16 ਨੂੰ ਯੂਕ੍ਰੇਨ ’ਤੇ ਹਮਲਾ ਕਰ ਸਕਦੈ ਰੂਸ, ਪੁਤਿਨ-ਬਾਈਡੇਨ ਵਿਚਾਲੇ 62 ਮਿੰਟ ਤਕ ਹੋਈ ਗੱਲਬਾਤ ਰਹੀ ਬੇਨਤੀਜਾ

02/13/2022 10:05:16 AM

ਵਾਸ਼ਿੰਗਟਨ (ਏ. ਐੱਨ. ਆਈ.)- ਅਮਰੀਕਾ ਨੇ ਖੁਫੀਆ ਜਾਣਕਾਰੀ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ 16 ਫਰਵਰੀ ਨੂੰ ਯੂਕ੍ਰੇਨ ’ਤੇ ਹਮਲਾ ਕਰਨ ਦੀ ਯੋਜਨਾ ਬਣਾ ਰਹੇ ਹਨ। ਰਿਪੋਰਟ ਮੁਤਾਬਕ ਉਕਤ ਜਾਣਕਾਰੀ ਮਿਲਣ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਪੁਤਿਨ ਨੂੰ ਫੋਨ ਕਰ ਕੇ ਜੰਗ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ। ਉਥੇ, ਅਧਿਕਾਰੀਆਂ ਵਲੋਂ ਯੂਕ੍ਰੇਨ ’ਤੇ ਰੂਸੀ ਹਮਲੇ ਦਾ ਖਤਰਾ ਪ੍ਰਗਟਾਏ ਜਾਣ ਦਰਮਿਆਨ ਅਮਰੀਕਾ ਯੂਕ੍ਰੇਨ ’ਚ ਆਪਣੇ ਦੂਤਘਰ ਨੂੰ ਖਾਲੀ ਕਰਨ ਦੀ ਤਿਆਰੀ ਕਰ ਰਿਹਾ ਹੈ। ਵਿਦੇਸ਼ ਮੰਤਰਾਲਾ ਨੇ ਪਹਿਲਾਂ ਯੂਕ੍ਰੇਨ ਵਿਚ ਅਮਰੀਕੀ ਦੂਤਘਰ ਦੇ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਦੇਸ਼ ਛੱਡਣ ਦਾ ਹੁਕਮ ਦਿੱਤਾ ਸੀ।

ਇਹ ਵੀ ਪੜ੍ਹੋ: ਅਮਰੀਕੀ ਸਰਹੱਦ 'ਤੇ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਲਈ ਪਹੁੰਚੀ ਕੈਨੇਡੀਅਨ ਪੁਲਸ, ਪਈਆਂ ਭਾਜੜਾਂ

ਇਸਦੇ ਨਾਲ ਹੀ ਉੱਤਰ ਅਟਲਾਂਟਿਕ ਸਮਝੌਤਾ ਸੰਗਠਨ (ਨਾਟੋ) ਸਹਿਯੋਗੀਆਂ ਦੇ ਪ੍ਰਤੀ ਅਮਰੀਕੀ ਵਚਨਬੱਧਤਾ ਨੂੰ ਦਰਸਾਉਂਦੇ ਹੋਏ ਪੈਂਟਾਗਨ ਪੋਲੈਂਡ ਵਿਚ 3,000 ਫੌਜੀ ਬਲਾਂ ਨੂੰ ਭੇਜ ਰਿਹਾ ਹੈ। ਪੋਲੈਂਡ ਵਿਚ 1,700 ਫੌਜੀ ਪਹਿਲਾਂ ਤੋਂ ਹੀ ਤਾਇਨਾਤ ਹਨ। ਅਮਰੀਕਾ ਦੇ ਇਕ ਸੀਨੀਅਰ ਰੱਖਿਆ ਅਧਿਕਾਰੀ ਨੇ ਦੱਸਿਆ ਕਿ ਇਹ ਵਾਧੂ ਫੌਜੀ ਅਗਲੇ ਕੁਝ ਦਿਨਾਂ ਵਿਚ ਉੱਤਰ ਕੈਰੋਲਾਈਨਾ ਦੇ ਫੋਰਡ ਬ੍ਰੈਗ ਤੋਂ ਰਵਾਨਾ ਹੋਣਗੇ ਅਤੇ ਅਗਲੇ ਹਫਤੇ ਦੀ ਸ਼ੁਰੂਆਤ ਤੱਕ ਪੋਲੈਂਡ ਵਿਚ ਹੋਣਗੇ। ਇਨ੍ਹਾਂ ਫੌਜੀਆਂ ਦਾ ਮਿਸ਼ਨ ਟਰੇਨਿੰਗ ਦੇਣਾ ਹੋਵੇਗਾ ਅਤੇ ਹਮਲੇ ਨੂੰ ਰੋਕਣਾ ਹੋਵੇਗਾ, ਪਰ ਉਹ ਯੂਕ੍ਰੇਨ ਵਿਚ ਲੜਾਈ ਵਿਚ ਸ਼ਾਮਲ ਨਹੀਂ ਹੋਣਗੇ।

