ਰੂਸ ''ਚ ''ਆਈਸ ਮੈਰਾਥਨ'' ਦਾ ਆਯੋਜਨ, 23 ਦੇਸ਼ਾਂ ਦੇ ਖਿਡਾਰੀ ਹੋਏ ਸ਼ਾਮਲ

03/26/2019 1:45:29 PM

ਮਾਸਕੋ (ਏਜੰਸੀ)— ਰੂਸ ਵਿਚ ਹਰੇਕ ਸਾਲ 'ਆਈਸ ਮੈਰਾਥਨ' ਦਾ ਆਯੋਜਨ ਕੀਤਾ ਜਾਂਦਾ ਹੈ। ਇਸ ਮੈਰਾਥਨ ਦਾ ਆਯੋਜਨ ਬੈਕਾਲ ਝੀਲ ਵਿਚ ਕੀਤਾ ਜਾਂਦਾ ਹੈ। ਇੱਥੇ ਦੱਸ ਦਈਏ ਕਿ ਬੈਕਾਲ ਝੀਲ ਦੁਨੀਆ ਵਿਚ ਸਾਫ ਪਾਣੀ ਦੀ ਸਭ ਤੋਂ ਵੱਡੀ ਝੀਲ ਹੈ। ਇਸ ਮੈਰਾਥਨ ਦਾ ਆਯੋਜਨ ਝੀਲ ਦੇ ਪਾਣੀ ਦੇ ਜੰਮ ਜਾਣ ਦੇ ਬਾਅਦ ਕੀਤਾ ਜਾਂਦਾ ਹੈ। ਇਸ ਵਾਰ ਹੋਈ ਮੈਰਾਥਨ ਵਿਚ 23 ਦੇਸ਼ਾਂ ਦੇ 127 ਖਿਡਾਰੀਆਂ ਨੇ ਹਿੱਸਾ ਲਿਆ। ਇਸ ਵਿਚ 97 ਪੁਰਸ਼ ਅਤੇ 30 ਮਹਿਲਾ ਖਿਡਾਰੀ ਸਨ। 

ਪੁਰਸ਼ ਵਰਗ ਵਿਚ ਰੂਸ ਦੇ ਐਂਟੋਨ ਡੋਲਗੋਵ ਚੈਂਪੀਅਨ ਬਣੇ। ਮਾਸਕੋ ਦੇ ਆਈ.ਟੀ. ਕਾਰਜਕਾਰੀ 44 ਸਾਲ ਦੇ ਡੋਲਗੋਵ ਨੇ 42 ਕਿਲੋਮੀਟਰ ਦਾ ਮੈਰਾਥਨ ਪੂਰਾ ਕਰਨ ਵਿਚ 3 ਘੰਟੇ 5 ਮਿੰਟ 5 ਸੈਕੰਡ ਦਾ ਸਮਾਂ ਲਿਆ। ਉੱਥੇ ਮਹਿਲਾ ਵਰਗ ਵਿਚ ਰੂਸ ਦੀ ਏਕੇਤਰਿਨਾ ਲਿਕਾਸ਼ੇਵਾ ਜੇਤੂ ਰਹੀ। ਉਨ੍ਹਾਂ ਨੇ 3 ਘੰਟੇ 49 ਮਿੰਟ 30 ਸੈਕੰਡ ਵਿਚ ਇਹ ਆਈਸ ਮੈਰਾਥਨ ਪੂਰੀ ਕੀਤੀ। 

ਏਕੇਤਰਿਨਾ ਨੇ ਆਖਰੀ ਕੁਝ ਮੀਟਰ ਦੀ ਦੂਰੀ ਗੋਡਿਆਂ ਭਾਰ ਪੂਰੀ ਕੀਤੀ। ਇਸ ਦੌਰਾਨ ਉਸ ਦਾ ਪਤੀ ਅਤੇ ਬੇਟਾ ਉਸ ਦਾ ਹੱਥ ਫੜੇ ਹੋਏ ਸਨ। ਬਰਫ 'ਤੇ ਹੋਣ ਵਾਲੀ ਇਹ ਦੁਨੀਆ ਦੀ ਸਭ ਤੋਂ ਤੇਜ਼ ਮੈਰਾਥਨ ਹੈ। ਮੈਰਾਥਨ ਦੇ ਦਿਨ 10 ਹੋਵਰਕ੍ਰਾਫਟ ਦੀ ਮਦਦ ਨਾਲ ਸਾਰੇ ਖਿਡਾਰੀ ਝੀਲ ਦੇ ਸ਼ੁਰੂਆਤੀ ਪੁਆਇੰਟ ਤੱਕ ਪਹੁੰਚਦੇ ਹਨ। ਇਹ ਮੈਰਾਥਨ ਦੁਨੀਆ ਦੀਆਂ 50 ਸਭ ਤੋਂ ਮੁਸ਼ਕਲ ਦੌੜਾਂ ਵਿਚੋਂ ਇਕ ਹੈ। 

ਇਸ ਖਾਸ ਉਦੇਸ਼ ਨਾਲ ਸ਼ੁਰੂ ਹੋਈ ਮੈਰਾਥਨ
ਮੈਰਾਥਨ ਦੇ ਬਾਨੀ ਏਲੇਕਸੇ ਪੀ ਨਿਕੀਫੋਰੇਵ ਨੇ ਦੱਸਿਆ,''ਬੈਕਾਲ ਝੀਲ ਨੂੰ ਯੂਨੈਸਕੋ ਨੇ ਵਰਲਡ ਹੈਰੀਟੇਜ ਮਤਲਬ ਵਿਸ਼ਵ ਵਿਰਾਸਤ ਦਾ ਦਰਜਾ ਦਿੱਤਾ ਹੈ। ਦੁਨੀਆ ਵਿਚ ਸਾਫ ਪਾਣੀ ਦੀ ਗੰਭੀਰ ਸਮੱਸਿਆ ਹੈ। ਅਸੀਂ ਸਾਫ ਪਾਣੀ ਦੀ ਸੁਰੱਖਿਆ ਨੂੰ ਵਧਾਵਾ ਦੇਣ ਲਈ ਸਾਲ 2005 ਵਿਚ ਆਈਸ ਮੈਰਾਥਨ ਸ਼ੁਰੂ ਕਰਨ ਦਾ ਫੈਸਲਾ ਲਿਆ ਸੀ।''

Vandana

This news is Content Editor Vandana