ਰੂਸ : ਪੁਤਿਨ ਖ਼ਿਲਾਫ਼ ਸੜਕਾਂ 'ਤੇ ਲੋਕ, 3000 ਤੋਂ ਵੱਧ ਪ੍ਰਦਰਸ਼ਨਕਾਰੀ ਗ੍ਰਿਫ਼ਤਾਰ (ਤਸਵੀਰਾਂ)

01/25/2021 11:07:22 AM

ਮਾਸਕੋ (ਇੰਟ.): ਰੂਸ ਵਿਚ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਖ਼ਿਲਾਫ਼ ਵੱਡੇ ਪੱਧਰ 'ਤੇ ਵਿਰੋਧ ਪ੍ਰਦਰਸ਼ਨ ਆਯੋਜਿਤ ਹੋਏ ਹਨ, ਜਿਸ ਵਿਚ ਲੱਖਾਂ ਦੀ ਗਿਣਤੀ ਵਿਚ ਲੋਕਾਂ ਨੇ ਹਿੱਸਾ ਲਿਆ ਹੈ। ਪੁਤਿਨ ਦੇ ਆਲੋਚਕ ਅਲੇਕਸੇਈ ਨਵਲਨੀ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿਚ ਉਹਨਾਂ ਦੇ ਸਮਰਥਕ ਰੂਸ ਦੇ ਕਰੀਬ 100 ਸ਼ਹਿਰਾਂ ਵਿਚ ਸੜਕਾਂ 'ਤੇ ਹਨ। ਪੁਲਸ ਨੇ ਪ੍ਰਦਰਸ਼ਨਕਾਰੀਆਂ 'ਤੇ ਸਖ਼ਤ ਕਾਰਵਾਈ ਕੀਤੀ ਹੈ। ਸਮਰਥਕਾਂ ਦੀ ਪੁਲਸ ਨਾਲ ਹਿੰਸਕ ਝੜਪ ਹੋ ਗਈ। ਦੁਨੀਆ ਭਰ ਵਿਚ ਨਵਲਨੀ ਦੀ ਗ੍ਰਿਫ਼ਤਾਰੀ ਦੇ ਨਾਲ-ਨਾਲ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਕੀਤੀ ਹਿੰਸਾ ਦੀ ਆਲੋਚਨਾ ਕੀਤੀ ਗਈ ਹੈ।

ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਘੱਟੋ-ਘੱਟ 3400 ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਇਨ੍ਹਾਂ ਵਿਚ ਨਵਲਨੀ ਦੀ ਪਤਨੀ ਯੂਲੀਆ ਨਵਲਨਯਾ ਵੀ ਸ਼ਾਮਲ ਹੈ। ਹਿੰਸਕ ਪ੍ਰਦਰਸ਼ਨਾਂ ਕਾਰਨ ਅਮਰੀਕਾ ਤੇ ਰੂਸ ਦਰਮਿਆਨ ਕੜਵਾਹਟ ਇਕ ਵਾਰ ਮੁੜ ਵੱਧ ਗਈ ਹੈ। ਰੂਸ ਦੇ ਵਿਦੇਸ਼ ਮੰਤਰਾਲਾ ਨੇ ਅਮਰੀਕੀ ਅੰਬੈਸੀ ਨੂੰ ਕਸੂਰਵਾਰ ਠਹਿਰਾਉਂਦਿਆਂ ਕਿਹਾ ਹੈ ਕਿ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿਚ ਹੋ ਰਹੇ ਪ੍ਰਦਰਸ਼ਨਾਂ ਵਿਚ ਅਮਰੀਕਾ ਦਖਲ ਦੇ ਰਿਹਾ ਹੈ।

