ਰੂਸ ''ਚ ਲੱਖ ਨੇੜੇ ਪਹੁੰਚੀ ਕੋਰੋਨਾ ਮਰੀਜ਼ਾਂ ਦੀ ਗਿਣਤੀ, ਪੁਤਿਨ ਬੋਲੇ, ''ਹਾਲਾਤ ਬਹੁਤ ਖਰਾਬ''

04/29/2020 9:01:28 PM

ਮਾਸਕੋ- ਰੂਸ ਵਿਚ ਕੋਰੋਨਾ ਵਾਇਰਸ ਕਾਰਣ ਹਾਲਾਤ ਹੁਣ ਵਿਗੜਣ ਲੱਗੇ ਹਨ। ਰੂਸ ਵਿਚ ਪਿਛਲੇ 24 ਘੰਟਿਆਂ ਦੌਰਾਨ ਇਨਫੈਕਸ਼ਨ ਦੇ ਤਕਰੀਬਨ 6 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ ਹਨ। ਇਹਨਾਂ ਨਾਲ ਦੇਸ਼ ਵਿਚ ਇਨਫੈਕਟਡ ਮਰੀਜ਼ਾਂ ਦੀ ਗਿਣਤੀ ਇਕ ਲੱਖ ਦੇ ਨੇੜੇ ਪਹੁੰਚ ਗਈ ਹੈ। 24 ਘੰਟਿਆਂ ਦੌਰਾਨ 108 ਲੋਕਾਂ ਦੀ ਮੌਤ ਤੋਂ ਬਾਅਦ ਕੋਰੋਨਾ ਮਹਾਮਾਰੀ ਨਾਲ ਜਾਨ ਗੁਆਉਣ ਵਾਲਿਆਂ ਦੀ ਗਿਣਤੀ 972 ਹੋ ਗਈ ਹੈ। ਮ੍ਰਿਤਕਾਂ ਵਿਚ ਅੱਧੀ ਗਿਣਤੀ ਰਾਜਧਾਨੀ ਮਾਸਕੋ ਦੇ ਨਿਵਾਸੀਆਂ ਦੀ ਹੈ। ਵਿਗੜਦੇ ਹਾਲਾਤ ਦੇ ਕਾਰਣ ਮੰਗਲਵਾਰ ਨੂੰ ਰਾਸ਼ਟਰ ਦੇ ਨਾਂ ਸੰਬੋਧਨ ਵਿਚ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਲਾਕਡਾਊਨ ਨੂੰ ਦੋ ਹਫਤੇ ਹੋਰ ਵਧਾਉਣ ਦਾ ਐਲਾਨ ਕੀਤਾ।

ਰਾਸ਼ਟਰਪਤੀ ਪੁਤਿਨ ਨੇ ਦੇਸ਼ਵਾਸੀਆਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਹਾਲਾਤ ਬਹੁਤ ਗੰਭੀਰ ਹਨ। ਦੇਸ਼ ਵਿਚ ਮਹਾਮਾਰੀ ਦਾ ਚੋਟੀ 'ਤੇ ਪਹੁੰਚਣਾ ਅਜੇ ਬਾਕੀ ਹੈ। ਫਿਲਹਾਲ ਅਸੀਂ ਇਨਫੈਕਸ਼ਨ ਦੇ ਸਭ ਤੋਂ ਤੇਜ਼ ਪੜਾਅ ਦਾ ਸਾਹਮਣਾ ਕਰ ਰਹੇ ਹਾਂ। ਪੁਤਿਨ ਨੇ ਮਾਰਚ ਦੇ ਅਖੀਰ ਵਿਚ ਲਾਕਡਾਊਨ ਦਾ ਐਲਾਨ ਕੀਤਾ ਸੀ, ਜਿਸ ਦੇ ਪਹਿਲੇ ਪੜਾਅ ਦੀ ਮਿਆਦ ਵੀਰਵਾਰ ਨੂੰ ਪੂਰੀ ਹੋਣੀ ਸੀ। ਰੂਸ ਵਿਚ ਮ੍ਰਿਤਕਾਂ ਦੀ ਤਾਦਾਦ ਚਾਹੇ ਹੀ ਘੱਟ ਹੋਵੇ, ਪਰ ਇਨਫੈਕਟਡ ਮਰੀਜ਼ਾਂ ਦੇ ਮਾਮਲੇ ਵਿਚ ਉਸ ਨੇ ਚੀਨ ਤੇ ਈਰਾਨ ਨੂੰ ਪਿੱਛੇ ਛੱਡ ਦਿੱਤਾ ਹੈ। ਦੂਜੇ ਪਾਸੇ ਯੂਰਪੀ ਦੇਸ਼ ਸਪੇਨ ਵਿਚ ਪਿਛਲੇ 24 ਘੰਟਿਆਂ ਦੌਰਾਨ 325 ਲੋਕਾਂ ਦੀ ਮੌਤ ਹੋਈ ਹੈ। ਇਕ ਦਿਨ ਪਹਿਲਾਂ ਇਥੇ 301 ਲੋਕਾਂ ਦੀ ਮੌਤ ਹੋਈ ਸੀ।

ਸਪੇਨ ਵਿਚ ਮਹਾਮਾਰੀ ਕਾਰਣ 24 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਨਫੈਕਟਡ ਮਰੀਜ਼ਾਂ ਦੀ ਗਿਣਤੀ ਦੋ ਲੱਖ 32 ਹਜ਼ਾਰ ਤੋਂ ਵਧੇਰੇ ਹੋ ਗਈ ਹੈ। ਸਪੇਨ ਤੋਂ ਜ਼ਿਆਦਾ ਇਨਫੈਕਸ਼ਨ ਦੇ ਮਾਮਲੇ ਅਮਰੀਕਾ ਵਿਚ ਹਨ। ਪ੍ਰਧਾਨ ਮੰਤਰੀ ਪੈਡ੍ਰੋ ਸਾਂਚੇਜ਼ ਨੇ ਮੰਗਲਵਾਰ ਨੂੰ ਲਾਕਡਾਊਨ ਤੋਂ ਬਾਹਰ ਆਉਣ ਦੀ ਯੋਜਨਾ ਜਨਤਾ ਦੇ ਸਾਹਮਣੇ ਰੱਖੀ। ਪੇਸ਼ ਯੋਜਨਾ ਮੁਤਾਬਕ ਲੋਕ ਸ਼ਨੀਵਾਰ ਤੋਂ ਕਸਰਤ ਦੇ ਲਈ ਬਾਹਰ ਜਾਣ ਦੇ ਨਾਲ ਹੀ ਵਾਲ ਕਟਾਉਣ ਤੇ ਦੂਜੀਆਂ ਵਿਅਕਤੀਗਤ ਸੁਵਿਧਾਵਾਂ ਦਾ ਲਾਭ ਲੈ ਸਕਣਗੇ। ਜ਼ਿਆਦਾਤਰ ਸਥਾਨਾਂ 'ਤੇ ਦੁਕਾਨਾਂ 11 ਮਈ ਨੂੰ ਖੁੱਲ੍ਹਣਗੀਆਂ ਪਰ ਆਊਟਡੋਰ ਕੈਫੇ ਤੇ ਬਾਰ ਇਕ ਤਿਹਾਈ ਕਰਮਚਾਰੀਆਂ ਦੇ ਨਾਲ ਕੰਮ ਕਰਨ ਦੇ ਲਈ ਸੁਤੰਤਰ ਹੋਣਗੇ।

Baljit Singh

This news is Content Editor Baljit Singh