਦੀ ਹੀ ਇਸ ਨੂੰ ਆਰਕਟਿਕ ਨਾਲ ਲੱਗਦੀ ਪੈਵੇਕ ਬੰਦਰਗਾਹ ਤੋਂ ਆਰਕਟਿਕ ਲਈ ਰਵਾਨਾ ਕੀਤਾ ਜਾਵੇਗਾ। ਪਲਾਂਟ ਨੂੰ ਆਰਕਟਿਕ 'ਚ ਕਦੋਂ ਸਥਾਪਤ ਕੀਤਾ ਜਾਵੇਗਾ, ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲ ਸਕੀ। 

ਆਰਕਟਿਕ 'ਚ ਤੇਲ-ਗੈਸ ਖਜ਼ਾਨਾ ਲੱਭੇਗਾ ਰੂਸ—
ਪੁਤਿਨ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਹ ਰੂਸ ਅਤੇ ਉਸ ਦੇ ਆਲੇ-ਦੁਆਲੇ ਦੇ ਖਾਲੀ ਖੇਤਰ ਨੂੰ ਆਰਥਿਕ ਤੌਰ 'ਤੇ ਵਧਾ ਕੇ ਅੱਗੇ ਵਧਾਉਣਾ ਚਾਹੁੰਦੇ ਹਨ। ਇਸ ਲਈ ਉਹ ਆਰਕਟਿਕ ਦੀ ਡੂੰਘਾਈ 'ਚ ਮੌਜੂਦ ਤੇਲ ਅਤੇ ਗੈਸ ਦੇ ਖਜ਼ਾਨੇ ਨੂੰ ਲੱਭਣਗੇ। ਐਟਮੀ ਪਲਾਂਟ ਜ਼ਰੀਏ ਇਨ੍ਹਾਂ ਦੀ ਖੋਜ 'ਚ ਲੱਗੀਆਂ ਕੰਪਨੀਆਂ ਨੂੰ ਬਿਜਲੀ ਦੀ ਸਪਲਾਈ ਕੀਤੀ ਜਾਵੇਗੀ। ਫਿਲਹਾਲ ਰੂਸ ਦੇ ਆਰਕਟਿਕ ਨਾਲ ਲੱਗਦੇ ਖੇਤਰ 'ਚ ਸਿਰਫ 20 ਲੱਖ ਲੋਕ ਰਹਿੰਦੇ ਹਨ ਪਰ ਇੱਥੋਂ ਦੇਸ਼ ਦਾ 20 ਫੀਸਦੀ ਜੀ.ਡੀ.ਪੀ. ਆਉਂਦਾ ਹੈ।