ਧਰੀਆਂ ਦੀਆਂ ਧਰੀਆਂ ਰਹਿ ਗਈਆਂ US-UK ਦੀਆਂ ਧਮਕੀਆਂ, ਰੂਸ ਦੀ ਆਫ਼ਤ ਤੋਂ ਦੁਨੀਆ ਦੁਖੀ

02/25/2022 1:22:12 PM

ਨਵੀਂ ਦਿੱਲੀ (ਇੰਟਰਨੈਸ਼ਨਲ ਡੈਸਕ)– ਰੂਸ ਵੱਲੋਂ ਯੂਕ੍ਰੇਨ ’ਤੇ ਹਮਲੇ ਤੋਂ ਬਾਅਦ ਹਮਲਾਵਰੀ ਰਵੱਈਆ ਵਿਖਾ ਰਹੇ ਪੱਛਮੀ ਦੇਸ਼ ਹੱਕੇ-ਬੱਕੇ ਰਹਿ ਗਏ ਹਨ। ਬ੍ਰਿਟੇਨ ਤੇ ਅਮਰੀਕਾ ਦੀਆਂ ਰੂਸ ’ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾਉਣ ਦੀਆਂ ਧਮਕੀਆਂ ਧਰੀਆਂ ਦੀਆਂ ਧਰੀਆਂ ਰਹਿ ਗਈਆਂ। ਬ੍ਰਿਟੇਨ ਤੇ ਅਮਰੀਕਾ ਨੇ ਵੱਡੀਆਂ ਪਾਬੰਦੀਆਂ ਦੀ ਚਿਤਾਵਨੀ ਦਿੰਦੇ ਹੋਏ ਰੂਸ ਦੇ ਬੈਂਕਾਂ ਤੇ ਵਿੱਤੀ ਸੰਸਥਾਵਾਂ ’ਤੇ ਨੁਕੇਲ ਕੱਸਣ ਦੀ ਵੀ ਕੋਸ਼ਿਸ਼ ਕੀਤੀ ਪਰ ਇਸ ਨੂੰ ਨਜ਼ਰਅੰਦਾਜ਼ ਕਰਦੇ ਹੋਏ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕ੍ਰੇਨ ਖਿਲਾਫ ਮਿਲਟਰੀ ਆਪ੍ਰੇਸ਼ਨ ਦਾ ਐਲਾਨ ਕੀਤਾ। ਰੂਸ ਦਾ ਗੁੱਸਾ ਯੂਕ੍ਰੇਨ ’ਤੇ ਆਫਤ ਬਣ ਕੇ ਵਰ੍ਹਿਆ, ਜਿਸ ਨਾਲ ਹਮਲੇ ਤੋਂ ਨਾ-ਉਮੀਦ ਦੁਨੀਆ ਨੂੰ ਦੁਖੀ ਹੋਣਾ ਪਿਆ। ਇੱਥੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਦੁਨੀਆ ਦੀਆਂ 2 ਵੱਡੀਆਂ ਸ਼ਕਤੀਆਂ (ਯੂ. ਐੱਸ. ਤੇ ਯੂ. ਕੇ.) ਦੀ ਚਿਤਾਵਨੀ ਨੂੰ ਨਜ਼ਰਅੰਦਾਜ਼ ਕਰਨ ਵਾਲੇ ਰੂਸ ਦੇ ਇਰਾਦੇ ਕਿੰਨੇ ਬੁਲੰਦ ਹਨ। ਇਸ ਹਮਲੇ ਦਾ ਅੰਜਾਮ ਜੋ ਵੀ ਹੋਵੇ ਪਰ ਰੂਸ ਨੇ ਦੁਨੀਆ ਨੂੰ ਇਹ ਸੁਨੇਹਾ ਵੀ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਵਿਸ਼ਵ ਜੰਗ ਦੀ ਸਥਿਤੀ ’ਚ ਵੀ ਹਰ ਹਾਲਤ ਵਿਚ ਲੜਨ ਲਈ ਤਿਆਰ ਹੈ।

ਇਹ ਵੀ ਪੜ੍ਹੋ: ਭਾਵੁਕ ਹੋਏ ਯੂਕ੍ਰੇਨ ਦੇ ਰਾਸ਼ਟਰਪਤੀ, ਕਿਹਾ- ਮੈਂ ਤੇ ਮੇਰਾ ਪਰਿਵਾਰ ਦੁਸ਼ਮਣ ਦੇ ਨਿਸ਼ਾਨੇ 'ਤੇ ਹਾਂ (ਵੀਡੀਓ)

