ਰੂਸ ਨੇ ਫੇਸਬੁੱਕ ਅਤੇ ਟੈਲੀਗ੍ਰਾਮ ’ਤੇ ਲਗਾਇਆ ਜੁਰਮਾਨਾ

06/11/2021 1:25:20 PM

ਮਾਸਕੋ (ਭਾਸ਼ਾ) : ਰੂਸ ਦੇ ਅਧਿਕਾਰੀਆਂ ਨੇ ਪਾਬੰਦੀਸ਼ੁਦਾ ਸਮੱਗਰੀ ਹਟਾਉਣ ਵਿਚ ਕਥਿਤ ਤੌਰ ’ਤੇ ਅਸਫ਼ਲਤਾ ਦੇ ਚੱਲਦੇ ਫੇਸਬੁੱਕ ਅਤੇ ਟੈਲੀਗ੍ਰਾਮ ਐਪ ਨੂੰ ਜੁਰਮਾਨਾ ਲਗਾਇਆ ਹੈ। ਇਸ ਕਦਮ ਨੂੰ ਦੇਸ਼ ਵਿਚ ਰਾਜਨੀਤਕ ਨਾਰਾਜ਼ਗੀ ਦੌਰਾਨ ਸੋਸ਼ਲ ਮੀਡੀਆ ਮੰਚਾਂ ਨੂੰ ਕੰਟਰੋਲ ਕਰਨ ਦੀਆਂ ਸਰਕਾਰ ਦੀਆਂ ਵੱਧਦੀਆਂ ਕੋਸ਼ਿਸ਼ਾਂ ਦਾ ਹਿੱਸਾ ਮੰਨਿਆ ਜਾ ਸਕਦਾ ਹੈ। ਮਾਸਕੋ ਦੀ ਅਦਾਲਤ ਨੇ ਵੀਰਵਾਰ ਨੂੰ ਫੇਸਬੁੱਕ ’ਤੇ 1.7 ਕਰੋੜ ਰੂਬਲ ਅਤੇ ਟੈਲੀਗ੍ਰਾਮ ’ਤੇ 1 ਕਰੋੜ ਰੂਬਲ ਦਾ ਜੁਰਮਾਨਾ ਲਗਾਇਆ। ਦੋਵੇਂ ਮੰਚ ਕਿਸ ਪ੍ਰਕਾਰ ਦੀ ਸਮੱਗਰੀ ਨੂੰ ਹਟਾਉਣ ਵਿਚ ਅਸਮਰਥ ਰਹੇ, ਇਸ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।

ਇਹ ਵੀ ਪੜ੍ਹੋ: ਪਾਕਿਸਤਾਨ: ਬੱਸ ਹਾਦਸੇ ’ਚ 18 ਲੋਕਾਂ ਦੀ ਮੌਤ, 30 ਜ਼ਖ਼ਮੀ

ਹਾਲ ਦੇ ਹਫ਼ਤਿਆਂ ਵਿਚ ਦੋਵਾਂ ਮੰਚਾਂ ’ਤੇ ਦੂਜੀ ਵਾਰ ਜੁਰਮਾਨਾ ਲਗਾਇਆ ਗਿਆ ਹੈ। ਇਸ ਤੋਂ ਪਹਿਲਾਂ 24 ਮਈ ਨੂੰ ਰੂਸੀ ਅਧਿਕਾਰੀਆਂ ਨੇ ਗੈਰ-ਕਾਨੂੰਨੀ ਸਮਝੀ ਜਾਣ ਵਾਲੀ ਸਮੱਗਰੀ ਨਾ ਹਟਾਉਣ ਦੇ ਮਾਮਲੇ ਵਿਚ ਫੇਸਬੁੱਕ ’ਤੇ 2.6 ਕਰੋੜ ਰੂਬਲ ਦਾ ਜੁਰਮਾਨਾ ਲਗਾਇਆ ਗਿਆ ਸੀ। ਉਥੇ ਹੀ ਇਕ ਮਹੀਨਾ ਪਹਿਲਾਂ ਪ੍ਰਦਰਸ਼ਨਾਂ ਦੀ ਮੰਗ ਵਾਲੀ ਸਮੱਗਰੀ ਨਾ ਹਟਾਉਣ ਲਈ ਟੈਲੀਗ੍ਰਾਮ ’ਤੇ 50 ਲੱਖ ਰੂਬਲ ਦਾ ਜੁਰਮਾਨਾ ਲਗਾਇਆ ਗਿਆ ਸੀ। ਇਸ ਸਾਲ ਦੀ ਸ਼ੁਰੂਆਤ ਵਿਚ ਰੂਸ ਦੀ ਸਰਕਾਰੀ ਸੰਚਾਰ ਨਿਗਰਾਨੀ ਸੰਸਥਾ ‘ਰੋਸਕੋਮਨਾਡਜ਼ੋਰ’ ਨੇ ਟਵਿਟਰ ਨੂੰ ਗੈਰ-ਕਾਨੂੰਨੀ ਸਮੱਗਰੀ ਹਟਾਉਣ ਵਿਚ ਕਥਿਤ ਤੌਰ ’ਤੇ ਅਸਫ਼ਲ ਰਹਿਣ ਦੇ ਮਾਮਲੇ ਵਿਚ ਪਾਬੰਦੀ ਲਗਾਉਣ ਦੀ ਧਮਕੀ ਦਿੱਤੀ ਸੀ। ਅਧਿਕਾਰੀਆਂ ਨੇ ਕਿਹਾ ਸੀ ਕਿ ਮੰਚ ਬੱਚਿਆਂ ਨੂੰ ਖ਼ੁਦਕੁਸ਼ੀ ਲਈ ਪ੍ਰੇਰਿਤ ਕਰਨ ਵਾਲੀ ਸਮੱਗਰੀ, ਨਸ਼ੀਲੇ ਪਦਾਰਥ ਅਤੇ ‘ਚਾਈਲਡ ਪੋਰਨੋਗ੍ਰਾਫੀ’ ਨਾਲ ਜੁੜੀ ਜਾਣਕਾਰੀ ਨੂੰ ਹਟਾਉਣ ਵਿਚ ਅਸਫ਼ਲ ਰਿਹਾ ਹੈ।

ਇਹ ਵੀ ਪੜ੍ਹੋ: ਚੀਨੀ ਯੂਨੀਵਰਸਿਟੀ ਨੇ ਵਿਦਿਆਰਥੀਆਂ ਨੂੰ ਲੁਭਾਉਣ ਲਈ ਦਿੱਤਾ ਸਰੀਰਕ ਸਬੰਧ ਬਣਾਉਣ ਦਾ ਆਫ਼ਰ

cherry

This news is Content Editor cherry