ਰੂਸ ''ਚ ਅੱਗ ਲੱਗਣ ਕਾਰਨ ਇਕ ਬੱਚੀ ਦੀ ਮੌਤ, 9 ਜ਼ਖਮੀ

07/23/2019 12:38:44 PM

ਮਾਸਕੋ— ਰੂਸ ਦੇ ਸੁਦੂਰ ਪੂਰਬੀ ਖਾਬਰੋਵਸਕ ਖੇਤਰ 'ਚ ਤੰਬੂ ਲਗਾ ਕੇ ਬਣਾਏ ਗਏ ਕੈਂਪ 'ਚ ਅੱਗ ਲੱਗ ਜਾਣ ਕਾਰਨ ਇਕ ਬੱਚੀ ਦੀ ਮੌਤ ਹੋ ਗਈ ਅਤੇ ਹੋਰ 9 ਜ਼ਖਮੀ ਹੋ ਗਏ, ਇਨ੍ਹਾਂ 'ਚੋਂ 3 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਰੂਸੀ ਐਮਰਜੈਂਸੀ ਮੰਤਰਾਲੇ ਦੇ ਖੇਤਰੀ ਵਿਭਾਗ ਨੇ ਮੰਗਲਵਾਰ ਨੂੰ ਦੱਸਿਆ ਕਿ ਖਾਬਰੋਵਸਕ ਖੇਤਰ ਦੇ ਸੋਲਨੇਕਨੀ ਜ਼ਿਲੇ 'ਚ ਸਥਿਤ ਸਕੀ ਰਿਜ਼ਾਰਟ 'ਚ ਭਿਆਨਕ ਅੱਗ ਲੱਗ ਗਈ। ਇੱਥੇ ਤੰਬੂ ਵਾਲੇ 26 ਹਾਲਡੇਅ ਕੈਂਪਾਂ 'ਚੋਂ 20 ਕੈਂਪ ਸੜ ਗਏ।
 

ਐਮਰਜੈਂਸੀ ਸੇਵਾ ਦੇ ਇਕ ਬੁਲਾਰੇ ਨੇ ਕਿਹਾ,''ਘਟਨਾ 'ਚ 5 ਬੱਚਿਆਂ ਸਮੇਤ 10 ਲੋਕ ਝੁਲਸ ਗਏ, ਜਿਨ੍ਹਾਂ 'ਚੋਂ ਇਕ ਬੱਚੀ ਦੀ ਮੌਤ ਹੋ ਗਈ। ਮ੍ਰਿਤਕ ਬੱਚੀ ਦੀ ਉਮਰ 11 ਸਾਲ ਦੱਸੀ ਜਾ ਰਹੀ ਹੈ। 4 ਜ਼ਖਮੀ ਬੱਚਿਆਂ ਨੂੰ ਜ਼ਿਲਾ ਹਸਪਤਾਲ 'ਚ ਭੇਜਿਆ ਗਿਆ ਹੈ। ਕਈਆਂ ਦਾ 90 ਫੀਸਦੀ ਸਰੀਰ ਝੁਲਸ ਗਿਆ। ''
ਅਧਿਕਾਰੀਆਂ ਨੇ ਦੱਸਿਆ ਕਿ ਅੱਗ ਲੱਗਣ ਦੀ ਖਬਰ ਸੁਣ ਕੇ ਬੱਚੇ ਭੱਜਣ ਲੱਗ ਗਏ ਤੇ ਇਸ ਕਾਰਨ ਕਈ ਜ਼ਖਮੀ ਹੋ ਗਏ। ਇਕ ਬੱਚੇ ਨੇ ਆਪਣੀ ਮਾਂ ਨੂੰ ਫੋਨ ਕਰਕੇ ਦੱਸਿਆ ਕਿ ਉਹ ਮੁਸੀਬਤ 'ਚ ਫਸ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਕੈਂਪ ਦੇ ਲੋਹੇ ਦੇ ਸਟੈਂਡ ਹੀ ਬਚੇ ਹਨ ਤੇ ਬਾਕੀ ਸਾਰਾ ਕੁੱਝ ਸੜ ਗਿਆ ਹੈ। ਇਸ ਘਟਨਾ ਦੇ ਕਾਰਨਾਂ ਦੀ ਜਾਂਚ ਚੱਲ ਰਹੀ ਹੈ।