ਪੁਲਸ ਨੇ -51 ਡਿਗਰੀ ਤਾਪਮਾਨ ’ਚ ਵਿਖਾਵਾ ਕਰ ਰਹੇ ਪ੍ਰਦਰਸ਼ਨਕਾਰੀਆਂ ਨੂੰ ਬੱਸਾਂ ਤੇ ਟਰੱਕਾਂ ਵਿਚ ਖਿੱਚ ਕੇ ਬਿਠਾਇਆ, ਕੁਝ ਲੋਕਾਂ ਨੂੰ ਪੁਲਸ ਦੇ ਡੰਡਿਆਂ ਨਾਲ ਕੁੱਟਿਆ ਵੀ। ਪ੍ਰਸ਼ਾਸਨ ਨੇ ਪ੍ਰਦਰਸ਼ਨਕਾਰੀਆਂ ਨੂੰ ਮਾਸਕੋ ਦੇ ਪੁਸ਼ਕਿਨ ਸਕੁਏਅਰ ਤੋਂ ਬਾਹਰ ਖਦੇੜਿਆ ਪਰ ਅੱਧਾ ਮੀਲ ਦੂਰੀ ’ਤੇ ਉਹ ਇਕੱਠੇ ਹੋ ਗਏ। ਇਨ੍ਹਾਂ ਵਿਚੋਂ ਕਈਆਂ ਨੇ ਪੁਲਸ ’ਤੇ ਬਰਫ ਦੇ ਗੋਲੇ ਵੀ ਸੁੱਟੇ।

ਬੀ.ਬੀ. ਸੀ. ਦੀ ਰਿਪੋਰਟ ਮੁਤਾਬਕ, ਮਾਸਕੋ ਵਿਚ ਪੁਲਸ ਪ੍ਰਦਰਸ਼ਨਕਾਰੀਆਂ ਨੂੰ ਕੁੱਟਦੀ ਅਤੇ ਘੜੀਸਦੀ ਹੋਈ ਦਿਸੀ। ਵਿਰੋਧੀ ਧਿਰ ਦੇ ਨੇਤਾ ਨਵਲਨੀ ਦੀ ਗ੍ਰਿਫ਼ਤਾਰੀ 17 ਜਨਵਰੀ ਨੂੰ ਹੋਈ ਸੀ। ਉਹ ਪੁਤਿਨ ਦੇ ਸਭ ਤੋਂ ਮਸ਼ਹੂਰ ਆਲੋਚਕ ਦੇ ਰੂਪ ਵਿਚ ਜਾਣੇ ਜਾਂਦੇ ਹਨ। ਅਗਸਤ 2020 ਵਿਚ ਰੂਸ ਵਿਚ ਅਲੈਕਸੀ ਨੂੰ ਜ਼ਹਿਰ ਦੇ ਦਿੱਤਾ ਗਿਆ ਸੀ। ਇਸ ਮਗਰੋਂ ਉਹ ਜਰਮਨੀ ਆ ਗਏ ਸਨ।

ਬਰਲਿਨ ਤੋਂ ਮਾਸਕੋ ਪਹੁੰਚਦੇ ਹੀ ਉਹਨਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਨਵਲਨੀ ਨੂੰ ਪੈਰੋਲ ਦੀਆਂ ਸ਼ਰਤਾਂ ਤੋੜਨ ਦਾ ਦੋਸ਼ੀ ਕਰਾਰ ਦਿੱਤਾ ਗਿਆ ਹੈ। ਭਾਵੇਂਕਿ ਨਵਲਨੀ ਦਾ ਕਹਿਣਾ ਹੈ ਕਿ ਉਹਨਾਂ ਨੂੰ ਚੁੱਪ ਕਰਾਉਣ ਲਈ ਸਾਜਿਸ਼ ਬਣਾਈ ਗਈ ਹੈ। ਪ੍ਰਦਰਸ਼ਨਕਾਰੀਆਂ ਨੇ ਨਵਲਨੀ ਦੀ ਰਿਹਾਈ ਦੀ ਮੰਗ ਕੀਤੀ ਅਤੇ ਪੁਤਿਨ ਸੱਤਾ ਛੱਡੋ ਦੇ ਨਾਅਰੇ ਲਗਾਏ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।

Vandana

This news is Content Editor Vandana