ਇਹ ਵੀ ਪੜ੍ਹੋ: ਕੈਨੇਡਾ-ਅਮਰੀਕਾ ਸਰਹੱਦੀ ਪੁਲ 'ਤੇ ਵਿਰੋਧ ਪ੍ਰਦਰਸ਼ਨ ਜਾਰੀ, ਅਦਾਲਤ ਨੇ ਦਿੱਤੇ ਸਖ਼ਤ ਹੁਕਮ

ਯੂਕਰੇਨ ਸੰਕਟ ’ਤੇ ਪੁਤਿਨ-ਬਾਈਡੇਨ ਵਿਚਾਲੇ 62 ਮਿੰਟ ਤਕ ਹੋਈ ਗੱਲ
ਯੂਕਰੇਨ ਸੰਕਟ ਦੇ ਵਿਚ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਅਤੇ ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਵਿਚਾਲੇ 62 ਮਿੰਟ ਤੱਕ ਗੱਲਬਾਤ ਹੋਈ ਪਰ ਕੋਈ ਨਤੀਜਾ ਨਹੀਂ ਨਿਕਲ ਸਕਿਆ। ਬਾਈਡੇਨ ਨੇ ਰੂਸ ਦੇ ਰਾਸ਼ਟਰਪਤੀ ਨਾਲ ਯੂਕਰੇਨ ਬਾਰਡਰ ’ਤੇ ਇੱਕ ਲੱਖ ਤੋਂ ਜ਼ਿਆਦਾ ਸੈਨਿਕਾਂ ਦੇ ਜਮਾਵੜੇ ਨੂੰ ਹਟਾਉਣ ਲਈ ਸ਼ਨੀਵਾਰ ਨੂੰ ਫਿਰ ਕਿਹਾ, ਨਾਲ ਹੀ ਰੂਸ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਹ ਯੂਕਰੇਨ ’ਤੇ ਹਮਲਾ ਕਰਦਾ ਹੈ ਤਾਂ ਅਮਰੀਕਾ ਅਤੇ ਉਸਦੇ ਸਾਥੀ ਮਜ਼ਬੂਤੀ ਨਾਲ ਜਵਾਬ ਦੇਣਗੇ ਅਤੇ ਉਸਨੂੰ ਇਸਦੀ ਭਾਰੀ ਕੀਮਤ ਚੁਕਾਉਣੀ ਪਵੇਗੀ।

ਇਹ ਵੀ ਪੜ੍ਹੋ: ਭਾਰਤੀ ਮੂਲ ਦੇ ਪੁਲਸ ਅਧਿਕਾਰੀ ਨੀਲ ਬਾਸੂ ਬਣ ਸਕਦੇ ਹਨ ਲੰਡਨ ਦੇ ਅਗਲੇ ਪੁਲਸ ਕਮਿਸ਼ਨਰ

ਨਿਊਜ਼ੀਲੈਂਡ ਨੇ ਆਪਣੇ ਨਾਗਰਿਕਾਂ ਨੂੰ ਯੂਕ੍ਰੇਨ ਛੱਡਣ ਦੀ ਦਿੱਤੀ ਨਸੀਹਤ
ਨਿਊਜ਼ੀਲੈਂਡ ਦੀ ਵਿਦੇਸ਼ ਮੰਤਰੀ ਨਾਨਾਯਾ ਮਹੁਤਾ ਨੇ ਯੂਕ੍ਰੇਨ ਵਿਚ ਰਹਿਣ ਵਾਲੇ ਨਿਊਜ਼ੀਲੈਂਡ ਦੇ ਲੋਕਾਂ ਨੂੰ ਜਲਦੀ ਤੋਂ ਜਲਦੀ ਦੇਸ਼ ਛੱਡਣ ਦੀ ਨਸੀਹਤ ਦਿੱਤੀ ਹੈ ਕਿਉਂਕਿ ਯੂਕ੍ਰੇਨ ਅਤੇ ਰੂਸ ਵਿਚਾਲੇ ਸੰਘਰਸ਼ ਦਾ ਮੁੱਦਾ ਗਰਮਾਇਆ ਹੋਇਆ ਹੈ। ਸ਼੍ਰੀ ਮਹੁਤਾ ਨੇ ਆਪਣੇ ਇਕ ਬਿਆਨ ਵਿਚ ਕਿਹਾ ਕਿ ਰੂਸ ਅਤੇ ਯੂਕ੍ਰੇਨ ਦਰਮਿਆਨ ਵਧਦੇ ਤਣਾਅ ਦੇ ਮੱਦੇਨਜ਼ਰ ਨਿਊਜ਼ੀਲੈਂਡ ਦੀ ਸਰਕਾਰ ਨੇ ਯੂਕ੍ਰੇਨ ਵਿਚ ਰਹਿਣ ਵਾਲੇ ਨਿਊਜ਼ੀਲੈਂਡ ਦੇ ਨਾਗਰਿਕਾਂ ਨੂੰ ਤੁਰੰਤ ਉਥੋਂ ਨਿਕਲਣ ਦੀ ਅਪੀਲ ਕੀਤੀ ਹੈ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

 

cherry

This news is Content Editor cherry