ਰੂਸ : ਹਜ਼ਾਰਾਂ ਟਨ ਡੀਜ਼ਲ ਹੋਇਆ ਲੀਕ, ਸਫੇਦ ਤੋਂ ਲਾਲ ਹੋਈ ਸਾਈਬੇਰੀਆ ਨਦੀ

06/05/2020 6:32:22 PM

ਮਾਸਕੋ (ਬਿਊਰੋ): ਰੂਸ ਦੇ ਸਾਈਬੇਰੀਆ ਵਿਚ ਇਕ ਪਾਵਰ ਪਲਾਂਟ ਤੋਂ 20 ਹਜ਼ਾਰ ਟਨ ਡੀਜ਼ਲ ਦੇ ਲੀਕ ਹੋਣ ਦੇ ਬਾਅਦ ਨੇੜੇ ਵਹਿਣ ਵਾਲੀ ਨਦੀ ਦਾ ਰੰਗ ਸਫੇਦ ਤੋਂ ਲਾਲ ਹੋ ਗਿਆ ਹੈ। ਇੱਥੇ ਦੱਸ ਦਈਏ ਕਿ ਇਸ ਲੀਕੇਜ ਕਾਰਨ ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਵੀਰਵਾਰ ਨੂੰ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਸਟੇਟ ਐਮਰਜੈਂਸੀ ਦਾ ਐਲਾਨ ਕੀਤਾ ਸੀ। ਜਿਹੜੇ ਪਲਾਂਟ ਤੋਂ ਤੇਲ ਦੀ ਲੀਕੇਜ ਹੋਈ ਹੈ ਉਹ ਸਾਈਬੇਰੀਆ ਦੇ ਨੋਰਲਿਸਕ ਸ਼ਹਿਰ ਵਿਚ ਸਥਿਤ ਹੈ।

ਨਦੀ ਦਾ ਬਦਲਿਆ ਰੰਗ
ਪਾਵਰ ਪਲਾਂਟ ਤੋਂ ਡੀਜ਼ਲ ਰੁੜ੍ਹ ਕੇ ਅੰਬਰਨਾਯਾ ਨਦੀ ਵਿਚ ਮਿਲ ਗਿਆ ਹੈ, ਜਿਸ ਨਾਲ ਨਦੀ ਦਾ ਰੰਗ ਬਦਲ ਗਿਆ ਹੈ। ਰੂਸੀ ਮਾਹਰ ਇਸ ਨਦੀ ਨੂੰ ਸਾਫ ਕਰਨ ਲਈ ਯੁੱਧ ਪੱਧਰ 'ਤੇ ਕੋਸ਼ਿਸ਼ ਕਰ ਰਹੇ ਹਨ। ਉੱਥੇ ਕਈ ਵਾਤਾਵਰਨ ਮਾਹਰਾਂ ਨੇ ਦਾਅਵਾ ਕੀਤਾ ਹੈ ਕਿ ਇਸ ਨਦੀ ਨੂੰ ਸਾਫ ਕਰਨ ਦੀ ਲਾਗਤ 1.16 ਬਿਲੀਅਨ ਯੂਰੋ ਤੱਕ ਪਹੁੰਚ ਸਕਦੀ ਹੈ। ਅਜਿਹਾ ਖਦਸ਼ਾ ਹੈ ਕਿ ਪ੍ਰਦੂਸ਼ਣ ਗ੍ਰੇਟ ਆਰਕਟਿਕ ਸਟੇਟ ਨੇਚਰ ਰਿਜਰਵ ਵਿਚ ਫੈਲ ਸਕਦਾ ਹੈ। ਇੱਥੇ ਦੱਸ ਦਈਏ ਕਿ ਇਸ ਰਿਜਰਵ ਵਿਚ ਪ੍ਰਦੂਸ਼ਣ ਦੇ ਪਹੁੰਚਣ ਨਾਲ ਜਲੀ ਜੀਵਨ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ।

350 ਵਰਗ ਮੀਲ ਦੇ ਖੇਤਰ ਵਿਚ ਫੈਲਿਆ ਪ੍ਰਦੂਸ਼ਣ
ਰੂਸੀ ਵਾਤਾਵਰਨ ਮਾਹਰਾਂ ਨੇ ਆਉਣ ਵਾਲੇ ਦਿਨਾਂ ਵਿਚ ਸਾਈਬੇਰੀਆ ਖੇਤਰ ਵਿਚ ਪਾਣੀ ਅਤੇ ਮਿੱਟੀ ਦੇ ਸੰਕਟ ਦਾ ਖਦਸ਼ਾ ਜ਼ਾਹਰ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਇਸ ਲੀਕੇਜ ਨਾਲ 350 ਵਰਗ ਮੀਲ ਤੋਂ ਵੱਧ ਦਾ ਖੇਤਰ ਪ੍ਰਭਾਵਿਤ ਹੈ। ਇੱਥੋਂ ਦੀ ਅੰਬਰਨਾਯਾ ਨਦੀ ਵਿਚ 15 ਹਜ਼ਾਰ ਟਨ ਪੈਟਰੋਲੀਅਮ ਉਤਪਾਦ ਮਿਲ ਗਏ ਹਨ, ਜਿਸ ਦੀ ਸਫਾਈ ਕਰਨੀ ਬਹੁਤ ਮੁਸਕਲ ਕੰਮ ਹੈ। ਇਹ ਨਦੀ ਅੱਗੇ ਜਾ ਕੇ ਇਕ ਝੀਲ ਵਿਚ ਮਿਲਦੀ ਹੈ।

