ਰੂਸ ਨੇ ਪਹਿਲੀ ਵਾਰ ਮੰਨਿਆ, ਯੂਕ੍ਰੇਨ ਨਾਲ ਹੋਈ ਜੰਗ 'ਚ ਮਾਰੇ ਗਏ 6000 ਸੈਨਿਕ

09/22/2022 12:11:05 PM

ਨੈਸ਼ਨਲ ਡੈਸਕ : ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕ੍ਰੇਨ ਦੇ ਨਾਲ ਕਰੀਬ ਸੱਤ ਮਹੀਨੇ ਤੋਂ ਜਾਰੀ ਯੁੱਧ ਦੇ ਦੌਰਾਨ ਆਪਣੇ ਦੇਸ਼ ਵਿੱਚ ਸੈਨਿਕਾਂ ਦੀ ਅੰਸ਼ਕ ਤਾਇਨਾਤੀ ਦਾ ਐਲਾਨ ਕੀਤਾ ਹੈ। ਇਸੇ ਦੇ ਨਾਲ ਹੀ ਪੱਛਮ ਨੂੰ ਚਿਤਾਵਨੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਰੂਸ ਆਪਣੇ ਖੇਤਰ ਦੀ ਰੱਖਿਆ ਲਈ ਹਰ ਸੰਭਵ ਕੋਸ਼ਿਸ਼ ਕਰੇਗਾ ਅਤੇ ਇਹ ਕੋਈ ਕੋਰੀ ਬਿਆਨਬਾਜ਼ੀ ਨਹੀਂ ਹੈ। ਅਧਿਕਾਰੀਆਂ ਨੇ ਦੱਸਿਆ ਕਿ 300,000 'ਰਿਜ਼ਰਵਿਸਟ' (ਰਿਜ਼ਰਵਡ ਸਿਪਾਹੀਆਂ) ਦੀ ਅੰਸ਼ਕ ਤਾਇਨਾਤੀ ਦੀ ਯੋਜਨਾ ਬਣਾਈ ਗਈ ਹੈ। ਯੂਕ੍ਰੇਨ ਨਾਲ ਹੋਈ ਜੰਗ ਦੌਰਾਨ 6 ਮਹੀਨਿਆਂ 'ਚ ਰੂਸ ਦੇ 6000 ਸੈਨਿਕ ਮਾਰੇ ਗਏ ਹਨ, ਜਿਸ ਦੀ ਜਾਣਕਾਰੀ ਰੂਸ ਨੇ ਦਿੱਤੀ ਹੈ। ਰੂਸ ਦੇ ਮੁਤਾਬਕ ਸੰਘਰਸ਼ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 5,937 ਰੂਸੀ ਸੈਨਿਕ ਮਾਰੇ ਜਾ ਚੁੱਕੇ ਹਨ।

ਰਿਜ਼ਰਵਿਸਟ ਅਜਿਹਾ ਵਿਅਕਤੀ ਹੁੰਦਾ ਹੈ, ਜੋ 'ਮਿਲਟਰੀ ਰਿਜ਼ਰਵ ਫੋਰਸ' ਦਾ ਮੈਂਬਰ ਹੁੰਦਾ ਹੈ। ਇਹ ਇੱਕ ਆਮ ਨਾਗਰਿਕ ਹੈ ਪਰ ਲੋੜ ਪੈਣ 'ਤੇ ਇਸ ਨੂੰ ਕਿਤੇ ਵੀ ਤਾਇਨਾਤ ਕੀਤਾ ਜਾ ਸਕਦਾ ਹੈ। ਸ਼ਾਂਤੀ ਦੇ ਸਮੇਂ ਵਿਚ ਇਹ ਫੌਜ ਵਿਚ ਸੇਵਾ ਨਹੀਂ ਕਰਦਾ। ਰੂਸੀ ਰਾਸ਼ਟਰਪਤੀ ਨੇ ਟੈਲੀਵਿਜ਼ਨ ਦੇ ਰਾਹੀਂ ਦੇਸ਼ ਨੂੰ ਸੰਬੋਧਨ ਕੀਤਾ। ਉਸਦੇ ਇਸ ਸੰਬੋਧਨ ਦੇ ਠੀਕ ਇੱਕ ਦਿਨ ਪਹਿਲਾਂ ਦੱਖਣੀ ਅਤੇ ਪੂਰਬੀ ਯੂਕ੍ਰੇਨ ਦੇ ਰੂਸ ਦੇ ਕਬਜ਼ੇ ਵਾਲੇ ਖੇਤਰਾਂ ਨੇ ਘੋਸ਼ਣਾ ਕੀਤੀ ਕਿ ਉਹ ਰੂਸ ਦਾ ਅਨਿੱਖੜਵਾਂ ਅੰਗ ਬਣਨ ਲਈ ਵੋਟਿੰਗ ਕਰਨ ਦੀ ਯੋਜਨਾ ਬਣਾ ਰਹੇ ਹਨ। ਪੁਤਿਨ ਨੇ ਕਿਹਾ ਕਿ ‘ਅਸੀਂ ਸਿਰਫ ਅੰਸ਼ਕ ਤਾਇਨਾਤੀ ਦੀ ਗੱਲ ਕਰ ਰਹੇ ਹਾਂ। ਅਜਿਹੇ ਨਾਗਰਿਕ ਜੋ ਰਿਜ਼ਰਵ ਵਿੱਚ ਹਨ, ਲਾਜ਼ਮੀ ਤੌਰ 'ਤੇ ਤਾਇਨਾਤ ਕੀਤੇ ਜਾਣਗੇ। ਇੱਥੋਂ ਤੱਕ ਕਿ ਜਿਹੜੇ ਲੋਕ ਪਹਿਲਾਂ ਹਥਿਆਰਬੰਦ ਸੈਨਾਵਾਂ ਵਿੱਚ ਸੇਵਾ ਕਰ ਚੁੱਕੇ ਹਨ, ਉਨ੍ਹਾਂ ਕੋਲ ਤਜਰਬਾ ਅਤੇ ਹੁਨਰ ਹੈ।

rajwinder kaur

This news is Content Editor rajwinder kaur