ਚੀਨ ਨੇ ਅਮਰੀਕੀ ਪਾਬੰਦੀਆਂ ਦੀ ਆਲੋਚਨਾ ਕੀਤੀ
ਚੀਨੀ ਵਿਦੇਸ਼ ਮੰਤਰਾਲਾ ਦੀ ਬੁਲਾਰਨ ਹੁਆ ਚੁਨਯਿੰਗ ਨੇ ਕਿਹਾ ਕਿ ਚੀਨ ਤੇ ਯੂਕ੍ਰੇਨ ਦੀ ਸਥਿਤੀ ’ਤੇ ਨੇੜਲਿਆਂ ਨੇ ਨਜ਼ਰ ਰੱਖੀ ਹੋਈ ਹੈ। ਅਸੀਂ ਸਾਰੀਆਂ ਧਿਰਾਂ ਨੂੰ ਸੰਜਮ ਬਣਾਈ ਰੱਖਣ ਅਤੇ ਸਥਿਤੀ ਨੂੰ ਕਾਬੂ ’ਚੋਂ ਬਾਹਰ ਨਾ ਜਾਣ ਦੀ ਅਪੀਲ ਕਰਦੇ ਹਾਂ। ਜਦੋਂ ਉਨ੍ਹਾਂ ਨੂੰ ਸਵਾਲ ਕੀਤਾ ਗਿਆ ਕਿ ਕੀ ਪੁਤਿਨ ਦਾ ਕਦਮ ਯੂਕ੍ਰੇਨ ਦੀ ਪ੍ਰਭੂਸੱਤਾ ਦੀ ਉਲੰਘਣਾ ਹੈ ਤਾਂ ਬੁਲਾਰਨ ਨੇ ਕਿਹਾ ਕਿ ਇਸ ਮੁੱਦੇ ਦਾ ਗੁੰਝਲਦਾਰ ਇਤਿਹਾਸਕ ਪਿਛੋਕੜ ਹੈ। ਚੁਨਯਿੰਗ ਨੇ ਕਿਹਾ ਕਿ ਅਮਰੀਕਾ ਨੂੰ ਯੂਕ੍ਰੇਨ ਨਾਲ ਸਬੰਧਤ ਮੁੱਦੇ ਅਤੇ ਰੂਸ ਨਾਲ ਰਿਸ਼ਤਿਆਂ ’ਤੇ ਵਿਚਾਰ ਕਰਨ ਦੌਰਾਨ ਚੀਨ ਤੇ ਹੋਰ ਦੇਸ਼ਾਂ ਦੇ ਜਾਇਜ਼ ਅਧਿਕਾਰਾਂ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੀਦਾ। ਉਨ੍ਹਾਂ ਰੂਸ ਵਿਰੁੱਧ ਅਮਰੀਕਾ ਦੀਆਂ ਪਾਬੰਦੀਆਂ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਪਾਬੰਦੀਆਂ ਸਮੱਸਿਆਵਾਂ ਦੇ ਹੱਲ ਦਾ ਕਦੇ ਸਫਲ ਤਰੀਕਾ ਨਹੀਂ ਰਹੀਆਂ ਅਤੇ ਚੀਨ ਹਮੇਸ਼ਾ ਇਕਪਾਸੜ ਪਾਬੰਦੀਆਂ ਦਾ ਵਿਰੋਧ ਕਰਦਾ ਰਿਹਾ ਹੈ।

ਇਹ ਵੀ ਪੜ੍ਹੋ: ਰੂਸੀ ਹਮਲੇ ਮਗਰੋਂ ਯੂਕ੍ਰੇਨ 'ਚ ਭਿਆਨਕ ਤਬਾਹੀ, ਹੁਣ ਤੱਕ ਮਾਰੇ ਗਏ 137 ਨਾਗਰਿਕ ਅਤੇ ਫ਼ੌਜੀ

ਅਮਰੀਕਾ ਤੇ ਨਾਟੋ ਕਿੱਥੇ ਖੜ੍ਹੇ ਹਨ?
ਰੂਸ ਦੀ ਫੌਜ ਯੂਕ੍ਰੇਨ ਵਿਚ ਦਾਖਲ ਹੋਣ ਤੋਂ ਬਾਅਦ ਲਗਾਤਾਰ ਹਮਲੇ ਕਰ ਰਹੀ ਹੈ। ਵੇਖਦੇ ਹੀ ਵੇਖਦੇ ਰੂਸ ਦੇ ਲੜਾਕੂ ਜਹਾਜ਼ ਯੂਕ੍ਰੇਨ ਦੀ ਰਾਜਧਾਨੀ ਕੀਵ ਤਕ ਪਹੁੰਚ ਗਏ। ਪੂਰੀ ਦੁਨੀਆ ਲਈ ਇਹ ਹੈਰਾਨ ਕਰ ਦੇਣ ਵਾਲਾ ਹੈ ਕਿਉਂਕਿ ਅਮਰੀਕਾ ਇਸ ਪੂਰੇ ਮਸਲੇ ’ਤੇ ਯੂਕ੍ਰੇਨ ਨਾਲ ਖੜ੍ਹਾ ਨਜ਼ਰ ਆ ਰਿਹਾ ਸੀ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡੇਨ ਵੀ ਰੂਸ ਦੀ ਇਸ ਹਰਕਤ ਤੋਂ ਪਹਿਲਾਂ ਚਿਤਾਵਨੀ ਦਿੰਦੇ ਨਜ਼ਰ ਆ ਰਹੇ ਸਨ। ਬਾਈਡੇਨ ਨੇ ਤਾਂ ਇੱਥੋਂ ਤਕ ਕਹਿ ਦਿੱਤਾ ਸੀ ਕਿ ਜੇ ਰੂਸ ਕੁਝ ਅਜਿਹਾ ਕਰਦਾ ਹੈ ਤਾਂ ਉਸ ਨੂੰ ਇਸ ਦੇ ਨਤੀਜੇ ਵੀ ਵੇਖਣ ਨੂੰ ਮਿਲ ਸਕਦੇ ਹਨ, ਜਦੋਂਕਿ ਹੁਣ ਬਦਲੇ ਹੋਏ ਹਾਲਾਤ ’ਚ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ ਅਤੇ ਨਾਟੋ ਦੇਸ਼ ਯੂਕ੍ਰੇਨ ਦੇ ਨਾਲ ਖੜ੍ਹੇ ਨਜ਼ਰ ਆਉਣਗੇ?