ਇਸ ਕਾਰਨ ਲੀਕ ਹੋਇਆ ਡੀਜ਼ਲ
ਦੱਸਿਆ ਜਾ ਰਿਹਾ ਹੈ ਕਿ ਪਲਾਂਟ ਵਿਚ ਤੇਲ ਦੀ ਲੀਕੇਜ ਫਿਊਲ ਟੈਂਕ ਦਾ ਇਕ ਪਿੱਲਰ ਧੱਸ ਜਾਣ ਕਾਰਨ ਸ਼ੁਰੂ ਹੋਇਆ ਸੀ। ਇਹ ਟੈਂਕ ਬਰਫੀਲੀ ਸਖਤ ਜ਼ਮੀਨ 'ਤੇ ਬਣਿਆ ਹੋਇਆ ਸੀ ਜੋ ਤਾਪਮਾਨ ਵਧਣ ਦੇ ਬਾਅਦ ਪਿਘਲਣ ਲੱਗੀ। ਭਾਵੇਂਕਿ ਸਾਈਬੇਰੀਆ ਖੇਤਰ ਵਿਚ ਅਜਿਹੀ ਘਟਨਾ ਘੱਟ ਹੀ ਦੇਖਣ ਨੂੰ ਮਿਲਦੀ ਹੈ। ਇੱਥੇ ਦੱਸ ਦਈਏ ਕਿ ਇਸ ਘਟਨਾ ਦੇ ਬਾਰੇ ਵਿਚ ਕੰਪਨੀ ਨੋਰਲਿਸਕ ਨਿਕਿਲ ਵੱਲੋਂ ਹਾਲੇ ਤੱਕ ਕਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।

ਪੜ੍ਹੋ ਇਹ ਅਹਿਮ ਖਬਰ- ਪਾਕਿ 'ਚ ਕੋਵਿਡ-19 ਦੇ 4896 ਨਵੇਂ ਮਾਮਲੇ, ਮ੍ਰਿਤਕਾਂ ਦੀ ਗਿਣਤੀ ਹੋਈ 1838

ਦੋ ਦਿਨਾਂ 'ਚ ਰੁੜ੍ਹਿਆ 20 ਹਜ਼ਾਰ ਟਨ ਡੀਜ਼ਲ
ਸਾਈਬੇਰੀਆ ਦੇ ਜਿਹੜੇ ਪਲਾਂਟ ਤੋਂ ਡੀਜ਼ਲ ਦੀ ਲੀਕੇਜ ਹੋਈ ਹੈ ਉਹ ਨੋਰਲਿਸਕ ਨਿਕਿਲ ਦੀ ਇਕ ਇਕਾਈ ਹੈ। ਇਹ ਕੰਪਨੀ ਨਿਕੇਲ ਅਤੇ ਪਲੈਡੀਅਮ ਧਾਤ ਦਾ ਉਤਪਾਦਨ ਕਰਨ ਦੇ ਮਾਮੇਲ ਵਿਚ ਦੁਨੀਆ ਦੀਆਂ ਚੋਟੀ ਦੀਆਂ ਕੰਪਨੀਆਂ ਵਿਚ ਸ਼ਾਮਲ ਹੈ। ਇਸ ਕੰਪਨੀ ਵਿਚ ਤੇਲ ਦੀ ਲੀਕੇਜ ਸ਼ੁੱਕਰਵਾਰ ਤੋਂ ਹੀ ਸ਼ੁਰੂ ਹੋ ਗਈ ਸੀ ਪਰ ਰੋਕਥਾਮ ਦੇ ਲੋੜੀਂਦੇ ਉਪਾਅ ਨਾ ਹੋਣ ਕਾਰਨ ਦੋ ਦਿਨਾਂ ਵਿਚ 20 ਹਜ਼ਾਰ ਟਨ ਡੀਜ਼ਲ ਰੁੜ੍ਹ ਗਿਆ।

ਪੜ੍ਹੋ ਇਹ ਅਹਿਮ ਖਬਰ- ਚੀਨ ਥਿਯਾਨਮੇਨ ਚੌਂਕ ਕਤਲੇਆਮ ਦੇ ਪੀੜਤਾਂ ਨੂੰ ਕਰੇ ਸਨਮਾਨਿਤ : ਵ੍ਹਾਈਟ ਹਾਊਸ

Vandana

This news is Content Editor Vandana