ISS ''ਤੇ 6 ਮਹੀਨੇ ਰਹਿਣ ਦੇ ਬਾਅਦ ਧਰਤੀ ''ਤੇ ਪਰਤੇ 3 ਪੁਲਾੜ ਯਾਤਰੀ

04/17/2020 6:21:33 PM

ਮਾਸਕੋ (ਬਿਊਰੋ): ਅੰਤਰਰਾਸ਼ਟਰੀ ਸਪੇਸ ਸਟੇਸ਼ਨ (ਆਈ.ਐੱਸ.ਐੱਸ.) 'ਤੇ 6 ਮਹੀਨੇ ਤੱਕ ਰਹਿਣ ਦੇ ਬਾਅਦ 3 ਪੁਲਾੜ ਯਾਤਰੀ ਸ਼ੁੱਕਰਵਾਰ ਸਵੇਰੇ ਧਰਤੀ 'ਤੇ ਪਰਤ ਆਏ ਹਨ। ਰੂਸ ਦੀ ਇਹ ਸੋਯੂਜ ਜਹਾਜ਼ ਤਿੰਨੇ ਯਾਤਰੀਆਂ ਨੂੰ ਲੈਕੇ ਸ਼ੁੱਕਰਵਾਰ ਸਵੇਰੇ ਕਜ਼ਾਕਿਸਤਾਨ ਦੇ ਦੇ ਝੇਜ਼ਕਜਾਨ ਇਲਾਕੇ ਵਿਚ ਉਤਰਿਆ। ਸੋਯੂਜ ਦੀ ਇਹ ਲੈਂਡਿੰਗ ਅਪੋਲੋ-13 ਮਿਸ਼ਨ ਦੀ ਅਸਫਲਤਾ ਦੇ ਠੀਕ 50 ਸਾਲਾਂ ਬਾਅਦ ਹੋਈ। ਇਹ ਸਾਰੇ ਰੂਸੀ ਜਹਾਜ਼ ਸੋਯੂਜ ਐੱਮ.ਐੱਸ-15 ਤੋਂ ਆਏ ਹਨ। 62ਵੀਂ ਮੁਹਿੰਮ ਵਿਚ ਨਾਸਾ ਨੇ ਪੁਲਾੜ ਯਾਤਰੀ ਜੇਸਿਕਾ ਮੇਯਰ, ਐਂਡਰਿਊ ਮੋਰਗਨ ਅਤੇ ਰੂਸੀ ਪੁਲਾੜ ਯਾਤਰੀ ਓਲੇਗ ਸਕਰੀਪੋਚਕਾ ਸ਼ਾਮਲ ਸਨ।

ਤਿੰਨੇ ਪੁਲਾੜ ਯਾਤਰੀ ਆਪਣੀ ਮੁਹਿੰਮ ਖਤਮ ਕਰਨ ਦੇ ਬਾਅਦ ਵੀਰਵਾਰ ਸ਼ਾਮ ਨੂੰ ਸੋਯੂਜ ਐੱਮ.ਐੱਸ-15 ਜਹਾਜ਼ ਜ਼ਰੀਏ ਧਰਤੀ ਲਈ ਰਵਾਨਾ ਹੋਏ। ਇਹੀ ਜਹਾਜ਼ 25 ਸਤੰਬਰ 2019 ਨੂੰ ਉਹਨਾਂ ਨੂੰ ਆਈ.ਐੱਸ.ਐੱਸ. ਲੈ ਕੇ ਗਿਆ ਸੀ। ਆਈ.ਐੱਸ.ਐੱਸ. 'ਤੇ ਰਹਿੰਦੇ ਹੋਏ ਇਹਨਾਂ ਤਿੰਨਾਂ ਨੇ ਜੀਵ ਵਿਗਿਆਨ, ਬਾਇਓਤਕਨਾਲੋਜੀ, ਭੌਤਿਕ ਵਿਗਿਆਨ ਅਤੇ ਧਰਤੀ ਵਿਗਿਆਨ ਨੂੰ ਲੈ ਕੇ ਸੂਖਮ ਗੁਰਤਾ ਆਕਰਸ਼ਣ ਪ੍ਰਯੋਗਸ਼ਾਲਾ ਦੇ ਅੰਦਰ ਹਜ਼ਾਰਾਂ ਪ੍ਰਯੋਗ ਕੀਤੇ। ਉਹ ਇਹਨਾਂ ਕੰਮਾਂ ਨੂੰ ਅਗਲੇ (63ਵੀਂ ਮੁਹਿੰਮ) ਕਰੂ ਮੈਂਬਰਾਂ ਨੂੰ ਸੌਂਪ ਦੇਣਗੇ। 

