ਪ੍ਰੈਸ ਦੀ ਆਜ਼ਾਦੀ ''ਤੇ ਇਮਰਾਨ ਦੇ ਬਿਆਨ ਨੂੰ RSF ਨੇ ਦੱਸਿਆ ''ਬੇਸ਼ਰਮੀ''

08/03/2019 2:41:34 AM

ਇਸਲਾਮਾਬਾਦ - ਮੀਡੀਆ ਦੇ ਮਾਮਲਿਆਂ 'ਤੇ ਨਜ਼ਰ ਰੱਖਣ ਵਾਲੀ ਗਲੋਬਲ ਸੰਸਥਾ ਰਿਪੋਰਟਸ ਵਿਦਆਊਟ ਬਾਰਡਰਸ (ਆਰ. ਐੱਸ. ਐੱਫ.) ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਮੀਡੀਆ ਦੀ ਆਜ਼ਾਦੀ ਨੂੰ ਲੈ ਕੇ ਦਿੱਤੇ ਗਏ ਬਿਆਨ ਦੀ ਨਿੰਦਾ ਕੀਤੀ ਹੈ।

ਇਮਰਾਨ ਨੇ ਆਪਣੀ ਅਮਰੀਕਾ ਯਾਤਰਾ ਦੌਰਾਨ ਸਵਾਲਾਂ ਦੇ ਜਵਾਬ 'ਚ ਕਿਹਾ ਸੀ ਕਿ ਪਾਕਿਸਤਾਨ 'ਚ ਮੀਡੀਆ 'ਤੇ ਕੋਈ ਪਾਬੰਦੀ ਨਹੀਂ ਹੈ ਅਤੇ ਇਹ ਪੂਰੀ ਤਰ੍ਹਾਂ ਨਾਲ ਆਜ਼ਾਦ ਹੈ। ਉਨ੍ਹਾਂ ਨੇ ਇਥੋਂ ਤੱਕ ਕਿਹਾ ਸੀ ਕਿ ਇਹ ਕਹਿਣਾ ਇਕ ਮਜ਼ਾਕ ਹੈ ਕਿ ਪਾਕਿਸਤਾਨ 'ਚ ਮੀਡੀਆ 'ਤੇ ਰੋਕ ਹੈ। ਇਮਰਾਨ ਨੇ ਕਿਹਾ ਸੀ ਕਿ ਪਾਕਿਸਤਾਨੀ ਮੀਡੀਆ, ਬ੍ਰਿਟੇਨ ਦੀ ਮੀਡੀਆ ਤੋਂ ਵੀ ਜ਼ਿਆਦਾ ਆਜ਼ਾਦ ਹੈ ਅਤੇ ਸੱਚ ਤਾਂ ਇਹ ਹੈ ਕਿ ਇਹ ਕੁਝ ਜ਼ਿਆਦਾ ਹੀ ਆਜ਼ਾਦ ਹੈ।

ਪਾਕਿਸਤਾਨੀ ਮੀਡੀਆ ਦੀ ਰਿਪੋਰਟ ਮੁਤਾਬਕ, ਆਪਣੀ ਪ੍ਰਤੀਕਿਰਿਆ 'ਚ ਆਰ. ਐੱਸ. ਐੱਫ. ਜਨਰਲ ਸਕੱਤਰ ਕ੍ਰਿਸਟੋਫ ਡੇਲੋਏਰੇ ਨੇ ਇਮਰਾਨ ਨੂੰ ਸੰਬੋਧਿਤ ਕਰਦੇ ਹੋਏ ਲਿੱਖਿਆ ਕਿ ਇਹ ਸਾਫ ਹੈ ਕਿ ਜਾਂ ਤਾਂ ਤੁਹਾਨੂੰ ਨਾ ਦੇ ਬਰਾਬਰ ਜਾਣਕਾਰੀ ਦਿੱਤੀ ਗਈ ਹੈ ਅਤੇ ਜੇਕਰ ਅਜਿਹਾ ਹੈ ਤਾਂ ਤੁਸੀਂ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਤੁਰੰਤ ਹਟਾ ਦਿਓ ਜਾਂ ਫਿਰ ਤੁਸੀਂ ਜਾਣ ਬੁਝ ਕੇ ਤੱਥਾਂ ਨੂੰ ਲੁਕਾ ਰਹੇ ਹੋ ਜੋ ਕਿ ਤੁਹਾਡੇ ਜ਼ਿੰਮੇਵਾਰ ਅਹੁਦੇ ਨੂੰ ਦੇਖਦੇ ਹੋਏ ਇਕ ਗੰਭੀਰ ਗੱਲ ਹੈ।

ਆਰ. ਐੱਸ. ਐੱਫ. ਜਨਰਲ ਸਕੱਤਰ ਨੇ ਕਿਹਾ ਕਿ ਇਮਰਾਨ ਦਾ ਇਹ ਆਖਣਾ 'ਬੇਸ਼ਰਮੀ' ਜਿਹਾ ਹੀ ਹੈ ਕਿ ਪਾਕਿਸਤਾਨ 'ਚ ਪ੍ਰੈੱਸ ਦੀ ਆਜ਼ਾਦੀ ਪਰਵਾਨ ਚੱੜ ਰਹੀ ਹੈ। ਉਨ੍ਹਾਂ ਨੇ ਇਮਰਾਨ ਤੋਂ ਅਪੀਲ ਕੀਤੀ ਹੈ ਕਿ ਉਹ ਪਾਕਿਸਤਾਨੀ ਪੱਤਰਕਾਰਾਂ ਨੂੰ ਆਪਣੀ ਪੇਸ਼ਾਗਤ ਜ਼ਿੰਮੇਵਾਰੀਆਂ ਪੂਰੀਆਂ ਸੁਰੱਖਿਆ ਅਤੇ ਆਜ਼ਾਦੀ ਦੇ ਨਾਲ ਨਿਭਾਉਣ ਦੇਣ। ਜੁਲਾਈ 'ਚ ਇਮਰਾਨ ਸਰਕਾਰ ਨੇ ਮੀਡੀਆ 'ਤੇ ਸਖਤ ਪ੍ਰਹਾਰ ਕਰਦੇ ਹੋਏ ਨਿੰਦਾਯੋਗ ਕਵਰੇਜ਼ ਨੂੰ ਦੇਸ਼ਧ੍ਰੋਹ ਜਿਹਾ ਦੱਸਣ ਤੋਂ ਵੀ ਪਰਹੇਜ਼ ਨਹੀਂ ਕੀਤਾ ਸੀ।

Khushdeep Jassi

This news is Content Editor Khushdeep Jassi