ਇਹ ਵੀ ਪੜ੍ਹੋ: ਯੂਕ੍ਰੇਨ 'ਚ ਭਾਰਤੀ ਵਿਦਿਆਰਥੀਆਂ ਨੇ ਤਹਿਖਾਨੇ 'ਚ ਲਈ ਸ਼ਰਨ, ਕਿਹਾ- ਭਾਰਤ ਸਰਕਾਰ ਸਾਡੀ ਆਖ਼ਰੀ ਉਮੀਦ

ਹਰ ਸਥਿਤੀ ਤੋਂ ਜਾਣੂ ਹੈ ਅਮਰੀਕਾ
ਅਮਰੀਕਾ ਇਹ ਗੱਲ ਚੰਗੀ ਤਰ੍ਹਾਂ ਜਾਣਦਾ ਹੈ ਕਿ ਇਸ ਜੰਗ ਵਿਚ ਪੈਣ ਤੋਂ ਬਾਅਦ ਚੀਨ ਵੀ ਪਿੱਛੇ ਨਹੀਂ ਹਟੇਗਾ। ਚੀਨ ਲਗਾਤਾਰ ਰੂਸ ਦਾ ਸਾਥ ਦੇ ਰਿਹਾ ਹੈ। ਕੁੁਝ ਦਿਨ ਪਹਿਲਾਂ ਵਲਾਦੀਮੀਰ ਪੁਤਿਨ ਤੇ ਸ਼ੀ ਜਿਨਪਿੰਗ ਦੀ ਮੁਲਾਕਾਤ ਵੀ ਹੋਈ ਸੀ। ਪੁਤਿਨ ਨੇ ਯੂਕ੍ਰੇਨ ਨੂੰ ਸਪਸ਼ਟ ਕਿਹਾ ਸੀ ਕਿ ਜੇ ਉਹ ਨਾ ਮੰਨਿਆ ਤਾਂ ਰੂਸ ਆਪਣੀ ਕਾਰਵਾਈ ਤੇਜ਼ ਕਰੇਗਾ। ਮਾਹਿਰ ਅਨੁਮਾਨ ਲਾ ਰਹੇ ਸਨ ਕਿ ਇਹ ਮੁਲਾਕਾਤ ਜੰਗ ਤੋਂ ਪਹਿਲਾਂ ਜਾਣ-ਬੁੱਝ ਕੇ ਕੀਤੀ ਗਈ ਸੀ। ਰੂਸ ਨੇ ਹੁਣ ਸਪਸ਼ਟ ਕਰ ਦਿੱਤਾ ਹੈ ਕਿ ਉਹ ਪਿੱਛੇ ਨਹੀਂ ਹਟਣ ਵਾਲਾ। ਪੁਤਿਨ ਨੇ ਯੂਕ੍ਰੇਨ ਦੀ ਫੌਜ ਨੂੰ ਹਥਿਆਰ ਸੁੱਟਣ ਲਈ ਵੀ ਕਹਿ ਦਿੱਤਾ ਹੈ। ਜੇ ਅਜਿਹਾ ਹੀ ਚੱਲਦਾ ਰਿਹਾ ਤਾਂ ਇਸ ਵਿਚ ਕਈ ਦੇਸ਼ ਪੈ ਸਕਦੇ ਹਨ। ਫਿਲਹਾਲ ਭਾਰਤ ਰੂਸ ਤੇ ਯੂਕ੍ਰੇਨ ਨੂੰ ਸ਼ਾਂਤੀ ਦੀ ਅਪੀਲ ਹੀ ਕਰਦਾ ਨਜ਼ਰ ਆ ਰਿਹਾ ਹੈ।

ਇਹ ਵੀ ਪੜ੍ਹੋ: ਬੰਬ-ਧਮਾਕਿਆਂ ਨਾਲ ਦਹਿਲਿਆ ਯੂਕ੍ਰੇਨ, ਵਲਾਦੀਮੀਰ ਪੁਤਿਨ ਨੇ ਦੱਸਿਆ ਕਿਉਂ ਕੀਤਾ ਹਮਲਾ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

cherry

This news is Content Editor cherry