ਆਸਟ੍ਰੇਲੀਆ ''ਚ ਕਰਵਾਈਆਂ ਜਾ ਰਹੀਆਂ ਨੇ ਖਾਸ ਖੇਡਾਂ, ਸ਼ਾਹੀ ਜੋੜੇ ਨੇ ਕੀਤੀ ਸ਼ਿਰਕਤ

10/20/2018 3:35:56 PM

ਸਿਡਨੀ(ਏਜੰਸੀ)— ਆਸਟ੍ਰੇਲੀਆ ਦੇ ਦੌਰੇ 'ਤੇ ਆਏ ਸ਼ਾਹੀ ਜੋੜੇ ਨੇ ਇੱਥੇ ਇਨਵਿਕਟਸ ਗੇਮਜ਼ ਦੇ ਸਮਾਗਮ 'ਚ ਪੁੱਜ ਕੇ ਜ਼ਖਮੀ ਫੌਜੀਆਂ ਦਾ ਹੌਸਲਾ ਵਧਾਇਆ ਜੋ ਜੰਗ ਸਮੇਂ ਜ਼ਖਮੀ ਹੋ ਗਏ ਸਨ। ਸ਼ਾਹੀ ਪਰਿਵਾਰ ਦੇ ਪ੍ਰਿੰਸ ਹੈਰੀ ਅਤੇ ਮੇਗਨ ਮਰਕਲ ਨੇ ਫੌਜੀਆਂ ਦੀ ਬਹਾਦਰੀ ਦੀ ਸਿਫਤ ਕੀਤੀ। ਇਨ੍ਹਾਂ ਖੇਡਾਂ ਦੀ ਓਪਨਿੰਗ ਸੈਰੇਮਨੀ 'ਚ ਸ਼ਾਹੀ ਜੋੜੇ ਨੇ ਸ਼ਿਰਕਤ ਕੀਤੀ। ਖਰਾਬ ਮੌਸਮ ਕਾਰਨ ਖੇਡਾਂ ਨੂੰ ਇਕ ਘੰਟੇ ਦੀ ਦੇਰੀ ਨਾਲ ਖੇਡਿਆ ਜਾਣਾ ਹੈ।


ਇਸ ਕੌਮਾਂਤਰੀ ਖੇਡ ਇਵੈਂਟ 'ਚ 500 ਤੋਂ ਵਧੇਰੇ ਖਿਡਾਰੀ ਹਿੱਸਾ ਲੈ ਰਹੇ ਹਨ, ਜੋ 18 ਦੇਸ਼ਾਂ ਤੋਂ ਆਏ ਹੋਏ ਹਨ। ਇੱਥੇ ਨਿਸ਼ਾਨੇਬਾਜ਼ੀ, ਪਾਵਰਲਿਫਟਿੰਗ, ਰੋਡ ਸਾਇਕਲਿੰਗ, ਸੇਲਿੰਗ, ਬੈਠ ਕੇ ਖੇਡਣ ਵਾਲੀ ਵਾਲੀਵਾਲ, ਵ੍ਹੀਲ ਚੇਅਰ ਬਾਸਕਟਬਾਲ ਅਤੇ ਰਗਬੀ ਵਰਗੀਆਂ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਬ੍ਰਿਟਿਸ਼ ਫੌਜ ਨਾਲ ਜੁੜੇ ਰਹੇ ਇਨ੍ਹਾਂ ਜ਼ਖਮੀ ਫੌਜੀਆਂ ਲਈ ਪਹਿਲਾਂ ਵੀ ਬ੍ਰਿਟੇਨ ਵਲੋਂ ਕੋਈ ਨਾ ਕੋਈ ਸਮਾਗਮ ਕਰਵਾਇਆ ਜਾਂਦਾ ਰਿਹਾ ਹੈ। ਖਿਡਾਰੀਆਂ ਨੇ ਦੱਸਿਆ ਕਿ ਉਹ ਖੇਡਾਂ 'ਚ ਹਿੱਸਾ ਲੈਂਦੇ ਹਨ ਅਤੇ ਆਪਣੇ ਆਪ ਨੂੰ ਹਰ ਸਮੇਂ ਤੰਦਰੁਸਤ ਮਹਿਸੂਸ ਕਰਦੇ ਹਨ।

ਉਨ੍ਹਾਂ ਕਿਹਾ ਕਿ ਸਾਨੂੰ ਖੁਸ਼ੀ ਹੈ ਇਸ ਤਰ੍ਹਾਂ ਦੇ ਇਵੈਂਟ ਖਾਸ ਉਨ੍ਹਾਂ ਲਈ ਰੱਖੇ ਜਾਂਦੇ ਹਨ। ਤੁਹਾਨੂੰ ਦੱਸ ਦਈਏ ਕਿ ਸ਼ਾਹੀ ਜੋੜੇ ਦਾ ਆਸਟ੍ਰੇਲੀਆ 'ਚ ਅੱਜ 5ਵਾਂ ਦਿਨ ਹੈ ਅਤੇ ਹਰ ਰੋਜ਼ ਉਹ ਕੋਈ ਨਾ ਕੋਈ ਖਾਸ ਪ੍ਰੋਗਰਾਮ 'ਚ ਹਿੱਸਾ ਲੈ ਰਹੇ ਹਨ ਅਤੇ ਆਪਣੇ ਫੈਨਜ਼ ਨੂੰ ਵੀ ਮਿਲ ਰਹੇ ਹਨ।