ਹੁਣ ਮਈ ਦੇ ਮੱਧ ਵਿਚ ਸਪੇਸਐਕਸ ਦੇ ਡੀ.ਐੱਮ2 (ਜਿਸ ਨੂੰ ਡੇਮੋ 2 ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ) ਦਾ ਕਰੂ ਡ੍ਰੈਗਨ ਉਡਾਣ ਭਰੇਗਾ। ਜਿਸ ਦੇ ਜ਼ਰੀਏ ਨਾਸਾ ਦੇ ਪੁਲਾੜ ਯਾਤਰੀ ਡਾਉਗ ਹਰਲੇ ਅਤੇ ਰੌਬਰਟ ਬੇਹਨਕੇਨ 6 ਹਫਤੇ ਤੋਂ 3 ਮਹੀਨੇ ਤੱਕ ਆਈ.ਐੱਸ.ਐੱਸ. ਵਿਚ ਰਹਿਣਗੇ। ਡੈਮੋ-2 ਨੂ ਮੂਲ ਰੂਪ ਨਾਲ ਕਰੂ ਡ੍ਰੈਗਨ ਦੀ ਇਕ ਛੋਟੀ ਪਰੀਖਣ ਉਡਾਣ ਦੇ ਰੂਪ ਵਿਚ ਬਣਾਇਆ ਗਿਆ ਸੀ। ਭਾਵੇਂਕਿ ਕਈ ਕਾਰਕਾਂ ਨੇ ਮਿਸ਼ਨ ਨੂੰ ਇਕ ਤੋਂ ਹਫਤੇ ਦੀ ਉਡਾਣ ਤੋਂ ਵਧਾ ਕੇ 6 ਹਫਤੇ ਤੋਂ 3 ਮਹੀਨੇ ਤੱਕ ਦੀ ਉਡਾਣ ਵਧਾਉਣ ਦਾ ਕੰਮ ਕੀਤਾ ਹੈ।

ਮੇਯਰ ਦੀ ਇਹ ਪਹਿਲੀ ਅਤੇ ਇਤਿਹਾਸਿਕ ਪੁਲਾੜ ਯਾਤਰਾ ਸੀ। ਉਹਨਾਂ ਨੇ ਆਪਣੇ ਸਾਥੀ ਅਤੇ ਦੋਸਤ ਨਾਸਾ ਦੀ ਪੁਲਾੜ ਯਾਤਰੀ ਕ੍ਰਿਸਟੀਨੀ ਕੋਚ ਦੇ ਨਾਲ ਮਿਲ ਕੇ ਪਹਿਲੀ ਮਹਿਲਾ ਸਪੇਸਵਾਕ ਦਾ ਸੰਚਾਲਨ ਕੀਤਾ। ਜਿਸ ਵਿਚ ਉਹਨਾਂ ਨੇ ਪੁਲਾੜ ਸਟੇਸ਼ਨ ਦੇ ਪਾਵਰ ਨੈੱਟਵਰਕ ਦੀ ਇਕ ਖਰਾਬ ਬੈਟਰੀ ਨੂੰ ਠੀਕ ਕਰਨ ਲਈ ਆਈ.ਐੱਸ.ਐੱਸ. ਦੇ ਬਾਹਰ  7 ਘੰਟੇ ਅਤੇ 17 ਮਿੰਟ ਦਾ ਸਮਾਂ ਬਿਤਾਇਆ। 

ਜਾਣੋ ਆਈ.ਐੱਸ.ਐੱਸ ਦੇ ਕੰਮ ਦੇ ਬਾਰੇ 'ਚ
ਆਈ.ਐੱਸ.ਐੱਸ਼. ਇਕ ਪੁਲਾੜ ਗੱਡੀ ਹੈ ਜੋ ਧਰਤੀ ਦੇ ਹੇਠਲੇ ਪੰਧ ਵਿਚ ਸਥਿਤ ਹੈ। ਇਹ 5 ਦੇਸ਼ਾਂ ਦਾ ਪ੍ਰਾਜੈਕਟ ਹੈ ਜਿਸ ਵਿਚ ਅਮਰੀਕਾ, ਰੂਸ , ਜਾਪਾਨ, ਯੂਰਪ ਅਤੇ ਕੈਨੇਡਾ ਸ਼ਾਮਲ ਹਨ। ਇਸ ਦਾ ਕੰਮ ਟੈਸਟਿੰਗ ਕਰਨਾ ਹੁੰਦਾ ਹੈ। ਇਹ ਟੈਸਟਿੰਗ ਉਹਨਾਂ ਸਪੇਸਕ੍ਰਾਫਟ ਸਿਸਟਮ ਅਤੇ ਸਾਮਾਨ ਦੀ ਹੁੰਦੀ ਹੈ ਜੋ ਚੰਨ ਅਤੇ ਮੰਗਲ ਗ੍ਰਹਿ 'ਤੇ ਜਾਣ ਲਈ ਜ਼ਰੂਰੀ ਹੁੰਦੇ ਹਨ।


 

Vandana

This news is Content Editor Vandana